ਨਿਊਯਾਰਕ/ਭੁਲੱਥ, 24 ਫਰਵਰੀ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਦੇ ਸੂਬੇ ਟੈਕਸਾਸ ’ਚ ਵਾਪਰੇ ਇਕ ਸੜਕ ਹਾਦਸੇ ਦੌਰਾਨ ਇਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮਿ੍ਰਤਕ ਦੀ ਪਛਾਣ 29 ਸਾਲਾ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ, ਜਿਸ ਦਾ ਪਿਛੋਕੜ ਭੁਲੱਥ ਤਹਿਸੀਲ ਦੇ ਪਿੰਡ ਮਕਸੂਦਪੁਰ ਜ਼ਿਲ੍ਹਾ (ਕਪੂਰਥਲਾ) ਨਾਲ ਸੰਬੰਧਤ ਹੈ।
ਮਿ੍ਰਤਕ ਡਰਾਈਵਰ ਗੁਰਪ੍ਰੀਤ ਸਿੰਘ ਦੇ ਪਿਤਾ, ਸਤਨਾਮ ਸਿੰਘ ਨੇ ਭਰੇ ਮੰਨ ਨਾਲ ਦੱਸਿਆ ਕਿ ਉਸ ਦਾ ਬੇਟਾ ਗੁਰਪ੍ਰੀਤ ਸਿੰਘ ਰੋਜ਼ੀ-ਰੋਟੀ ਦੀ ਖਾਤਰ ਸੰਨ 2010 ’ਚ ਅਮਰੀਕਾ ਗਿਆ ਸੀ ਤੇ ਉਥੇ ਕੈਲੀਫੋਰਨੀਆ ਦੇ ਫੰਨਟੈਨਾ ਸ਼ਹਿਰ ਵਿਚ ਰਹਿ ਰਿਹਾ ਸੀ ਅਤੇ ਟਰਾਲਾ ਚਲਾਉਦਾ ਸੀ। ਟੈਕਸਾਸ ’ਚ ਬੀਤੇ ਦਿਨੀਂ ਉਹ ਟਰਾਲਾ ਲੋਡ ਕਰਕੇ ਵਾਪਸ ਕੈਲੀਫੋਰਨੀਆ ਨੂੰ ਵਾਪਸ ਆ ਰਿਹਾ ਸੀ ਕਿ ਰਸਤੇ ’ਚ ਅਚਾਨਕ ਕਿਸੇ ਕਾਰਨ ਉਸ ਦਾ ਟਰਾਲਾ ਪਲਟ ਗਿਆ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪਰਿਵਾਰ ਨੂੰ ਇਹ ਜਾਣਕਾਰੀ ਉਨ੍ਹਾਂ ਦੇ ਅਮਰੀਕਾ ’ਚ ਹੀ ਰਹਿੰਦੇ ਦੂਜੇ ਬੇਟੇ ਤਲਵਿੰਦਰ ਸਿੰਘ ਨੇ ਦਿੱਤੀ। ਉਕਤ ਨੌਜਵਾਨ ਅਜੇ ਅਮਰੀਕਾ ’ਚ ਕੱਚਾ ਸੀ। ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਸਿੰਘ ਦੀ ਮਿ੍ਰਤਕ ਦੇਹ ਪਿੰਡ ਲਿਆਉਣ ’ਤੇ ਉਸਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਪਿਤਾ ਸਤਨਾਮ ਸਿੰਘ ਨੇ ਦੱਸਿਆ ਕਿ ਬੇਟਾ ਗੁਰਪ੍ਰੀਤ ਬਹੁਤ ਹੀ ਸਾਊ, ਨੇਕ ਤੇ ਮਿਲਾਪੜੇ ਸੁਭਾਅ ਵਾਲਾ ਸੀ। ਵਿਦੇਸ਼ ’ਚ ਰਹਿੰਦਿਆਂ ਵੀ ਉਸ ਨੇ ਆਪਣੇ ਸਿੱਖੀ ਸਰੂਪ ਨੂੰ ਵੀ ਕਾਇਮ ਰੱਖਿਆ ਸੀ। ਉਹ ਮਿਹਨਤ-ਮਜ਼ਦੂਰੀ ਕਰਨ ਦੇ ਨਾਲ ਸਮਾਜ ਸੇਵਾ ਖੇਤਰ ਵਿਚ ਵੀ ਆਪਣੀਆਂ ਸੇਵਾਵਾਂ ਦਿੰਦਾ ਰਹਿੰਦਾ ਸੀ। ਹਾਲ ਹੀ ਵਿਚ ਉਸ ਨੇ 4.5 ਲੱਖ ਦੀ ਸੇਵਾ ਦਿੱਲੀ ਸੰਘਰਸ਼ ਕਰ ਹਰੇ ਕਿਸਾਨਾਂ ਲਈ ਵੱਖ-ਵੱਖ ਬਾਰਡਰਾਂ ’ਤੇ ਭੇਜੇ ਸਨ। ਗੁਰਪ੍ਰੀਤ ਸਿੰਘ ਦੀ ਇਸ ਬੇਵਕਤ ਮੌਤ ਦਾ ਸੁਣ ਕੇ ਪੂਰੇ ਇਲਾਕੇ ’ਚ ਸੋਗ ਦੀ ਲਹਿਰ ਹੈ।