ਟਾਕਾਨੀਨੀ ਤੋਂ ਜਿੱਤੇ ਐਮ. ਪੀ. ਡਾ. ਨੀਰੂ ਲੀਵਾਸਾ ਦੇ ਧੰਨਵਾਦ ਸਮਾਗਮ ਨੂੰ ਪੰਜਾਬੀ ਤੜਕਾ

648
Share

-ਚੇਅਰ ਐਨ ਸਿਘ ਅਤੇ ਪ੍ਰਚਾਰ ਮੈਨੇਜਰ ਸ. ਖੜਗ ਸਿੰਘ ਦੇ ਕੰਮਾਂ ਦੀ ਸ਼ਲਾਘਾ
ਆਕਲੈਂਡ, 31 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਨਿਊਜ਼ੀਲੈਂਡ ਦੇ ਵਿਚ ਇਸ ਵਾਰ ਹੋਈਆਂ ਆਮ ਚੌਣਾਂ ਦੇ ਵਿਚ ਹਲਕਾ ਟਾਕਾਨੀਨੀ ਜੋ ਪਹਿਲੀ ਵਾਰ ਹਲਕਾਬੰਦੀ ਦੇ ਵਿਚ ਆਇਆ ਸੀ, ਤੋਂ ਲੇਬਰ ਪਾਰਟੀ ਦੇ ਉਮੀਦਵਾਰ ਡਾ. ਨੀਰੂ ਲੇਵਾਸਾ ਚੋਣ ਜਿੱਤ ਗਏ ਸਨ। ਇਸ ਚੋਣ ਮੁਹਿੰਮ ਦੇ ਵਿਚ ਇਸ ਇਲਾਕੇ ਦੇ ਵਿਚ ਵਸਦੇ ਪੰਜਾਬੀਆਂ ਦਾ ਵੀ ਅਹਿਮ ਯੋਗਦਾਨ ਰਿਹਾ। ਚੋਣ ਪ੍ਰਚਾਰ ਲਈ ਬਣਾਈ ਗਈ ਲੇਬਰ ਇਲੈਕਟ੍ਰੋਰੇਟ ਕਮੇਟੀ  ਦੀ ਚੇਅਰ ਪਰਸਨ ਐਨ ਸਿੰਘ ਅਤੇ ਪ੍ਰਚਾਰ ਮੈਨੇਜਰ ਸ. ਖੜਗ ਸਿੰਘ ਦੀ ਇਸ ਹਲਕੇ ਦੇ ਵਿਚ ਕਾਫੀ ਜਿੰਮੇਵਾਰੀ ਰਹੀ। ਡਾ. ਨੀਰੂ ਲੇਵਾਸਾ ਵੱਲੋਂ ਅੱਜ ਪੰਜਾਬੀ ਕਮਿਊਨਿਟੀ ਦਾ ਧੰਨਵਾਦ ਕਰਨ ਲਈ ਮੈਨੁਰੇਵਾ ਵਿਖੇ ਸ. ਪਰਮਿੰਦਰ ਸਿੰਘ ਤੱਖਰ ਦੇ (ਪੁਰਾਣੇ ਆਰ. ਐਸ. ਏ) ਈਵੈਟ ਹਾਲ ਦੇ ਵਿਚ ਇਹ ਪ੍ਰੋਗਰਾਮ ਰੱਖਿਆ ਗਿਆ। ਸਟੇਜ ਉਤੇ ਐਨ. ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ, ਕਦੇ ਪੰਜਾਬੀ, ਕਦੇ ਇੰਗਲਿਸ਼ ਅਤੇ ਕਦੇ ਸਾਮੋਅਨ ਦੇ ਵਿਚ ਉਸਨੇ ਸਟੇਜ ਸੰਚਾਲਨ ਦਾ ਵੱਖਰਾ ਹੀ ਰੰਗ ਬੰਨ੍ਹਿਆ। ਸਮਾਗਮ ਦੀ ਸ਼ੁਰੂਆਤ ਸਾਮੋਅਨ ਅਰਦਾਸ ਦੇ ਰੂਪ ਵਿਚ ਕੀਤੀ ਗਈ। ਸਾਮੋਅਨ ਮੂਲ ਦੇ ਨ੍ਰਿਤ ‘ਟੂਆਪੂ ਮਾਨਾਈਆ’ ਨੂੰ ਕੁੜੀਆਂ ਨੇ ਬਾਖੂਬੀ ਪੇਸ਼ ਕੀਤਾ। ਇਸ ਉਪਰੰਤ ਸ. ਖੜਗ ਸਿੰਘ ਜੋ ਕਿ ਫੁੱਲੇ ਨਹੀਂ ਸਮਾ ਰਹੇ ਸਨ, ਨੇ ਲੇਬਰ ਪਾਰਟੀ ਦੀ ਸਹਾਇਤਾ ਵਾਸਤੇ ਅੱਗੇ ਆਏ ਸਾਰੇ ਪੰਜਾਬੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਡਾ. ਨੀਰੂ ਲੇਵਾਸਾ ਬਾਰੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਉਥੋਂ ਦੀਆਂ ਰਸਮਾਂ ਮੁਤਾਬਿਕ ਉਨ੍ਹਾਂ ਨੂੰ ਉਸਦੇ ਘਰ ਛੱਡ ਕੇ ਗਏ ਸਨ ਅਤੇ ਉਨ੍ਹਾਂ ਨੇ ਆਪਣਾ ਫਰਜ਼ ਨਿਭਾਉਂਦਿਆਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਉਹ ਉਸ ਉਤੇ ਖਰੇ ਉਤਰੇ ਅਤੇ ਅੰਤ ਤੱਕ ਡਾ. ਲੀਵਾਸਾ ਨਾਲ ਬਣੇ ਰਹਿਣਗੇ। ਫਿਰ ਚੁਣੇ ਗਏ ਐਮ. ਪੀ. ਡਾ. ਨੀਰੂ ਲੇਵਾਸਾ ਨੇ ਆਪਣੇ ਮੂਲ ਭਾਸ਼ਣ ਦੇ ਵਿਚ ਜਿੱਥੇ ਕੁਝ ਆਫੀਸ਼ੀਅਲ ਲੋਕਾਂ ਨੂੰ ਯਾਦ ਕੀਤਾ ਉਥੇ ਵਾਰ-ਵਾਰ ਪੰਜਾਬੀਆਂ ਨੂੰ ਉਨ੍ਹਾਂ ਦੇ ਨਾਵਾਂ ਨਾਲ ਸੰਬੋਧਨ ਕਰਦਿਆਂ ਤਹਿ ਦਿਲੋਂ ਧੰਨਵਾਦ ਕੀਤਾ। ਐਨੀ ਨਿਮਰਤਾ ਨਾਲ ਧੰਨਵਾਦ ਚੋਣਾ ਜਿੱਤਣ ਤੋਂ ਬਾਅਦ ਕਰਨਾ ਸਚਮੁੱਚ ਇਨ੍ਹਾਂ ਲੋਕਾਂ ਨੂੰ ਧਰਤੀ ਨਾਲ ਜੁੜੇ ਹੋਏ ਲੋਕ ਮੰਨਣ ਬਰਾਬਰ ਸੀ। ਐਨ. ਸਿੰਘ ਨੇ ਜਿੱਥੇ ਆਪਣੀ ਪੰਜਾਬੀ ਸੱਸ, ਮਾਸੀ ਅਤੇ ਹੋਰ ਕਈ ਪਰਿਵਾਰਾਂ ਦੇ ਕੋਲੋਂ ਕਈ ਮਹਿਮਾਨਾਂ ਦਾ ਸਨਮਾਨ ਕਰਵਾਇਆ ਜੋ ਕਿ ਸਾਡੀ ਕਮਿਊਨਿਟੀ ਨੂੰ ਵੱਡਾ ਕਰਨ ਦੇ ਬਰਾਬਰ ਸੀ। ਲੇਬਰ ਪਾਰਟੀ ਦੇ ਅਣਥੱਕ ਕਾਰਜ ਕਰਤਾ ਸ. ਹਰਜੀਤ ਸਿੰਘ ਜੇ.ਪੀ., ਕਿਊ ਐਸ. ਐਮ. ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿਚ ਭਾਰਤੀਆਂ ਦੀਆਂ ਆਮ ਸਮੱਸਿਆਵਾਂ ਦੇ ਲਈ ਨੀਤੀ ਬਣਾ ਕੇ ਨਵੇਂ ਐਮ. ਪੀ. ਨਾਲ ਗੱਲਬਾਤ ਕਰਨਗੇ। ਗਗਨ ਕੌਰ ਦਾ ਪੰਜਾਬੀ ਗੀਤ ਉਤੇ ਡਾਂਸ ਵੀ ਸਾਮੋਅਨ ਅਤੇ ਪੰਜਾਬੀ ਲੋਕਾਂ ਦੀਆਂ ਤਾੜੀਆਂ ਬਟੋਰ ਗਿਆ। ਸ. ਖੜਗ ਸਿੰਘ ਅਤੇ ਹੋਰ ਪਹੁੰਚੇ ਪੰਜਾਬੀ ਪ੍ਰਾਹਣਿਆਂ ਨੇ ਵੀ ਹਲਕਾ-ਹਲਕਾ ਗੇੜਾ ਦੇ ਕੇ ਰੌਣਕ ਬਣਾਈ ਰੱਖੀ। ਸ. ਖੜਗ ਸਿੰਘ ਨੂੰ ਲੇਬਰ ਪਾਰਟੀ ਦੀ ਵਿਸ਼ੇਸ਼ ਬੈਜ ਲਗਾ ਕੇ ਸਨਮਾਨਿਤ ਕੀਤਾ ਗਿਆ। ਜਿੱਥੇ ਇਹ ਪ੍ਰੋਗਰਾਮ ਅਰਦਾਸ ਦੇ ਨਾਲ ਸ਼ੁਰੂ ਹੋਇਆ ਉਥੇ ਅਰਦਾਸ ਅਤੇ ਹੋਰ ਲੋਕਰੰਗ ਨਾਲ ਰੰਗੀਆਂ ਰਸਮੀ ਝਲਕੀਆਂ ਪਾਉਂਦਾ ਸਮਾਪਤ ਹੋਇਆ। ਲੋਕਾਂ ਨੇ ਡਾ. ਨੀਰੂ ਲੇਵਾਸਾ ਨਾਲ ਤਸਵੀਰਾਂ ਖਿਚਵਾਈਆਂ। ਇੰਡੀਅਨ ਐਕਸੈਂਟ ਵੱਲੋਂ ਖਾਣੇ ਦਾ ਵਧੀਆ ਪ੍ਰਬੰਧ ਕੀਤਾ ਗਿਆ ਸੀ। ਪੂਰਾ ਸਮਾਗਮ ਨੂੰ ਗਿੱਧੇ ਭੰਗੜੇ ਦਾ ਖੂਬ ਪੰਜਾਬੀ ਤੜਕਾ ਲੱਗਿਆ ਤੇ ਸਮਾਗਮ ਯਾਦਗਾਰੀ ਹੋ ਨਿਬੜਿਆ।


Share