ਟਰੰਪ ਵੱਲੋਂ 2016 ਤੇ 2017 ‘ਚ ਆਮਦਨ ਕਰ ਵਜੋਂ 750 ਡਾਲਰ ਦੀ ਅਦਾਇਗੀ : ਨਿਊਯਾਰਕ ਟਾਈਮਜ਼ ਦੀ ਰਿਪੋਰਟ

498
Share

-2016 ਤੋਂ ਪਹਿਲਾਂ 10 ਸਾਲ ਤੱਕ ਨਹੀਂ ਭਰਿਆ ਆਮਦਨ ਕਰ
– ਟਰੰਪ ਨੇ ਰਿਪੋਰਟ ਨੂੰ ‘ਫੇਕ ਨਿਊਜ਼’ ਦੱਸ ਕੇ ਕੀਤਾ ਖਾਰਜ
ਵਾਸ਼ਿੰਗਟਨ, 28 ਸਤੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਾਲ 2016 ਤੇ 2017 ਦੌਰਾਨ ਸੰਘੀ ਆਮਦਨ ਕਰ ਵਜੋਂ ਮਹਿਜ਼ 750 ਡਾਲਰ ਦੀ ਅਦਾਇਗੀ ਕੀਤੀ ਹੈ। ਟਰੰਪ ਸਾਲ 2016 ‘ਚ ਅਮਰੀਕੀ ਰਾਸ਼ਟਰਪਤੀ ਵਜੋਂ ਚੁਣੇ ਗਏ ਸਨ, ਜਦੋਂਕਿ ਸਾਲ 2017 ਰਾਸ਼ਟਰਪਤੀ ਵਜੋਂ ਉਨ੍ਹਾਂ ਦਾ ਵ੍ਹਾਈਟ ਹਾਊਸ ਵਿਚ ਪਹਿਲਾ ਸਾਲ ਸੀ। ਨਿਊਯਾਰਕ ਟਾਈਮਜ਼ ਨੇ ਆਪਣੀ ਇਕ ਰਿਪੋਰਟ ‘ਚ ਇਹ ਦਾਅਵਾ ਕੀਤਾ ਹੈ। ਆਪਣੀ ਆਮਦਨ ਕਰ ਅਦਾਇਗੀ ਨੂੰ ਗੁਪਤ ਰੱਖਣ ਵਾਲੇ ਟਰੰਪ ਆਧੁਨਿਕ ਸਮਿਆਂ ਦੇ ਇਕੋ ਇਕ ਰਾਸ਼ਟਰਪਤੀ ਹਨ, ਜੋ ਇਸ ਜਾਣਕਾਰੀ ਨੂੰ ਜਨਤਕ ਨਹੀਂ ਕਰਦੇ। ਰੋਜ਼ਨਾਮਚੇ ਦੀ ਖ਼ਬਰ ਮੁਤਾਬਕ ਬੀਤੇ 15 ਸਾਲਾਂ ਵਿਚੋਂ ਦਸ ਸਾਲ ਟਰੰਪ ਨੇ ਕੋਈ ਸੰਘੀ ਆਮਦਨ ਕਰ ਅਦਾ ਨਹੀਂ ਕੀਤਾ। ਉਧਰ ਵ੍ਹਾਈਟ ਹਾਊਸ ਵਿਚ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਟਰੰਪ ਨੇ ਇਸ ਖ਼ਬਰ ਨੂੰ ‘ਫੇਕ ਨਿਊਜ਼’ ਦੱਸ ਕੇ ਖਾਰਜ ਕਰ ਦਿੱਤਾ ਹੈ। ਟਰੰਪ ਨੇ ਕਿਹਾ ਕਿ ਉਹ ਸਮੇਂ ਸਿਰ ਟੈਕਸਾਂ ਦੀ ਅਦਾਇਗੀ ਕਰਦਾ ਹੈ, ਹਾਲਾਂਕਿ ਉਨ੍ਹਾਂ ਬਹੁਤੀ ਤਫ਼ਸੀਲ ਦੇਣ ਤੋਂ ਨਾਂਹ ਕਰ ਦਿੱਤੀ।


Share