ਟੀਕਾਕਰਣ ਨਾ ਕਰਵਾਉਣ ਵਾਲੇ ਲੋਕਾਂ ਨੂੰ ਮੌਤ ਦਾ 11 ਗੁਣਾਂ ਵਧ ਖਤਰਾ * ਕੋਵਿਡ-19 ਦੇ ਆਏ ਮਾਮਲਿਆਂ ਦਾ ਤਾਜ਼ਾ ਅਧਿਅਨ

361
Share

ਸੈਕਰਾਮੈਂਟੋ, 12 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਸੈਂਟਰ ਫਾਰ ਡਸੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ” ਵੱਲੋਂ ਕੋਵਿਡ-19 ਕਾਰਨ ਹੋ ਰਹੀਆਂ ਮੌਤਾਂ ਦੇ ਕੀਤੇ ਇਕ ਤਾਜ਼ਾ ਅਧਿਅਨ ਵਿਚ ਕਿਹਾ ਹੈ ਕਿ ਜਿਨਾਂ ਲੋਕਾਂ ਨੇ ਕੋਵਿਡ ਟੀਕਾਕਰਣ ਨਹੀਂ ਕਰਵਾਇਆ ਹੈ , ਉਨਾਂ ਦੇ ਟੀਕਾਕਰਣ ਕਰਵਾ ਚੁੱਕੇ ਲੋਕਾਂ ਦੀ ਤੁਲਨਾ ਵਿਚ ਕੋਵਿਡ ਕਾਰਨ 11 ਗੁਣਾਂ ਵਧ ਮਰਨ ਦੀ ਸੰਭਾਵਨਾ ਹੈ। ਕੋਵਿਡ ਦੇ ਡੈਲਟਾ ਵਾਇਰਸ ਬਾਰੇ ਹੋਏ ਇਸ ਅਧਿਅਨ ਵਿਚ ਇਹ ਪਾਇਆ ਗਿਆ ਹੈ ਕਿ ਟੀਕਾਕਰਣ ਨਾ ਕਰਵਾਉਣ ਵਾਲੇ ਲੋਕਾਂ ਦੇ ਬਿਮਾਰ ਹੋਣ ਦੀ ਸਾਢੇ ਚਾਰ ਗੁਣਾਂ , ਹਸਪਤਾਲ ਵਿਚ ਦਾਖਲ ਹੋਣ ਦੀ 10 ਗੁਣਾਂ ਤੇ ਕੋਵਿਡ ਕਾਰਨ ਮਰ ਜਾਣ ਦੀ 11 ਗੁਣਾਂ ਵਧ ਸੰਭਾਵਨਾ ਹੈ। ਇਹ ਅਧਿਅਨ ਇਸ ਸਾਲ ਅਪ੍ਰੈਲ ਤੋਂ ਬਾਅਦ ਅਮਰੀਕਾ ਦੇ 13 ਰਾਜਾਂ ਵਿਚ ਕੋਵਿਡ ਕਾਰਨ ਬਿਮਾਰ ਹੋਏ 6 ਲੱਖ ਲੋਕਾਂ ਦੇ ਮਾਮਲਿਆਂ ਨੂੰ ਲੈ ਕੇ ਕੀਤਾ ਗਿਆ। ਸੀ ਡੀ ਸੀ ਦੇ ਡਾਇਰੈਕਟਰ ਰੋਚੈਲ ਵਾਲੇਨਸਕੀ ਨੇ ਕਿਹਾ ਹੈ ਕਿ  ਇਸ ਸਮੇ ਹਸਪਤਾਲ ਵਿਚ ਦਾਖਲ ਹੋਣ ਵਾਲੇ 90% ਤੋਂ ਵਧ ਉਹ ਲੋਕ ਹਨ ਜਿਨਾਂ ਨੇ ਕੋਵਿਡ ਟੀਕਾਕਰਣ ਨਹੀਂ ਕਰਵਾਇਆ ਹੈ। ਦੋ ਹੋਰ ਅਧਿਅਨਾਂ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਟੀਕਾਕਰਣ ਤੋਂ ਕੁਝ ਸਮੇ ਬਾਅਦ ਵਿਸ਼ੇਸ਼ ਤੌਰ ‘ਤੇ ਵੱਡੀ ਉਮਰ ਦੇ ਲੋਕਾਂ ਉਪਰ ਵੈਕਸੀਨ ਦਾ ਅਸਰ ਘਟਣਾ ਸ਼ੁਰੂ ਹੋ ਜਾਂਦਾ ਹੈ। ਇਨਾਂ ਅਧਿਅਨਾਂ ਵਿਚ ਸਿਹਤ ਮਾਹਿਰਾਂ ਦੀ ਉਸ ਸਿਫਾਰਿਸ਼ ਦਾ ਸਮਰਥਨ ਕੀਤਾ ਗਿਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਜਿਨਾਂ ਅਮਰੀਕੀਆਂ ਨੇ 8 ਮਹੀਨੇ ਪਹਿਲਾਂ ਟੀਕਾਕਰਣ ਕਰਵਾਇਆ ਸੀ, ਉਨਾਂ ਨੂੰ ਤੀਸਰਾ ਟੀਕਾ ਲਵਾ ਲੈਣ ਦੀ ਲੋੜ ਹੈ ਜੋ 20 ਸਤੰਬਰ ਤੋਂ ਲੱਗਣਾ ਸ਼ੁਰੂ ਹੋ ਜਾਵੇਗਾ। ਵਾਲੇਨਸਕੀ ਨੇ ਕਿਹਾ ਹੈ ਕਿ ”ਸਾਡੇ ਕੋਲ ਵਿਗਿਆਨ ਦੇ ਸਾਧਨ ਹਨ ਜੋ ਇਸ ਮਹਾਂਮਾਰੀ ਨੂੰ ਖਤਮ ਕਰਨਗੇ। ਟੀਕਾਕਰਣ ਪ੍ਰਭਾਵੀ ਹੈ ਜੋ ਸਾਨੂੰ ਕੋਵਿਡ-19 ਕਾਰਨ ਪੈਦਾ ਹੋਣ ਵਾਲੀਆਂ ਗੰਭੀਰ ਸਮੱਸਿਆਵਾਂ ਤੋਂ ਬਚਾਵੇਗਾ।”


Share