ਟੀਕਾਕਰਣ ਕਰਵਾ ਚੁੱਕੇ ਅਮਰੀਕਾ ਦੇ 3 ਸੈਨਟ ਮੈਂਬਰ ਕੋਰੋਨਾ ਪਾਜ਼ੇਟਿਵ ਪਾਏ ਗਏ

408
Share

ਸੈਕਰਾਮੈਂਟੋ, 20 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਮੁਕੰਮਲ ਕੋਵਿਡ-19 ਟੀਕਾਕਰਣ ਕਰਵਾ ਚੁੱਕੇ 3 ਸੈਨੇਟ ਮੈਂਬਰਾਂ ਦੀ ਰਿਪੋਰਟ ਪੌਜ਼ੇਟਿਵ ਆਈ ਹੈ। ਸੈਨੇਟਰ ਰੋਜਰ ਵਿਕਰ, ਅੰਗੁਸ ਕਿੰਗ ਤੇ ਜੌਹਨ ਹਿਕਨਲੂਪਰ ਨੇ ਵੱਖਰੇ- ਵੱਖਰੇ ਬਿਆਨ ਵਿਚ ਆਪਣੇ ਆਪ ਨੂੰ ਕੋਰੋਨਾ ਪਾਜ਼ੇਟਿਵ ਐਲਾਨਿਆ ਹੈ। ਵਿਕਰ ਦੇ ਦਫਤਰ ਨੇ ਕਿਹਾ ਹੈ ਕਿ ”ਮਾਮੂਲੀ ਲੱਛਣਾਂ ਤੋਂ ਬਾਅਦ ਕਰਵਾਏ ਟੈਸਟ ਉਪਰੰਤ ਸੈਨੇਟਰ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਹ ਇਕਾਂਤਵਾਸ ਵਿਚ ਹੈ ਤੇ ਸਿਹਤਮੰਦ ਹੈ।” ਕਿੰਗ ਦੇ ਦਫਤਰ ਅਨੁਸਾਰ ਉਸ ਵੱਲੋਂ ਕੋਰੋਨਾ ਤੋਂ ਬਚਾਅ ਲਈ ਕੀਤੀਆਂ ਕੋਸ਼ਿਸ਼ਾਂ ਦੇ ਬਾਵਜੂਦ ੳਸ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਕਿੰਗ ਨੇ ਕਿਹਾ ਹੈ ਕਿ ” ਹਾਲਾਂ ਕਿ ਮੈਂ ਬਹੁਤ ਜਿਆਦਾ ਚੰਗਾ ਮਹਿਸੂਸ ਨਹੀਂ ਕਰ ਰਿਹਾ ਪਰ ਫਿਰ ਵੀ ਟੀਕਾਕਰਣ ਕਰਵਾਉਣ ਤੋਂ ਬਾਅਦ ਪਹਿਲਾਂ ਦੀ ਤੁਲਨਾ ਵਿਚ ਵਧੀਆ ਅਨੁਭਵ ਕਰ ਰਿਹਾ ਹਾਂ।” ਹਿਕਨਲੂਪਰ  ਨੇ ਟਵੀਟ ਵਿਚ ਕਿਹਾ ਹੈ ਕਿ ਉਸ ਦਾ ਟੈਸਟ ਪਾਜ਼ੇਟਿਵ ਆਇਆ ਹੈ ਪਰੰਤੂ ਉਹ ਠੀਕ ਹੈ ਤੇ ਇਕਾਂਤਵਾਸ ਵਿਚ ਹੈ। ਇਨਾਂ ਸੈਨੇਟਰਾਂ ਨੇ ਅਮਰੀਕੀਆਂ ਨੂੰ ਕਿਹਾ ਹੈ ਕਿ ਬਿਨਾਂ ਦੇਰੀ ਕੋਵਿਡ-19 ਟੀਕਾਕਰਣ ਕਰਵਾ ਲੈਣ ਅਜਿਹਾ ਕਰਕੇ ਹੀ ਸਮੁੱਚੇ ਅਮਰੀਕੀ ਸੁਰੱਖਿਅਤ ਹੋ ਸਕਦੇ ਹਨ। ਇਥੇ ਜਿਕਰਯੋਗ ਹੈ ਕਿ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਟੀਕਾਕਰਣ ਨਾ ਕਰਵਾਉਣ ਵਾਲੇ ਲੋਕ ਕੋਵਿਡ-19 ਦੇ ਫੈਲਾਅ ਦਾ ਕਾਰਨ ਬਣ ਰਹੇ ਹਨ।


Share