ਟਿੱਕਰੀ ਬਾਰਡਰ ਦਿੱਲੀ ਵਿਖੇ 26 ਨਵੰਬਰ ਦੇ ਵੱਡੇ ਇਕੱਠ ਲਈ ਨਵੇਂ ਪੰਡਾਲ ਦੀ ਤਿਆਰੀ ਸ਼ੁਰੂ

270
Share

ਨਵੀਂ ਦਿੱਲੀ, 23 ਨਵੰਬਰ (ਦਲਜੀਤ ਕੌਰ ਭਵਾਨੀਗੜ੍ਹ/ਪੰਜਾਬ ਮੇਲ)- ਦਿੱਲੀ ਮੋਰਚੇ ਦੀ 26 ਨਵੰਬਰ ਨੂੰ ਸਾਂਝੇ ਕਿਸਾਨ ਮੋਰਚੇ ਦੀ ਵਰ੍ਹੇਗੰਢ ਮੌਕੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਟਿੱਕਰੀ ਬਾਰਡਰ ’ਤੇ ਪਕੌੜਾ ਚੌਕ ਕੋਲ ਇਕ ਬਹੁਤ ਵਿਸ਼ਾਲ ਪੰਡਾਲ ਤਿਆਰ ਕੀਤਾ ਜਾ ਰਿਹਾ ਹੈ, ਜਿਸ ਵਿਚ ਪੰਜਾਬ, ਹਰਿਆਣਾ ਅਤੇ ਇਸ ਦੇ ਨੇੜਲੇ ਸੂਬਿਆਂ ਵਿਚੋਂ ਆਉਣ ਵਾਲੇ ਘੱਟੋ-ਘੱਟ ਇੱਕ ਲੱਖ ਕਿਸਾਨਾਂ, ਨੌਜਵਾਨਾਂ, ਮਜ਼ਦੂਰਾਂ, ਔਰਤਾਂ ਅਤੇ ਹੋਰ ਕਿਰਤੀ ਲੋਕਾਂ ਦੇ ਬੈਠਣ ਦਾ ਪ੍ਰਬੰਧ ਹੋਵੇਗਾ।¿;
ਟਿਕਰੀ ਬਾਰਡਰ ਦੀ ਸਟੇਜ ਤੋਂ ਸੰਬੋਧਨ ਕਰਦਿਆਂ ਬਠਿੰਡਾ ਜ਼ਿਲ੍ਹੇ ਦੇ ਮੀਤ ਪ੍ਰਧਾਨ ਬਸੰਤ ਸਿੰਘ ਕੋਠਾਗੁਰੂ ਅਤੇ ਮੋਗਾ ਜ਼ਿਲ੍ਹੇ ਦੇ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਿੱਖਾਂ ਦੇ ਪਹਿਲੇ ਗੁਰੂ ਅਤੇ ਸਾਰੇ ਧਰਮਾਂ ਦੇ ਸਤਿਕਾਰਤ ਬਾਬਾ ਨਾਨਕ ਦੇਵ ਜੀ ਦੇ ਜਨਮ ਦਿਹਾੜੇ ’ਤੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਰ ਕੇ ਸਾਰੇ ਲੋਕਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕੀਤੀ ਹੈ। ਪਰ ਅਸਲ ਵਿਚ ਕਾਨੂੰਨ ਵਾਪਸ ਲੈਣ ਦਾ ਐਲਾਨ ਇੱਕ ਸਾਲ ਤੋਂ ਵੱਧ ਸਮੇਂ ਤੋਂ ਭਾਜਪਾ ਅਤੇ ਇਸ ਦੀਆਂ ਭਾਈਵਾਲ ਪਾਰਟੀਆਂ ਵਿਰੁੱਧ ਲੱਖਾਂ ਲੋਕਾਂ ਵੱਲੋਂ ਭਾਰੀ ਬੇਮਿਸਾਲ ਸਿਦਕੀ ਅੰਦੋਲਨ ਕਾਰਨ ਕਰਨਾ ਪਿਆ ਹੈ। ਇਸ ਵਿਰੋਧ ਕਾਰਨ ਭਾਜਪਾ ਦੀ ਅੰਦਰੂਨੀ ਹਾਲਤ ਵੀ ਵਿਸਫੋਟਕ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਹੀ ਲੋਕਾਂ ’ਤੇ ਜਬਰ ਕਰਨ ਵਾਲੇ ਧਾੜਵੀ ਬਾਬਰ, ਔਰੰਗਜ਼ੇਬ ਵਰਗਿਆਂ ਦੇ ਜਬਰ ਖ਼ਿਲਾਫ਼ ਸਾਡੇ ਗੁਰੂਆਂ ਦੀ ਅਗਵਾਈ ਵਿਚ ਭਾਰਤ ਦੇ ਲੋਕਾਂ ਨੇ ਲੰਬੇ ਸੰਘਰਸ਼ ਲੜੇ ਹਨ ਅਤੇ ਜਿੱਤੇ ਹਨ।¿;
ਕਿਸਾਨ ਆਗੂਆਂ ਨੇ ਕਿਹਾ ਕਿ ਵਿਦੇਸ਼ੀ ਅੰਗਰੇਜ਼ ਹਕੂਮਤ ਖ਼ਿਲਾਫ਼ ਸਾਡੇ ਭਗਤ ਸਰਾਭਿਆਂ, ਗ਼ਦਰੀ ਬਾਬਿਆਂ, ਬੱਬਰ ਅਕਾਲੀਆਂ, ਕੂਕਿਆਂ ਅਤੇ ਹੋਰ ਲਹਿਰਾਂ ਦੀ ਅਗਵਾਈ ਵਿਚ ਸੰਘਰਸ਼ ਕਰਕੇ ਉਨ੍ਹਾਂ ਨੂੰ ਵੀ ਦੇਸ਼ ’ਚੋਂ ਬਾਹਰ ਕੱਢਿਆ ਹੈ। ਉਨ੍ਹਾਂ ਕਿਹਾ ਕਿ ਹੁਣ ਸਾਡੇ ਦੇਸ਼ ਦੇ ਲੋਕਾਂ ਵੱਲੋਂ ਚੁਣੀ ਹੋਈ ਸਰਕਾਰ ਦਾ ਵੀ ਪਰਦਾਫਾਸ਼ ਕਰ ਦਿੱਤਾ ਹੈ ਕਿ ਇਹ ਸਰਕਾਰਾਂ ਵੀ ਸਾਡੇ ਦੇਸ਼ ਦੇ ਲੋਕਾਂ ਦੇ ਹਿੱਤਾਂ ਦੀ ਬਜਾਏ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਰਾਖੀ ਕਰਦੀਆਂ ਹਨ, ਜਿਨ੍ਹਾਂ ਤੋਂ ਭਲੇ ਦੀ ਝਾਕ ਛੱਡ ਕੇ ਲੋਕਾਂ ਦੀਆਂ ਮੰਗਾਂ ਮਸਲਿਆਂ ਦਾ ਅਸਲੀ ਹੱਲ ਲੋਕਾਂ ਦਾ ਏਕਾ ਅਤੇ ਸੰਘਰਸ਼ ਹੀ ਹੈ।
ਨੌਜਵਾਨ ਬਿੱਟੂ ਮੱਲਣ ਅਤੇ ਤਰਨਤਾਰਨ ਤੋਂ ਸੁਖਵੰਤ ਸਿੰਘ ਵਲਟੋਹਾ ਨੇ ਕਿਹਾ ਕਿ ਇਸ ਸੰਘਰਸ਼ ਵਿਚ ਨੌਜਵਾਨਾਂ ਅਤੇ ਔਰਤਾਂ ਦਾ ਬਹੁਤ ਵੱਡਾ ਯੋਗਦਾਨ ਹੈ, ਜਿਨ੍ਹਾਂ ਨੇ ਆਪਣਾ ਜੋਸ਼ ਹੋਸ਼ ਦੇ ਉੱਤੋਂ ਦੀ ਨਹੀਂ ਪੈਣ ਦਿੱਤਾ ਤੇ ਸਿਦਕ ਨਾਲ ਲਗਾਤਾਰ ਸੰਘਰਸ਼ ਵਿਚ ਮੁੱਖ ਰੋਲ ਅਦਾ ਕੀਤਾ ਹੈ।
ਉਨ੍ਹਾਂ ਨੌਜਵਾਨਾਂ ਨੂੰ 26 ਨਵੰਬਰ ਨੂੰ ਕਿਸਾਨ ਮੋਰਚੇ ਦੀ ਵਰ੍ਹੇਗੰਢ ਮੌਕੇ ਵੱਧ ਤੋਂ ਵੱਧ ਦਿੱਲੀ ਮੋਰਚੇ ’ਚ ਪਹੁੰਚਣ ਦੀ ਅਪੀਲ ਕੀਤੀ। ਸਟੇਜ ਦੀ ਕਾਰਵਾਈ ਫਾਜ਼ਿਲਕਾ ਦੇ ਜਨਰਲ ਸਕੱਤਰ ਗੁਰਬਾਜ਼ ਸਿੰਘ ਨੇ ਨਿਭਾਈ ਅਤੇ ਸਟੇਜ ਤੋਂ ਜਸਬੀਰ ਕੌਰ ਬਹਾਦੁਰ ਨਗਰ, ਸਰਬਜੀਤ ਸਿੰਘ ਫਤਹਿਗੜ੍ਹ, ਮਾਸਟਰ ਪ੍ਰੀਤਮ ਸਿੰਘ, ਬਲਵਿੰਦਰ ਸਿੰਘ ਨੌਹਰਾ ਅਤੇ ਰਘਬੀਰ ਸਿੰਘ ਨਿਆਲ ਨੇ ਵੀ ਸੰਬੋਧਨ ਕੀਤਾ।

Share