ਟੀ.ਵੀ. ਤੇ ਰੇਡੀਓ ਪੇਸ਼ਕਾਰ ਸਵਰਨ ਟਹਿਣਾ ਅਤੇ ਹਰਮਨ ਥਿੰਦ ਹੋਰਾਂ ਦੀ ਮਹਿਮਾਨ ਨਿਵਾਜ਼ੀ ਜਾਰੀ

802

ਸਮੁੰਦਰੋ ਪਾਰ-ਮੀਡੀਆ ਪਰਿਵਾਰ – ਘਰ ਦੇ ਅੰਦਰ ਘਰ ਦੇ ਬਾਹਰ
ਔਕਲੈਂਡ, 26 ਮਈ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਵੱਖ-ਵੱਖ ਅਖਬਾਰਾਂ ਦੇ ਕਾਲਮ ਨਵੀਸ, ਪ੍ਰਾਈਮ ਏਸ਼ੀਆ ਟੀ.ਵੀ. ਕੈਨੇਡਾ ਦੇ ਚਰਚਿਤ ਦੋ ਪੇਸ਼ਕਾਰ, ਰੇਡੀਓ ਵਾਰਤਾਕਾਰ ਛੋਟੇ ਵੀਰ ਸਵਰਨ ਸਿੰਘ ਟਹਿਣਾ ਅਤੇ ਉਨ੍ਹਾਂ ਦੇ ਸਾਥੀ ਮੀਡੀਆ ਕਰਮੀ ਬੀਬਾ ਹਰਮਨ ਕੌਰ ਥਿੰਦ 8 ਕੁ ਦਿਨ ਵਾਸਤੇ ਨਿਊਜ਼ੀਲੈਂਡ ਆਏ ਸਨ, ਪਰ ਮਲਕੜੇ ਜਿਹੇ ਅਦਿੱਖ ਜਿਹਾ ਜਹਾਨ ਦਾ ਵੈਰੀ ਕਰੋਨਾ 8 ਦੇ ਨਾਲ ਜ਼ੀਰੋ ਲਾ ਕੇ ਤਿੱਤਰ ਹੋ ਗਿਆ…..।  ਸ. ਸੁਖਵਿੰਦਰ ਸਿੰਘ ਬਸਰਾ ਅਤੇ ਅਜੀਤਪਾਲ ਬਸਰਾ ਜੀ ਦੇ ਯਤਨਾਂ ਸਦਕਾ ਉਹ ਇਥੇ ਮਹਿਮਾਨ ਵਜੋਂ ਪਹੁੰਚੇ ਸਨ।
ਮੇਰੇ ਨਾਲ 14-15 ਸਾਲਾਂ ਦੀ ਸਵਰਨ ਟਹਿਣਾ ਹੋਰਾਂ ਨਾਲ ਦਫਤਰੀ ਕੰਧ ਵਾਲੀ ਤੇ ਕੰਟੀਨੀ ਚਾਹ ਵਾਲੀ ਸਾਂਝ ਹੈ। ਮੈਂ ਵੀ ਕਰੋਨਾ ਦੀ ਸ਼ਰਾਰਤ ਦਾ ਸ਼ਿਕਾਰ ਹੋਇਆ ਅਤੇ 80 ਦਿਨ ਬਾਅਦ ਮਹਾਨ ਭਾਰਤ ਤੋਂ ਨਿਊਜ਼ੀਲੈਡ ਵਾਪਿਸ ਪਰਤਿਆ ਹਾਂ ਅਤੇ ਇਨ੍ਹਾਂ ਦੋਹਾਂ ਨੂੰ ਇਥੇ ਮਿਲ ਸਕਿਆ। ਅੱਜ ਐਨ. ਜ਼ੈਡ. ਇੰਡੀਅਨ ਫਲੇਮ ਮੈਨੁਰੇਵਾ ਵਾਲੇ ਸ. ਅਮਰੀਕ ਸਿੰਘ-ਮੈਡਮ ਰੀਨਾ ਸਿੰਘ (ਨੱਚਦਾ ਪੰਜਾਬ ਰੇਡੀਓ ਵਾਲੇ) ਦੀ ਮਿੱਠੀ ਸ਼ਾਪ ਉਤੇ ਸਵੇਰ ਦਾ ਤੰਦੂਰੀ ਪ੍ਰਸ਼ਾਦਾ ਛਕਿਆ। ਇੰਡੀਆ ਦੀਆਂ ਸੜਕਾਂ ਦੀ ਸ਼ਾਨ ਰਹੇ ਰਿਕਸ਼ਾ ਦੇ ਦਰਸ਼ਨ ਕਰਾਏ, ਸੰਨੀ ਸਿੰਘ ਦੇ ਇਮੀਗ੍ਰੇਸ਼ਨ ਦਫਤਰ ਦਾ ਗੇੜਾ ਲਾਇਆ ਗਿਆ ਤੇ ਉਨ੍ਹਾਂ ਨੂੰ ਏਅਰ ਨਿਊਜ਼ੀਲੈਂਡਾ ਦੇ ਜਹਾਜ਼ ਦਾ ਮਾਡਲ ਦਿੱਤਾ ਗਿਆ।
ਇਸ ਮੌਕੇ ਸ. ਪਰਮਿੰਦਰ ਸਿੰਘ ਪਾਪਾਟੋਏਟੋਏ, ਸ. ਰਘਵੀਰ ਸਿੰਘ ਜੇ.ਪੀ., ਸ. ਦਲਬੀਰ ਸਿੰਘ ਲਸਾੜਾ ਅਤੇ ਸ. ਸੰਨੀ ਸਿੰਘ ਇਮੀਗ੍ਰੇਸ਼ਨ ਸਲਾਹਕਾਰ ਵੀ ਵਾਰਤਾਲਾਪ ਲਈ ਹਾਜ਼ਿਰ ਰਹੇ।
ਬੀਤੇ ਕੱਲ੍ਹ ਸ. ਕੁਲਦੀਪ ਸਿੰਘ ਅਰੋੜਾ, ਡਾ. ਕੁਲਦੀਪ ਸਿੰਘ ਹੋਮਿਓਪੈਥੀ ਵਾਲੇ ਅਤੇ ਸ. ਦਵਿੰਦਰਪਾਲ ਮਠਾਰੂ ਜੀ ਦੇ ਪਰਿਵਾਰ ਨੇ ਉਨ੍ਹਾਂ ਨੂੰ ਸਵੇਰੇ ਦੇ ਨਾਸ਼ਤੇ ਉਤੇ ਸੱਦਿਆ ਸੀ। ਰੇਡੀਓ ਸਪਾਈਸ ਤੋਂ ਨਵਤੇਜ ਰੰਧਾਵਾ ਵੀ ਇਸ ਮੌਕੇ ਖਾਸ ਤੌਰ ‘ਤੇ ਪੁੱਜੇ। ਇਨ੍ਹਾਂ ਦੋਵੇਂ ਟੀ.ਵੀ. ਪੇਸ਼ਕਾਰਾਂ ਦੇ ਪ੍ਰੋਗਰਾਮ ‘ਚੱਜ ਦਾ ਵਿਚਾਰ’ ਅਤੇ ‘ਖਬਰ ਦੀ ਖਬਰ’ ਇਥੇ ਬਹੁਤ ਸਾਰੇ ਲੋਕ ਪ੍ਰਾਈਮ ਏਸ਼ੀਆ ਉਤੇ ਵੇਖਦੇ ਹਨ ਅਤੇ ਗੱਲਾਂ ਦੇ ਵਿਚੋਂ ਨਿਕਲਦੀਆਂ ਗੱਲਾਂ, ਮੁਹਾਵਰੇ, ਵਿਆਕਰਣ, ਸ਼ੁੱਧ ਤੇ ਠੇਠ ਪੰਜਾਬੀ ਅਤੇ ਹਲਤੀ ਨੋਕ-ਝੋਕ ਕਾਫੀ ਪਸੰਦ ਕਰਦੇ ਹਨ। ਪੰਜਾਬੀ ਮੀਡੀਆ ਦੇ ਨਾਲ ਜੁੜਨਾ ਪੰਜਾਬੀ ਮਾਂ ਬੋਲੀ ਨਾਲ ਸਾਂਝ ਪਾਈ ਰੱਖਣ ਦੇ ਬਰਾਬਰ ਹੈ। ਦਰਸ਼ਕਾਂ ਦਾ ਪੇਸ਼ਕਾਰਾਂ ਨੂੰ ਮਿਲਣ ਦੀ ਤਾਂਘ ਅਤੇ ਵਿਖਾਇਆ ਸਤਿਕਾਰ ਊਰਜਾ ਵਾਂਗ ਕੰਮ ਕਰਦਾ ਹੈ। ਸਵਰਨ ਟਹਿਣਾ ਨੇ ਸਾਰੇ ਆਪਣੇ ਚਹੇਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਹੈ।
ਇਹ ਮਿਲਣੀਆਂ ਓਨੀ ਦੇਰ ਤੱਕ ਜਾਰੀ ਰਹਿਣੀਆਂ ਹਨ ਜਿੰਨੀ ਦੇਰ ਤੱਕ ਇੰਡੀਆ ਨੂੰ ਜਹਾਜ਼ ਲਿਜਾਉਣ ਵਾਲਾ ਪਾਇਲਟ ਫੋਨ ਨਹੀਂ ਚੁੱਕਦਾ ਅਤੇ ਇਹ ਨਹੀਂ ਕਹਿੰਦਾ ਕਿ ”ਆਓ ਅਪਨੇ ਵਤਨਾਂ ਨੂੰ ਚੱਲੀਏ- ਮੋਦੀ ਸਾਹਿਬ ਨੇ ਬੁਲਾਇਆ ਹੈ।”
ਸਵਰਨ ਟਹਿਣਾ ਅਤੇ ਹਰਮਨ ਥਿੰਦ ਦੀ ਯਾਤਰਾ ਯਮਾਂ ਯਾਦਗਾਰੀ ਤਾਂ ਬਣ ਹੀ ਗਈ ਹੈ ਅਰਦਾਸ ਹੈ ਨਿਊਜ਼ੀਲੈਂਡ ਦੀ ਸੁੰਦਰਤਾ ਵੇਖਦਿਆਂ ਇਹ ਹੋਰ ਸੁਹਾਵਣੀ ਬਣ ਜਾਵੇ। ਸਮੁੰਦਰੋ ਪਾਰ-ਮੀਡਆ ਪਰਿਵਾਰ ਇਸ ਵੇਲੇ ਘਰ ਦੇ ਅੰਦਰ ਵੀ ਹੈ ਅਤੇ ਘਰ ਦੇ ਬਾਹਰ ਵੀ ਪਰ ਸੇਵਾਵਾਂ ਨਿਰੰਤਰ ਜਾਰੀ ਹਨ।