ਟਵਿੱਟਰ ਨੇ ਕੰਗਨਾ ਰਣੌਤ ਦਾ ਅਕਾਊਂਟ ਕੀਤਾ ਬੰਦ

98
Share

ਨਵੀਂ ਦਿੱਲੀ, 5 ਮਈ (ਪੰਜਾਬ ਮੇਲ)-ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ ਟਵਿੱਟਰ ਅਕਾਊਂਟ ਲਗਾਤਾਰ ਕੀਤੇ ਜਾ ਰਹੇ ਵਿਵਾਦਤ ਟਵੀਟਾਂ ਕਾਰਨ ਬੰਦ ਕਰ ਦਿੱਤਾ ਗਿਆ ਹੈ। ਇਸ ਸਬੰਧੀ ਟਵਿਟਰ ਦੇ ਬੁਲਾਰੇ ਨੇ ਕਿਹਾ ਕਿ ਟਵਿਟਰ ਨੇ ਵਾਰ-ਵਾਰ ਨਿਯਮਾਂ ਦੀਆਂ ਧੱਜੀਆਂ ਉਡਾਉਣ ਕਾਰਨ ਅਦਾਕਾਰਾ ਦੇ ਅਕਾਊਂਟ ਨੂੰ ਬੰਦ ਕਰ ਦਿੱਤਾ ਹੈ। ਬੁਲਾਰੇ ਨੇ ਕਿਹਾ ਕਿ ਨਫਰਤ ਫੈਲਾਉਣ ਵਾਲੀ ਨੀਅਤ ਤੇ ਕਿਸੇ ਨੂੰ ਬਦਨਾਮ ਕਰਨ ਵਾਲੇ ਰਵੱਈਏ ਕਾਰਨ ਇਸ ਖਾਤੇ ’ਤੇ ਫਿਲਹਾਲ ਰੋਕ ਲਗਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਬੰਗਾਲ ਚੋਣਾਂ ’ਚ ਭਾਜਪਾ ਦੀ ਹਾਰ ’ਤੇ ਭੜਕੀ ਕੰਗਨਾ ਰਣੌਤ ਲਗਾਤਾਰ ਵਿਵਾਦਤ ਟਵੀਟ ਕਰ ਰਹੀ ਸੀ। ਅਜਿਹੇ ’ਚ ਕੰਗਨਾ ਦੇ ਕੁਝ ਟਵੀਟਾਂ ਨੂੰ ਟਵਿਟਰ ਯੂਜ਼ਰ ਬੇਹੱਦ ਇਤਰਾਜ਼ਯੋਗ ਤੇ ਹਿੰਸਾ ਵਾਲੇ ਦੱਸ ਰਹੇ ਸਨ। ਮੰਗਲਵਾਰ 4 ਮਈ ਨੂੰ ਵੀ ਕੰਗਨਾ ਨੇ ਇਕ ਇਤਰਾਜ਼ਯੋਗ ਟਵੀਟ ਕੀਤਾ ਸੀ, ਜਿਸ ’ਚ ਉਨ੍ਹਾਂ ਮਮਤਾ ਬੈਨਰਜੀ ਖਿਲਾਫ ਇਤਰਾਜ਼ ਵਾਲੀ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ। ਇਸ ਸਬੰਧੀ ਟਵਿੱਟਰ ਨੇ ਕਿਹਾ ਕਿ ਕੰਗਨਾ ਲਗਾਤਾਰ ਟਵਿੱਟਰ ਦੀ ‘ਹੇਟਫੁੱਲ ਕੰਡਕਟ ਪਾਲਸੀ’ ਦਾ ਉਲੰਘਣ ਕਰ ਰਹੀ ਸੀ, ਜਿਸ ਕਾਰਨ ਕੰਗਨਾ ਦਾ ਅਕਾਊਂਟ ਬੰਦ ਕਰਨਾ ਪਿਆ।

Share