ਟਿਕਟਾਂ ਬਾਰੇ ਪ੍ਰਸ਼ਾਂਤ ਕਿਸ਼ੋਰ ਵਲੋਂ ਫ਼ੈਸਲਾ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ : ਕੈਪਟਨ

146
Share

ਕਿਹਾ: ਪ੍ਰਸ਼ਾਂਤ ਕਿਸ਼ੋਰ ਦਾ ਰੋਲ ਸਿਰਫ਼ ਪ੍ਰਮੁੱਖ ਸਲਾਹਕਾਰ ਤੱਕ ਹੀ ਸੀਮਤ
ਚੰਡੀਗੜ੍ਹ, 14 ਅਪ੍ਰੈਲ (ਪੰਜਾਬ ਮੇਲ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ’ਚ ਟਿਕਟਾਂ ਦੀ ਵੰਡ ਵਿਚ ਪ੍ਰਸ਼ਾਂਤ ਕਿਸ਼ੋਰ ਦੀ ਭੂਮਿਕਾ ਨੂੰ ਪੂਰੀ ਤਰ੍ਹਾਂ ਖਾਰਿਜ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਸ਼ਾਂਤ ਕਿਸ਼ੋਰ ਦਾ ਰੋਲ ਸਿਰਫ਼ ਉਨ੍ਹਾਂ ਦੇ ਪ੍ਰਮੁੱਖ ਸਲਾਹਕਾਰ ਤੱਕ ਹੀ ਸੀਮਤ ਹੈ। ਇਹ ਅਹੁਦਾ ਸਿਰਫ਼ ਸਲਾਹਕਾਰੀ ਲਈ ਹੈ, ਜਿਸ ਵਿਚ ਫ਼ੈਸਲਾ ਲੈਣ ਦਾ ਅਧਿਕਾਰ ਨਹੀਂ ਹੁੰਦਾ। ਮੁੱਖ ਮੰਤਰੀ ਉਨ੍ਹਾਂ ਚਰਚਾਵਾਂ ’ਤੇ ਬੋਲ ਰਹੇ ਸਨ, ਜਿਨ੍ਹਾਂ ਵਿਚ ਕਿਹਾ ਜਾ ਰਿਹਾ ਸੀ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀਆਂ ਟਿਕਟਾਂ ਨੂੰ ਅੰਤਿਮ ਰੂਪ ਦੇਣ ਵਿਚ ਪ੍ਰਸ਼ਾਂਤ ਕਿਸ਼ੋਰ ਦੀ ਅਹਿਮ ਭੂਮਿਕਾ ਹੋਵੇਗੀ। ਮੁੱਖ ਮੰਤਰੀ ਨੇ ਇਨ੍ਹਾਂ ਚਰਚਾਵਾਂ ’ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦਾ ਸਵਾਲ ਹੀ ਬੇਮਾਨੀ ਹੈ ਕਿਉਂਕਿ ਪ੍ਰਸ਼ਾਂਤ ਕਿਸ਼ੋਰ ਦਾ ਇਸ ਮਾਮਲੇ ਨਾਲ ਕੋਈ ਸਬੰਧ ਨਹੀਂ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ’ਚ ਟਿਕਟਾਂ ਦੀ ਵੰਡ ਲਈ ਨਿਯਮ ਅਤੇ ਮਾਪਦੰਡ ਨਿਰਧਾਰਤ ਹਨ, ਜੋ ਸਾਰੇ ਸੂਬਿਆਂ ਵਿਚ ਸਾਰੀਆਂ ਹੀ ਚੋਣਾਂ ਵਿਚ ਅਪਣਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਹਾਈ ਕਮਾਨ ਵਲੋਂ ਸੂਬਾ ਪੱਧਰੀ ਚੋਣ ਕਮੇਟੀ ਦਾ ਗਠਨ ਕੀਤਾ ਜਾਂਦਾ ਹੈ, ਜੋ ਸਾਰੇ ਨਾਵਾਂ ’ਤੇ ਵਿਚਾਰ ਕਰਦੀ ਹੈ ਅਤੇ ਚੋਣ ਮੈਦਾਨ ਵਿਚ ਉਤਾਰੇ ਜਾਣ ਵਾਲੇ ਉਮੀਦਵਾਰਾਂ ਬਾਰੇ ਫ਼ੈਸਲਾ ਕਰਦੀ ਹੈ। ਉਸ ਤੋਂ ਬਾਅਦ ਨਾਵਾਂ ਦੀ ਸੂਚੀ ਸਕਰੀਨਿੰਗ ਕਮੇਟੀ ਨੂੰ ਭੇਜ ਦਿੱਤੀ ਜਾਂਦੀ ਹੈ ਅਤੇ ਇਸ ਕਮੇਟੀ ਵਿਚ ਕਾਂਗਰਸ ਪ੍ਰਧਾਨ ਸਮੇਤ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਸ਼ਾਮਲ ਹੁੰਦੀ ਹੈ। ਅੰਤਿਮ ਫ਼ੈਸਲਾ ਕੇਂਦਰੀ ਚੋਣ ਕਮੇਟੀ ਕਰਦੀ ਹੈ ਅਤੇ ਇਸ ਵਿਚ ਨਿੱਜੀ ਤੌਰ ’ਤੇ ਕਿਸੇ ਦੀ ਭੂਮਿਕਾ ਨਹੀਂ ਹੁੰਦੀ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਕਮੇਟੀ ਵਲੋਂ ਟਿਕਟਾਂ ਨੂੰ ਅੰਤਿਮ ਰੂਪ ਦੇਣ ਦੀ ਪ੍ਰਕਿਰਿਆ ਵਿਚ ਆਜ਼ਾਦਾਨਾ ਏਜੰਸੀਆਂ ਦੇ ਨਾਲ-ਨਾਲ ਪਾਰਟੀ ਦੀ ਸੂਬਾਈ ਇਕਾਈ ਸਮੇਤ ਅੰਦੂਰਨੀ ਅਤੇ ਬਾਹਰੀ ਧਿਰਾਂ ਤੋਂ ਜਾਣਕਾਰੀ ਹਾਸਲ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹੀ ਪ੍ਰਕਿਰਿਆ ਸਾਲ 2017 ਵਿਚ ਅਪਣਾਈ ਗਈ ਸੀ ਅਤੇ ਇਸ ਵਾਰ ਹੀ ਇਸੇ ਪ੍ਰਕਿਰਿਆ ਅਨੁਸਾਰ ਚੱਲਿਆ ਜਾਵੇਗਾ ਤਾਂ ਫਿਰ ਇਸ ਸਮੁੱਚੀ ਪ੍ਰਕਿਰਿਆ ਵਿਚ ਪ੍ਰਸ਼ਾਂਤ ਕਿਸ਼ੋਰ ਕਿੱਥੇ ਹੈ?

Share