ਟੀਕਾਕਰਨ ਹੋਣ ਦੇ ਬਾਵਜੂਦ ਭਾਰਤ ਆਉਣ ਵਾਲੇ ਬਰਤਾਨਵੀ ਨਾਗਰਿਕਾਂ ਨੂੰ ਰਹਿਣਾ ਹੋਵੇਗਾ 10 ਦਿਨ ਇਕਾਂਤਵਾਸ ’ਚ

495
Share

ਨਵੀਂ ਦਿੱਲੀ, 2 ਅਕਤੂਬਰ (ਪੰਜਾਬ ਮੇਲ)- ਟੀਕਾਕਰਨ ਕਰਵਾਇਆ ਹੋਣ ਦੇ ਬਾਵਜੂਦ 4 ਅਕਤੂਬਰ ਤੋਂ ਭਾਰਤ ਆਉਣ ਵਾਲੇ ਬਰਤਾਨਵੀ ਨਾਗਰਿਕਾਂ ਨੂੰ 10 ਦਿਨ ਤੱਕ ਇਕਾਂਤਵਾਸ ’ਚ ਰਹਿਣਾ ਹੋਵੇਗਾ। ਟੀਕਾ ਸਰਟੀਫਿਕੇਸ਼ਨ ’ਤੇ ਭਾਰਤ-ਬਰਤਾਨੀਆ ਵਿਚਾਲੇ ਜਾਰੀ ਵਿਵਾਦ ਦਰਮਿਆਨ ਕੇਂਦਰ ਸਰਕਾਰ ਨੇ ਇਹ ਕਦਮ ਉਠਾਇਆ ਹੈ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਭਾਰਤ ਨੇ ਦੇਸ਼ ਆਉਣ ਵਾਲੇ ਬਰਤਾਨਵੀ ਨਾਗਰਿਕਾਂ ਖ਼ਿਲਾਫ਼ ਜਵਾਬੀ ਕਦਮ ਉਠਾਇਆ ਹੈ ਕਿਉਂਕਿ ਭਾਰਤੀ ਟੀਕਿਆਂ ਨੂੰ ਮਾਨਤਾ ਨਾ ਦੇਣ ’ਤੇ ਬਰਤਾਨੀਆ ਦੇ ਨਾਲ ਵਿਵਾਦ ਸੁਲਝ ਨਹੀਂ ਸਕਿਆ ਹੈ। ਸੂਤਰਾਂ ਨੇ ਕਿਹਾ ਕਿ ਭਾਰਤ ਦਾ ਨਵਾਂ ਨਿਯਮ 4 ਅਕਤੂਬਰ ਤੋਂ ਪ੍ਰਭਾਵੀ ਹੋਵੇਗਾ ਅਤੇ ਬਰਤਾਨੀਆ ਤੋਂ ਭਾਰਤ ਆਉਣ ਵਾਲੇ ਸਾਰੇ ਬਰਤਾਨਵੀ ਨਾਗਰਿਕਾਂ ’ਤੇ ਇਹ ਲਾਗੂ ਹੋਵੇਗਾ। ਨਿਯਮਾਂ ਮੁਤਾਬਕ ਬਰਤਾਨੀਆ ਦੇ ਨਾਗਰਿਕਾਂ ਨੂੰ ਯਾਤਰਾ ਤੋਂ 72 ਘੰਟੇ ਪਹਿਲਾਂ ਤੱਕ ਆਰ.ਟੀ.-ਪੀ.ਸੀ.ਆਰ. ਜਾਂਚ ਵੀ ਕਰਵਾਉਣੀ ਹੋਵੇਗੀ, ਭਾਵੇਂ ਕਿ ਉਨ੍ਹਾਂ ਨੇ ਟੀਕਾਕਰਨ ਕਰਵਾਇਆ ਹੈ ਜਾਂ ਨਹੀਂ। ਇੱਥੇ ਪਹੁੰਚਣ ’ਤੇ ਵੀ ਬਰਤਾਨਵੀ ਨਾਗਰਿਕਾਂ ਨੂੰ ਕੋਵਿਡ-19 ਸਬੰਧੀ ਆਰ.ਟੀ.-ਪੀ.ਸੀ.ਆਰ. ਜਾਂਚ ਕਰਵਾਉਣੀ ਹੋਵੇਗੀ। ਸੂਤਰਾਂ ਨੇ ਕਿਹਾ ਕਿ ਇਸ ਤੋਂ ਬਾਅਦ ਭਾਰਤ ਪਹੁੰਚਣ ਦੇ 8ਵੇਂ ਦਿਨ ਮੁੜ ਤੋਂ ਆਰ.ਟੀ.-ਪੀ.ਸੀ.ਆਰ. ਜਾਂਚ ਕਰਵਾਉਣੀ ਹੋਵੇਗੀ। ਭਾਰਤ ਆਉਣ ਵਾਲੇ ਸਾਰੇ ਬਰਤਾਨਵੀ ਨਾਗਰਿਕਾਂ ਨੂੰ ਇੱਥੇ ਪਹੁੰਚਣ ਤੋਂ ਬਾਅਦ 10 ਦਿਨਾਂ ਲਈ ਘਰ ਜਾਂ ਜਿਸ ਥਾਂ ’ਤੇ ਉਹ ਆਇਆ ਹੈ, ਉੱਥੇ ਇਕਾਂਤਵਾਸ ਰਹਿਣਾ ਹੋਵੇਗਾ।

Share