ਟੀਕਾਕਰਣ ਨਾ ਕਰਵਾਉਣ ਵਾਲੇ ਲੋਕਾਂ ਨੂੰ ਮੌਤ ਦਾ 11 ਗੁਣਾਂ ਵਧ ਖਤਰਾ : ਅਧਿਅਨ

133
Share

ਸੈਕਰਾਮੈਂਟੋ, 13 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ‘‘ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ’’ ਵੱਲੋਂ ਕੋਵਿਡ-19 ਕਾਰਨ ਹੋ ਰਹੀਆਂ ਮੌਤਾਂ ਦੇ ਕੀਤੇ ਇਕ ਤਾਜ਼ਾ ਅਧਿਅਨ ’ਚ ਕਿਹਾ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੇ ਕੋਵਿਡ ਟੀਕਾਕਰਣ ਨਹੀਂ ਕਰਵਾਇਆ ਹੈ, ਉਨਾਂ ਦੇ ਟੀਕਾਕਰਣ ਕਰਵਾ ਚੁੱਕੇ ਲੋਕਾਂ ਦੀ ਤੁਲਨਾ ’ਚ ਕੋਵਿਡ ਕਾਰਨ 11 ਗੁਣਾਂ ਵਧ ਮਰਨ ਦੀ ਸੰਭਾਵਨਾ ਹੈ। ਕੋਵਿਡ ਦੇ ਡੈਲਟਾ ਵਾਇਰਸ ਬਾਰੇ ਹੋਏ ਇਸ ਅਧਿਅਨ ’ਚ ਇਹ ਪਾਇਆ ਗਿਆ ਹੈ ਕਿ ਟੀਕਾਕਰਣ ਨਾ ਕਰਵਾਉਣ ਵਾਲੇ ਲੋਕਾਂ ਦੇ ਬਿਮਾਰ ਹੋਣ ਦੀ ਸਾਢੇ ਚਾਰ ਗੁਣਾਂ, ਹਸਪਤਾਲ ’ਚ ਦਾਖਲ ਹੋਣ ਦੀ 10 ਗੁਣਾਂ ਤੇ ਕੋਵਿਡ ਕਾਰਨ ਮਰ ਜਾਣ ਦੀ 11 ਗੁਣਾਂ ਵਧ ਸੰਭਾਵਨਾ ਹੈ। ਇਹ ਅਧਿਅਨ ਇਸ ਸਾਲ ਅਪ੍ਰੈਲ ਤੋਂ ਬਾਅਦ ਅਮਰੀਕਾ ਦੇ 13 ਰਾਜਾਂ ’ਚ ਕੋਵਿਡ ਕਾਰਨ ਬਿਮਾਰ ਹੋਏ 6 ਲੱਖ ਲੋਕਾਂ ਦੇ ਮਾਮਲਿਆਂ ਨੂੰ ਲੈ ਕੇ ਕੀਤਾ ਗਿਆ। ਸੀ.ਡੀ.ਸੀ. ਦੇ ਡਾਇਰੈਕਟਰ ਰੋਚੈਲ ਵਾਲੇਨਸਕੀ ਨੇ ਕਿਹਾ ਹੈ ਕਿ ਇਸ ਸਮੇਂ ਹਸਪਤਾਲ ’ਚ ਦਾਖਲ ਹੋਣ ਵਾਲੇ 90% ਤੋਂ ਵਧ ਉਹ ਲੋਕ ਹਨ, ਜਿਨ੍ਹਾਂ ਨੇ ਕੋਵਿਡ ਟੀਕਾਕਰਣ ਨਹੀਂ ਕਰਵਾਇਆ ਹੈ। ਦੋ ਹੋਰ ਅਧਿਅਨਾਂ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਟੀਕਾਕਰਣ ਤੋਂ ਕੁਝ ਸਮੇ ਬਾਅਦ ਵਿਸ਼ੇਸ਼ ਤੌਰ ’ਤੇ ਵੱਡੀ ਉਮਰ ਦੇ ਲੋਕਾਂ ਉਪਰ ਵੈਕਸੀਨ ਦਾ ਅਸਰ ਘਟਣਾ ਸ਼ੁਰੂ ਹੋ ਜਾਂਦਾ ਹੈ। ਇਨ੍ਹਾਂ ਅਧਿਅਨਾਂ ’ਚ ਸਿਹਤ ਮਾਹਿਰਾਂ ਦੀ ਉਸ ਸਿਫਾਰਿਸ਼ ਦਾ ਸਮਰਥਨ ਕੀਤਾ ਗਿਆ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਜਿਨ੍ਹਾਂ ਅਮਰੀਕੀਆਂ ਨੇ 8 ਮਹੀਨੇ ਪਹਿਲਾਂ ਟੀਕਾਕਰਣ ਕਰਵਾਇਆ ਸੀ, ਉਨ੍ਹਾਂ ਨੂੰ ਤੀਸਰਾ ਟੀਕਾ ਲਵਾ ਲੈਣ ਦੀ ਲੋੜ ਹੈ, ਜੋ 20 ਸਤੰਬਰ ਤੋਂ ਲੱਗਣਾ ਸ਼ੁਰੂ ਹੋ ਜਾਵੇਗਾ। ਵਾਲੇਨਸਕੀ ਨੇ ਕਿਹਾ ਹੈ ਕਿ ‘‘ਸਾਡੇ ਕੋਲ ਵਿਗਿਆਨ ਦੇ ਸਾਧਨ ਹਨ, ਜੋ ਇਸ ਮਹਾਂਮਾਰੀ ਨੂੰ ਖਤਮ ਕਰਨਗੇ। ਟੀਕਾਕਰਣ ਪ੍ਰਭਾਵੀ ਹੈ, ਜੋ ਸਾਨੂੰ ਕੋਵਿਡ-19 ਕਾਰਨ ਪੈਦਾ ਹੋਣ ਵਾਲੀਆਂ ਗੰਭੀਰ ਸਮੱਸਿਆਵਾਂ ਤੋਂ ਬਚਾਵੇਗਾ।’’

Share