ਟਿਫਨ ਬੰਬ ਮਾਮਲੇ ’ਚ ਵਿਦੇਸ਼ੀ ਹਥਿਆਰਾਂ ਸਮੇਤ 4 ਹੋਰ ਨੌਜਵਾਨ ਕਾਬੂ

211
Share

-ਪੁਲਿਸ ਵੱਲੋਂ ਹਾਈਪ੍ਰੋਫ਼ਾਈਲ ਵਿਅਕਤੀ ਦੀ ਹੱਤਿਆ ਦੀ ਯੋਜਨਾ ਨਾਕਾਮ ਕਰਨ ਦਾ ਦਾਅਵਾ
ਮੋਗਾ, 1 ਅਕਤੂਬਰ (ਪੰਜਾਬ ਮੇਲ)- ਪੁਲਿਸ ਨੇ ਕੈਨੇਡਾ ਆਧਾਰਿਤ ਜਥੇਬੰਦੀ ਕੇ.ਟੀ.ਐੱਫ. ਨਾਲ ਸਬੰਧਤ ਚਾਰ ਹੋਰ ਨੌਜਵਾਨਾਂ ਨੂੰ ਹਥਿਆਰਾਂ ਸਮੇਤ ਗਿ੍ਰਫ਼ਤਾਰ ਕੀਤਾ ਹੈ।
ਐੱਸ.ਐੱਸ.ਪੀ. ਧਰਮੁਨ ਐੱਚ ਨਿੰਬਲੇ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਭਿਖੀਵਿੰਡ (ਤਰਨ ਤਾਰਨ) ਪੁਲਿਸ ਵੱਲੋਂ ਗਿ੍ਰਫ਼ਤਾਰ ਕੀਤੇ ਗਏ ‘ਏ’ ਕੈਟਾਗਰੀ ਗੈਂਗਸਟਰ ਅਰਸ਼ਦੀਪ ਡਾਲਾ ਨਾਲ ਜੁੜੇ ਮੋਗਾ ਦੇ ਤਿੰਨ ਨੌਜਵਾਨਾਂ ਨੇ ਮੋਗਾ ਦੇ ਤਤਕਾਲੀ ਐੱਸ.ਐੱਸ.ਪੀ. ਤੇ ਦੋ ਹੋਰ ਅਧਿਕਾਰੀਆਂ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਤਰਨ ਤਾਰਨ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸ਼੍ਰੀ ਨਿੰਬਲੇ ਨੇ ਅੱਜ ਅਰਸ਼ ਡਾਲਾ ਨਾਲ ਜੁੜੇ 4 ਹੋਰ ਨੌਜਵਾਨਾਂ ਨੂੰ ਵਿਦੇਸ਼ੀ ਹਥਿਆਰਾਂ ਅਤੇ 300 ਗ੍ਰਾਮ ਹੈਰੋਇਨ ਤੇ ਸਕਾਰਪੀਓ ਗੱਡੀ ਸਣੇ ਗਿ੍ਰਫ਼ਤਾਰ ਕਰ ਕੇ ਕਿਸੇ ਹਾਈਪ੍ਰੋਫ਼ਾਈਲ ਵਿਅਕਤੀ ਦੀ ਹੱਤਿਆ ਦੀ ਵੱਡੀ ਯੋਜਨਾ ਨੂੰ ਨਾਕਾਮ ਕਰਨ ਦਾ ਦਾਅਵਾ ਕੀਤਾ ਹੈ। ਗਿ੍ਰਫ਼ਤਾਰ ਮੁਲਜ਼ਮਾਂ ਦੀ ਪਛਾਣ ਅਮਨਦੀਪ ਸਿੰਘ ਉਰਫ ਗੋਰਾ ਮੱਛਰ ਵਾਸੀ ਕੰਬੋਜ ਨਗਰ ਫਿਰੋਜ਼ਪੁਰ, ਜਸਵਿੰਦਰ ਸਿੰਘ ਉਰਫ਼ ਜੱਸੂ ਕੋਕਰੀ ਕਲਾਂ (ਮੋਗਾ), ਬਲਰਾਜ ਸਿੰਘ ਵਾਸੀ ਪਰਵਾਨਾ ਨਗਰ ਮੋਗਾ ਤੇ ਅਰੁਣ ਸਾਰਵਾਨ ਵਾਸੀ ਰਾਜੀਵ ਗਾਂਧੀ ਨਗਰ ਵਜੋਂ ਹੋਈ ਹੈ। ਉਨ੍ਹਾਂ ਅੱਗੇ ਕਿਹਾ ਕਿ ਗਿ੍ਰਫ਼ਤਾਰ ਮੁਲਜ਼ਮ ਜਸਵਿੰਦਰ ਸਿੰਘ ਉਰਫ ਜੱਸੂ ਨੇ ਵਿਦੇਸ਼ ਤੋਂ ਫੰਡਿਗ ਹੋਣ ਦੀ ਗੱਲ ਵੀ ਮੰਨੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਛੁਪੇ ਅਰਸ਼ਦੀਪ ਡਾਲਾ ਦੀ ਇੰਟਰਪੋਲ ਜ਼ਰੀਏ ਹਵਾਲਗੀ ਦੀ ਕਾਰਵਾਈ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਮੁਲਜ਼ਮ ਅਰਸ਼ ਡਾਲਾ ਤੋਂ ਇਲਾਵਾ ਕੈਨੇਡਾ ਰਹਿੰਦੇ ਗੈਂਗਸਟਰ ਰਮਨ ਜੱਜ ਦੇ ਸੰਪਰਕ ਵਿਚ ਵੀ ਸਨ।

Share