ਟੀ-20 ਮਹਿਲਾ ਏਸ਼ੀਆ ਕੱਪ ’ਚ ਭਾਰਤ ਨੇ ਸ੍ਰੀਲੰਕਾ ਨੂੰ 41 ਦੌੜਾਂ ਨਾਲ ਹਰਾਇਆ

76
ਭਾਰਤੀ ਬੱਲੇਬਾਜ਼ ਜੈਮੀਮਾ ਰੌਡਰਿਗਜ਼ ਮੈਚ ਸ਼ਾਟ ਖੇਡਦੀ ਹੋਈ।
Share

-ਜੈਮੀਮਾ ਰੌਡਰਿਗਜ਼ ‘ਪਲੇਅਰ ਆਫ ਦਿ ਮੈਚ’ ਚੁਣੀ
ਸਿਲਹਟ (ਬੰਗਲਾਦੇਸ਼), 1 ਅਕਤੂਬਰ (ਪੰਜਾਬ ਮੇਲ)- ਭਾਰਤੀ ਮਹਿਲਾ ਕਿ੍ਰਕਟ ਟੀਮ ਨੇ ਜੈਮੀਮਾ ਰੌਡਰਿਗਜ਼ ਦੇ ਸ਼ਾਨਦਾਰ ਅਰਧ ਸੈਂਕੜੇ (76 ਦੌੜਾਂ) ਸਦਕਾ ਇੱਥੇ ਸ੍ਰੀਲੰਕਾ ਨੂੰ 41 ਦੌੜਾਂ ਨਾਲ ਹਰਾ ਕੇ ਮਹਿਲਾ ਏਸ਼ੀਆ ਕੱਪ ਟੀ-20 ਵਿਚ ਜੇਤੂ ਸ਼ੁਰੂਆਤ ਕੀਤੀ ਹੈ। ਭਾਰਤੀ ਮਹਿਲਾ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ ਵਿਚ 6 ਵਿਕਟਾਂ ਗੁਆ ਕੇ 150 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿਚ ਸ੍ਰੀਲੰਕਾ ਦੀ ਟੀਮ 109 ਦੌੜਾਂ ’ਤੇ ਸਿਮਟ ਗਈ। ਭਾਰਤੀ ਟੀਮ ਦੇ ਕੁੱਲ ਸਕੋਰ ’ਚ ਜੈਮੀਮਾ ਰੌਡਰਿਗਜ਼ ਨੇ 76 ਦੌੜਾਂ ਦਾ ਯੋਗਦਾਨ ਦਿੱਤਾ। ਆਪਣੀ ਪਾਰੀ ਦੌਰਾਨ ਜੈਮੀਮਾ ਨੇ 11 ਚੌਕੇ ਅਤੇ ਇੱਕ ਛੱਕਾ ਮਾਰਿਆ। ਇਹ ਉਸ ਦੇ ਕੌਮਾਂਤਰੀ ਕਰੀਅਰ ਦੀ ਸਰਵੋਤਮ ਪਾਰੀ ਹੈ। ਕਪਤਾਨ ਹਰਮਨਪ੍ਰੀਤ ਕੌਰ ਨੇ 33, ਹੇਮਲਤਾ ਨੇ 13 ਅਤੇ ਸ਼ੈਫਾਲੀ ਵਰਮਾ ਨੇ 10 ਦੌੜਾਂ ਬਣਾਈਆਂ। ਸ੍ਰੀਲੰਕਾ ਵੱਲੋਂ ਗੇਂਦਬਾਜ਼ ਓ. ਰਾਣਾਸਿੰਘੇ ਨੇ 3 ਵਿਕਟਾਂ ਹਾਸਲ ਕੀਤੀਆਂ, ਜਦਕਿ ਚਮਾਰੀ ਅੱਟਾਪੱਟੂ ਤੇ ਐੱਸ. ਕੁਮਾਰੀ ਨੂੰ ਇੱਕ-ਇੱਕ ਵਿਕਟ ਮਿਲੀ। ਜਿੱਤ ਲਈ ਟੀਚੇ ਦਾ ਪਿੱਛਾ ਕਰਦਿਆਂ ਸ੍ਰੀਲੰਕਾ ਦੀ ਮਹਿਲਾ ਕਿ੍ਰਕਟ ਟੀਮ 18.2 ਓਵਰਾਂ ਵਿਚ ਸਿਰਫ 109 ਦੌੜਾਂ ’ਤੇ ਆਊਟ ਹੋ ਗਈ। ਟੀਮ ਵੱਲੋਂ ਸਿਰਫ ਤਿੰਨ ਬੱਲੇਬਾਜ਼ ਹਸਿਨੀ ਪਰੇਰਾ (30 ਦੌੜਾਂ), ਹਰਸ਼ਿਤਾ ਮਦਾਵੀ (26 ਦੌੜਾਂ) ਅਤੇ ਓਸ਼ਾਦੀ ਰਣਸਿੰਘੇ (11 ਦੌੜਾਂ) ਹੀ ਦਹਾਈ ਦੇ ਅੰਕੜੇ ਤੱਕ ਪਹੁੰਚ ਸਕੀਆਂ। ਭਾਰਤ ਵੱਲੋਂ ਦਿਆਲਨ ਹੇਮਲਤਾ ਨੇ 3 ਜਦਕਿ ਦੀਪਤੀ ਸ਼ਰਮਾ ਤੇ ਪੂਜਾ ਵਸਤਰਾਕਾਰ ਨੇ 2-2 ਵਿਕਟਾਂ ਲਈਆਂ। ਰਾਧਾ ਯਾਦਵ ਨੂੰ ਇੱਕ ਵਿਕਟ ਮਿਲੀ। ਸ਼ਾਨਦਾਰ ਪ੍ਰਦਰਸ਼ਨ ਲਈ ਜੈਮੀਮਾ ਰੌਡਰਿਗਜ਼ ‘ਪਲੇਅਰ ਆਫ ਦਿ ਮੈਚ’ ਚੁਣੀ ਗਈ।

Share