ਟੇਲੈਂਟ ਸ਼ੋਅ ਆਫ ਪੰਜਾਬੀ ਕਲਚਰ ਦੌਰਾਨ ਫਰਿਜ਼ਨੋ ‘ਚ ਪੰਜਾਬੀ ਮੁੰਡੇ-ਕੁੜੀਆਂ ਨੇ ਵਿਖਾਏ ਜੌਹਰ

40

ਫਰਿਜ਼ਨੋ, 7 ਦਸੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)-ਫਰਿਜ਼ਨੋ ਦੇ ਟਾਵਰ ਥੀਏਟਰ ਵਿਚ ਪੰਜਾਬੀ ਫਿਲਮਾਂ ਦੀ ਮਸ਼ਹੂਰ ਹੀਰੋਇਨ ਕਿਮੀ ਵਰਮਾ ਵੱਲੋਂ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨੂੰ ਪ੍ਰਮੋਟ ਕਰਨ ਲਈ ਟੇਲੈਂਟ ਸ਼ੋਅ ਆਫ ਪੰਜਾਬੀ ਕਲਚਰ ਨਾਮੀ ਸ਼ੋਅ ਕਰਵਾਇਆ ਗਿਆ। ਇਸ ਦੌਰਾਨ ਪੰਜਾਬੀਆਂ ਨਾਲ ਖਚਾਖਚ ਭਰੇ ਹਾਲ ਦੌਰਾਨ ਪੰਜਾਬੀਆਂ ਨੇ ਆਪਣੇ ਫ਼ਨ ਦਾ ਮੁਜ਼ਾਹਰਾ ਕਰਦਿਆਂ ਹਰ ਇੱਕ ਨੂੰ ਪੰਜਾਬੀਅਤ ਦੇ ਰੰਗ ਵਿਚ ਰੰਗਿਆ। ਸਟੇਜ ਦੀ ਸ਼ੁਰੂਆਤ ‘ਤੇ ਭਾਵੁਕ ਹੁੰਦਿਆਂ ਕਿਮੀ ਵਰਮਾ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਸਭਨਾਂ ਨੂੰ ਨਿੱਘੀ ਜੀ ਆਇਆਂ ਆਖਕੇ ਕੀਤੀ। ਉਪਰੰਤ ਛੋਟੇ ਸਾਹਿਬਜ਼ਾਦੇ ਫ਼ਿਲਮ ਦੇ ਗੀਤ ਨੇ ਹਰ ਇੱਕ ਅੱਖ ਨਮ ਕਰ ਦਿੱਤੀ। ਇਸ ਗੀਤ ਨੂੰ ਤ੍ਰਿਪਤਜੀਤ ਕੌਰ ਨੇ ਰੂਹ ਨਾਲ ਗਾਇਆ। ਰਾਇਲ ਟਰਬਨ ਵਾਲੇ ਵੀਰ ਨੇ ਪੱਗ ਦੀ ਮਹਾਨਤਾ ਬਾਰੇ ਦੱਸਦਿਆਂ ਸਟੇਜ ਤੋਂ ਪੱਗ ਬੰਨ੍ਹਣੀ ਸਿਖਾਈ। ਉਪਰੰਤ ਛੋਟੇ ਬੱਚਿਆਂ ਦੀ ਮਨਮੋਹਕ ਪ੍ਰਫਾਰਮੈਂਸਾਂ ਨੇ ਸਭਨਾਂ ਦੇ ਮਨ ਮੋਹ ਲਏ। ਬਰਾਇਡਲ ਸ਼ੋਅ ਦੌਰਾਨ ਸਜ-ਧਜਕੇ ਆਈਆ ਮੁਟਿਆਰਾਂ ਨੇ ਸਟੇਜ ਨੂੰ ਹੋਰ ਵੀ ਚਾਰ ਚੰਨ੍ਹ ਲਾ ਦਿੱਤੇ। ਇਕੱਲੀ-ਇਕੱਲੀ ਮੁਟਿਆਰ ਨੇ ਪੂਰਾ ਤਾਣਕੇ ਲਾਕੇ ਆਪੋ-ਆਪਣੀ ਆਈਟਮ ਨੂੰ ਬਾਖੂਬੀ ਨਿਭਾਇਆ। ਤਰਨਜੀਤ ਕੌਰ ਕਲੇਰ ਨੇ ਆਪਣੀ ਟੀਮ ਨਾਲ ਸਿੰਮੀ ਨਾਚ ਨੱਚਕੇ ਸਭਨਾਂ ਨੂੰ ਝੂਮਣ ਲਾ ਦਿੱਤਾ। ਜੀ.ਐੱਚ.ਜੀ. ਡਾਂਸ ਐਂਡ ਸੰਗੀਤ ਅਕੈਡਮੀ ਦੇ ਬੱਚਿਆਂ ਨੇ ਭੰਗੜੇ ਅਤੇ ਗਿੱਧੇ ਦੇ ਖ਼ੂਬ ਜੌਹਰ ਵਿਖਾਏ। ਪੱਪੀ ਭਦੌੜ ਨੇ ਇੱਕ ਗੀਤ ਰਾਹੀਂ ਹਾਜ਼ਰੀ ਲਵਾਈ। ਕਿਮੀ ਵਰਮਾ ਨੇ ਜੀ.ਐੱਚ.ਜੀ. ਭੰਗੜੇ ਦੀ ਟੀਮ ਨਾਲ ਆਪਣੀ ਬਾਕਾਮ ਪੇਸ਼ਕਾਰੀ ਕਰਕੇ ਹਾਲ ਤਾੜੀਆਂ ਨਾਲ ਗੂੰਜਣ ਲਾ ਦਿੱਤਾ। ਭੰਗੜਾ ਕੋਚ ਜਸਪ੍ਰੀਤ ਸਿੱਧੂ ਦੀ ਅਦਾਕਾਰੀ ਦੀ ਹਰ ਕੋਈ ਤਰੀਫ਼ ਕਰਦਾ ਨਜ਼ਰ ਆਇਆ। ਅਖੀਰ ਵਿਚ ਭੰਗੜਾ ਕਿੰਗ ਸਰਬਜੀਤ ਚੀਮਾ ਨੇ ਆਪਣੇ ਨਵੇਂ-ਪੁਰਾਣੇ ਗੀਤਾਂ ਛਹਿਬਰ ਨਾਲ ਪੰਜਾਬੀਆਂ ਨੂੰ ਨੱਚਣ ਲਾ ਦਿੱਤਾ। ਢੇਸੀ ਪਰਿਵਾਰ ਦੀਆਂ ਸਕਿੰਟਾਂ ਨੇ ਦਰਸ਼ਕਾਂ ਦਾ ਖੂਬ ਧਿਆਨ ਖਿੱਚਿਆ। ਅਖੀਰ ਵਿਚ ਸਭਨਾਂ ਨੂੰ ਸਪਾਂਸਰਾਂ ਵੱਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਪੱਪੀ ਭਦੌੜ, ਬਿੱਟੂ ਦੇਵਗਨ ਅਤੇ ਜ਼ੋਰੇ ਢੋਲੀ ਦੇ ਮਿਊਜ਼ੀਕਲ ਗਰੁੱਪ ਦੀ ਹਰ ਕੋਈ ਤਰੀਫ਼ ਕਰਦਾ ਨਜ਼ਰ ਆਇਆ। ਸਟੇਜ ਸੰਚਾਲਨ ਜੋਤ ਰਣਜੀਤ ਕੌਰ ਅਤੇ ਸਨੀ ਬੱਬਰ ਨੇ ਬਾਖੂਬੀ ਕੀਤਾ। ਅਖੀਰ ਅਮਿੱਟ ਪੈੜਾਂ ਛੱਡਦਾ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ।