ਟਰੰਪ ਵੱਲੋਂ ਵੈਕਸੀਨ ਵਿਕਸਿਤ ਕਰਨ ‘ਚ ਲੱਗੇ ਭਾਰਤੀ-ਅਮਰੀਕੀ ਵਿਗਿਆਨੀਆਂ ਤੇ ਖੋਜ ਕਰਤਾਵਾਂ ਦੀ ਤਾਰੀਫ

783
Share

ਵਾਸ਼ਿੰਗਟਨ, 17 ਮਈ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ-ਅਮਰੀਕੀ ਵਿਗਿਆਨੀਆਂ ਅਤੇ ਖੋਜ ਕਰਤਾਵਾਂ ਦੀ ਤਾਰੀਫ ਕੀਤੀ ਹੈ। ਟਰੰਪ ਨੇ ਇਹ ਤਾਰੀਫ ਉਨ੍ਹਾਂ ਵੱਲੋਂ ਜਾਨਲੇਵਾ ਕੋਰੋਨਾਵਾਇਰਸ ਦੇ ਇਲਾਜ ਲਈ ਦਵਾਈਆਂ ਅਤੇ ਵੈਕਸੀਨ ਵਿਕਸਿਤ ਕਰਨ ‘ਚ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੇ ਲਈ ਕੀਤੀ ਹੈ। ਟਰੰਪ ਨੇ ਕਿਹਾ ਕਿ ਅਮਰੀਕਾ ਮਹਾਮਾਰੀ ਨਾਲ ਨਜਿੱਠਣ ਲਈ ਭਾਰਤ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਟਰੰਪ ਨੇ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਦੇ ਰੋਜ਼ ਗਾਰਡਨ ‘ਚ ਪੱਤਰਕਾਰਾਂ ਨੂੰ ਕਿਹਾ, ”ਸੰਯੁਕਤ ਰਾਜ ਅਮਰੀਕਾ ‘ਚ ਸਾਡੇ ਕੋਲ ਕਾਫੀ ਭਾਰਤੀ ਆਬਾਦੀ ਹੈ ਅਤੇ ਤੁਸੀਂ ਜਿਹੜੇ ਲੋਕਾਂ ਦੇ ਬਾਰੇ ਵਿਚ ਗੱਲ ਕਰ ਰਹੇ ਹੋ, ਉਨ੍ਹਾਂ ਵਿਚੋਂ ਕਈ ਵੈਕਸੀਨ ‘ਤੇ ਕੰਮ ਕਰ ਰਹੇ ਹਨ। ਇਨ੍ਹਾਂ ‘ਚ ਮਹਾਨ ਵਿਗਿਆਨੀ ਅਤੇ ਖੋਜਕਰਤਾ ਸ਼ਾਮਲ ਹਨ।”
ਟਰੰਪ ਆਪਣੇ ਸੰਬੋਧਨ ‘ਚ ਕੋਰੋਨਾਵਾਇਰਸ ਦੇ ਵਿਰੁੱਧ ਲੜਾਈ ਵਿਚ ਭਾਰਤ-ਅਮਰੀਕੀ ਭਾਈਚਾਰੇ ਦੀ ਤਾਰੀਫ ਕਰ ਰਹੇ ਸਨ। ਇਹ ਪਹਿਲੀ ਵਾਰ ਹੈ, ਜਦੋਂ ਕਿਸੇ ਵਿਦੇਸ਼ੀ ਰਾਸ਼ਟਰਪਤੀ ਨੇ ਭਾਰਤੀ-ਅਮਰੀਕੀ ਭਾਈਚਾਰੇ ਦੀ ਵਿਗਿਆਨਿਕ ਅਤੇ ਖੋਜ ਪ੍ਰਤਿਭਾ ਦੀ ਪਛਾਣ ਕੀਤੀ ਹੈ। ਇੱਥੇ ਦੱਸ ਦਈਏ ਕਿ ਵੈਕਸੀਨ ਵਿਕਸਿਤ ਕਰਨ ਲਈ ਰਾਸ਼ਟਰੀ ਸਿਹਤ ਸੰਸਥਾਵਾਂ, ਯੂਨੀਵਰਸਿਟੀਆਂ, ਖੋਜ ਸੰਸਥਾਵਾਂ ਅਤੇ ਜੈਵ-ਫਾਰਮਾ ਸਟਾਰਟਅਪਸ ਸਮੇਤ ਮੈਡੀਕਲ ਵਿਗਿਆਨ ਦੇ ਵਿਭਿੰਨ ਪਹਿਲੂਆਂ ਦੇ ਵੱਡੀ ਗਿਣਤੀ ‘ਚ ਵਿਗਿਆਨੀ ਅਤਿ ਆਧੁਨਿਕ ਸ਼ੋਧ ਵਿਚ ਲੱਗੇ ਹੋਏ ਹਨ।
ਅਮਰੀਕਾ ‘ਚ ਲਗਭਗ 40 ਲੱਖ ਭਾਰਤੀ-ਅਮਰੀਕੀ ਹਨ, ਜਿਨ੍ਹਾਂ ਵਿਚੋਂ ਲੱਗਭਗ 25 ਲੱਖ ਇਸ ਸਾਲ ਨਵੰਬਰ ਦੀਆਂ ਰਾਸ਼ਟਰਪਤੀ ਚੋਣਾਂ ‘ਚ ਸੰਭਾਵਿਤ ਵੋਟਰ ਹਨ। ਟਰੰਪ ਪਹਿਲੇ ਅਜਿਹੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਹਨ, ਜਿਨ੍ਹਾਂ ਨੇ ਅਕਤੂਬਰ 2016 ਵਿਚ ਨਿਊਜਰਸੀ ‘ਚ ਭਾਰਤ-ਅਮਰੀਕੀਆਂ ਦੇ ਲਈ ਇਕ ਵੱਖਰੀ ਚੁਣਾਵੀ ਰੈਲੀ ਆਯੋਜਿਤ ਕੀਤੀ ਸੀ। ਉਦੋਂ ਤੋਂ ਉਹ ਖੁਦ ਨੂੰ ਵ੍ਹਾਈਟ ਹਾਊਸ ‘ਚ ਭਾਰਤ ਅਤੇ ਭਾਰਤੀ-ਅਮਰੀਕੀਆਂ ਦਾ ਸਭ ਤੋਂ ਚੰਗਾ ਦੋਸਤ ਦੱਸਦੇ ਆ ਰਹੇ ਹਨ।


Share