ਟਰੰਪ ਵੱਲੋਂ ਮਰਦਮਸ਼ੁਮਾਰੀ ‘ਚੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਰੱਖਣ ਦਾ ਹੁਕਮ

486
Share

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ : 916-320-9444
ਅਮਰੀਕਾ ਵਿਚ ਇਸ ਵੇਲੇ ਮਰਦਮਸ਼ੁਮਾਰੀ ਦਾ ਦੌਰ ਚੱਲ ਰਿਹਾ ਹੈ। ਅਮਰੀਕਾ ਅੰਦਰ ਵਸਦੇ ਸਭਨਾਂ ਲੋਕਾਂ ਦੀ ਮਰਦਮਸ਼ੁਮਾਰੀ ਹਰ 10 ਸਾਲ ਬਾਅਦ ਕੀਤੀ ਜਾਂਦੀ ਹੈ। ਇਸ ਮਰਦਮਸ਼ੁਮਾਰੀ ਦੇ ਅੰਕੜਿਆਂ ਦੇ ਆਧਾਰ ਉਪਰ ਪ੍ਰਸ਼ਾਸਨ ਵੱਲੋਂ ਅਲੱਗ-ਅਲੱਗ ਤਰ੍ਹਾਂ ਦੀਆਂ ਨੀਤੀਆਂ ਘੜੀਆਂ ਜਾਂਦੀਆਂ ਹਨ ਅਤੇ ਫੈਸਲੇ ਲਏ ਜਾਂਦੇ ਹਨ। ਮਰਦਮਸ਼ੁਮਾਰੀ ਦੇ ਅਜਿਹੇ ਅੰਕੜੇ ਰਾਜਨੀਤਿਕ ਲੋਕਾਂ ਲਈ ਵੀ ਗਿਣਤੀਆਂ-ਮਿਣਤੀਆਂ ਦਾ ਆਧਾਰ ਬਣਦੇ ਹਨ। ਇਸ ਵੇਲੇ ਅਮਰੀਕਾ ਵਿਚ ਚੱਲ ਰਹੀ ਮਰਦਮਸ਼ੁਮਾਰੀ ਵਿਚੋਂ ਟਰੰਪ ਨੇ ਦੇਸ਼ ਵਿਚ ਰਹਿ ਰਹੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਨੂੰ ਬਾਹਰ ਰੱਖਣ ਦੇ ਹੁਕਮ ਦਿੱਤੇ ਹਨ। ਵ੍ਹਾਈਟ ਹਾਊਸ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਪੱਸ਼ਟ ਕੀਤਾ ਹੈ ਕਿ ਮੇਰਾ ਪ੍ਰਸ਼ਾਸਨ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਜਾਂ ਰਹਿਣ ਵਾਲੇ ਪ੍ਰਵਾਸੀ ਲੋਕਾਂ ਨੂੰ ਸੰਸਦ ‘ਚ ਨੁਮਾਇੰਦਗੀ ਦੇਣ ਦਾ ਸਮਰਥਨ ਨਹੀਂ ਕਰੇਗਾ।
ਟਰੰਪ ਪ੍ਰਸ਼ਾਸਨ ਆਪਣੇ ਕਾਰਜਕਾਲ ਦੇ ਸ਼ੁਰੂ ਤੋਂ ਹੀ ਪ੍ਰਵਾਸੀਆਂ ਪ੍ਰਤੀ ਸਖ਼ਤ ਰੁਖ਼ ਅਪਣਾ ਕੇ ਅਮਰੀਕੀ ਲੋਕਾਂ ਦੀ ਹਮਾਇਤ ਹਾਸਲ ਕਰਨ ਦਾ ਰੁਖ਼ ਅਪਣਾਉਂਦਾ ਚੱਲਿਆ ਆ ਰਿਹਾ ਹੈ। ਉਨ੍ਹਾਂ ਦਾ ਇਹ ਫੈਸਲਾ ਵੀ ਉਸੇ ਲੜੀ ਦੀ ਹੀ ਨਵੀਂ ਕੜੀ ਹੈ। ਇਸ ਫੈਸਲੇ ਰਾਹੀਂ ਉਹ ਬਹੁਤ ਸਾਰੇ ਖੇਤਰਾਂ ਵਿਚ ਰਹਿ ਰਹੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਮਰਦਮਸ਼ੁਮਾਰੀ ਵਿਚੋਂ ਬਾਹਰ ਕੱਢ ਕੇ ਅਮਰੀਕੀ ਲੋਕਾਂ ਦੀ ਹਮਾਇਤ ਲੈਣ ਦੇ ਯਤਨ ਵਿਚ ਹਨ। ਅਮਰੀਕਾ ਅੰਦਰ ਇਸ ਵੇਲੇ 11 ਮਿਲੀਅਨ ਦੇ ਕਰੀਬ ਗੈਰ ਕਾਨੂੰਨੀ ਪ੍ਰਵਾਸੀ ਰਹਿ ਰਹੇ ਹਨ। ਇਹ ਸਮਝਿਆ ਜਾਂਦਾ ਹੈ ਕਿ ਇਨ੍ਹਾਂ ਗੈਰ ਕਾਨੂੰਨੀ ਪ੍ਰਵਾਸੀਆਂ ਵਿਚੋਂ ਅਜਿਹੇ ਲੋਕਾਂ ਦੀ ਗਿਣਤੀ ਬਹੁਤ ਥੋੜ੍ਹੀ ਹੋਵੇਗੀ, ਜਿਨ੍ਹਾਂ ਕੋਲ ਅਮਰੀਕਾ ਅੰਦਰ ਪ੍ਰਵਾਸ ਦੇ ਕਾਗਜ਼ ਨਹੀਂ ਹਨ ਤੇ ਉਹ ਸ਼ਾਇਦ ਟੈਕਸ ਨਾ ਭਰਦੇ ਹੋਣ। ਪਰ ਵੱਡੀ ਗਿਣਤੀ ‘ਚ ਗੈਰ ਕਾਨੂੰਨੀ ਤੌਰ ‘ਤੇ ਅਮਰੀਕਾ ‘ਚ ਦਾਖਲ ਹੋਏ ਪ੍ਰਵਾਸੀਆਂ ਨੂੰ ਵਰਕ ਪਰਮਿਟ ਮਿਲ ਜਾਂਦਾ ਹੈ। ਵਰਕ ਪਰਮਿਟ ਹਾਸਲ ਅਜਿਹੇ ਪ੍ਰਵਾਸੀ ਕਾਮੇ ਰੁਜ਼ਗਾਰ ਕਰਦੇ ਹਨ ਅਤੇ ਆਪਣਾ ਬਣਦਾ ਟੈਕਸ ਵੀ ਖਜ਼ਾਨੇ ਵਿਚ ਜਮ੍ਹਾ ਕਰਵਾਉਂਦੇ ਹਨ। ਇਸ ਤਰ੍ਹਾਂ ਅਜਿਹੇ ਗੈਰ ਕਾਨੂੰਨੀ ਪ੍ਰਵਾਸੀ ਕਿਸੇ ਵੀ ਰੂਪ ਵਿਚ ਟੈਕਸ ਦੇਣ ਵਾਲਿਆਂ ਉਪਰ ਬੋਝ ਨਹੀਂ ਬਣਦੇ, ਸਗੋਂ ਉਹ ਖੁਦ ਕਰਦਾਤਿਆਂ ਵਿਚ ਸ਼ਾਮਲ ਹਨ।
ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਹੁਣ ਮਰਦਮਸ਼ੁਮਾਰੀ ਵਿਚੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਰੱਖਣ ਦੀ ਮਨਸ਼ਾ ਕੁੱਝ ਵੀ ਹੋਵੇ, ਪਰ ਜ਼ਿਆਦਾਤਰ ਲੋਕ ਇਸ ਨੂੰ ਰਾਜਨੀਤਿਕ ਨਜ਼ਰੀਏ ਤੋਂ ਲਏ ਫੈਸਲੇ ਵਜੋਂ ਦੇਖ ਰਹੇ ਹਨ। ਮਰਦਮਸ਼ੁਮਾਰੀ ਵਿਚ ਸ਼ਾਮਲ ਅੰਕੜੇ ਉਸ ਵਿਸ਼ੇਸ਼ ਖਿੱਤੇ ‘ਚ ਫੈਡਰਲ ਸਰਕਾਰਾਂ ਦੀਆਂ ਗ੍ਰਾਂਟਾਂ ਦਾ ਆਧਾਰ ਹੁੰਦੇ ਹਨ ਅਤੇ ਇਨ੍ਹਾਂ ਗਿਣਤੀਆਂ-ਮਿਣਤੀਆਂ ਉਪਰ ਹੀ ਸੰਸਦੀ ਸੀਟਾਂ ਨਿਰਭਰ ਕਰਦੀਆਂ ਹਨ। ਜੇਕਰ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਇਹ ਫੈਸਲਾ ਲਾਗੂ ਹੋ ਜਾਂਦਾ ਹੈ, ਤਾਂ ਇਸ ਨਾਲ ਕੈਲੀਫੋਰਨੀਆ ਜਾਂ ਨਿਊਯਾਰਕ ਵਰਗੀਆਂ ਸੰਸਦੀ ਸੀਟਾਂ ਦੇ ਪ੍ਰਭਾਵਿਤ ਹੋਣ ਦੇ ਆਸਾਰ ਹਨ। ਕਿਉਂਕਿ ਉਥੇ ਜ਼ਿਆਦਾਤਰ ਸੰਸਦੀ ਸੀਟਾਂ ਡੈਮੋਕ੍ਰੇਟਿਕ ਪਾਰਟੀ ਦੇ ਪੱਖ ਵਿਚ ਜਾਂਦੀਆਂ ਹਨ। ਪੂਰੇ ਅਮਰੀਕਾ ਅੰਦਰ ਹੀ ਉਂਝ ਵੀ ਇੰਮੀਗ੍ਰਾਂਟਸ ਦੀ ਜਾਂ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗੱਲ ਕਰੀਏ, ਤਾਂ ਇਹ ਜ਼ਿਆਦਾਤਰ ਵੋਟ ਡੈਮੋਕ੍ਰੇਟਿਕ ਵੋਟ ਹੀ ਗਿਣੀ ਜਾਂਦੀ ਹੈ। ਜੇਕਰ ਮਰਦਮਸ਼ੁਮਾਰੀ ਵਿਚ ਇਨ੍ਹਾਂ ਨੂੰ ਗਿਣਤੀ ਵਿਚੋਂ ਬਾਹਰ ਕਰ ਦਿੱਤਾ ਜਾਂਦਾ ਹੈ, ਤਾਂ ਉਸ ਵਿਸ਼ੇਸ਼ ਖਿੱਤੇ ਵਿਚ ਰਹਿਣ ਵਾਲੇ ਜ਼ਿਆਦਾਤਰ ਲੋਕ ਅਮਰੀਕੀ ਹੀ ਹੋਣਗੇ। ਇਸ ਦਾ ਸਪੱਸ਼ਟ ਰੂਪ ਵਿਚ ਲਾਭ ਰਿਪਬਲਿਕਨ ਪਾਰਟੀ ਨੂੰ ਹੀ ਹੋ ਸਕਦਾ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਟਰੰਪ ਦੇ ਇਸ ਫੈਸਲੇ ਨਾਲ ਅਜਿਹੇ ਖਿੱਤਿਆਂ ਦਾ ਰਾਜਸੀ ਸਮੀਕਰਣ ਹੀ ਬਦਲ ਸਕਦਾ ਹੈ। ਟਰੰਪ ਅਜਿਹੇ ਸਮੀਕਰਣ ਪੈਦਾ ਕਰਨ ਲਈ ਹੀ ਪ੍ਰਵਾਸੀਆਂ ਖਿਲਾਫ ਲਗਾਤਾਰ ਕੋਈ ਨਾ ਕੋਈ ਨਵਾਂ ਫੈਸਲਾ ਕਰਦੇ ਜਾਂ ਕਾਨੂੰਨ ਬਣਾਉਂਦੇ ਰਹਿੰਦੇ ਹਨ।
ਟਰੰਪ ਵੱਲੋਂ ਲਗਾਤਾਰ ਇੰਮੀਗ੍ਰੇਸ਼ਨ ਕਾਨੂੰਨਾਂ ‘ਚ ਸਖਤੀ ਦਰਸਾਉਂਦਿਆਂ ਹੋਇਆਂ ਅਮਰੀਕਾ ਦੇ ਲੋਕਾਂ ਦੀ ਹਮਦਰਦੀ ਜਿੱਤੀ ਜਾ ਰਹੀ ਹੈ ਤੇ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਇਸ ਹਮਦਰਦੀ ਨੂੰ ਉਹ ਆਪਣੇ ਵੋਟ ਬੈਂਕ ‘ਚ ਬਦਲ ਸਕਣ। ਬੇਸ਼ੱਕ ਡੋਨਾਲਡ ਟਰੰਪ ਇਨ੍ਹਾਂ ਤਾਜ਼ੇ ਸਰਵੇਖਣਾਂ ਵਿਚ 11 ਤੋਂ 15 ਫੀਸਦੀ ਦੀ ਦਰ ਨਾਲ ਪਿੱਛੇ ਚੱਲ ਰਹੇ ਹਨ। ਇਸ ਕਰਕੇ ਟਰੰਪ ਦੀ ਵੱਡੀ ਸਮੱਸਿਆ ਇਸ ਵੇਲੇ ਅਜਿਹੇ ਸਮੀਕਰਣਾਂ ਨੂੰ ਬਦਲਣ ਅਤੇ ਲੋਕਾਂ ਦੇ ਰੁਖ਼ ਨੂੰ ਆਪਣੇ ਵੱਲ ਕਰਨ ਲਈ ਨਵੀਆਂ-ਨਵੀਆਂ ਯੋਜਨਾਵਾਂ ਘੜਨ ਅਤੇ ਫੈਸਲੇ ਲੈਣ ਵੱਲ ਸੇਧਿਤ ਹੈ। ਪਰ ਅਜਿਹੀਆਂ ਨੀਤੀਆਂ ਅਤੇ ਕੰਮ ਕੀ ਹੁਣ ਤੱਕ ਬਣੇ ਸਮੀਕਰਣਾਂ ਨੂੰ ਬਦਲ ਸਕਦੇ ਹਨ। ਇਸ ਬਾਰੇ ਹਾਲ ਦੀ ਘੜੀ ਵਿਚ ਕੁੱਝ ਕਹਿਣਾ ਮੁਸ਼ਕਲ ਹੈ।
ਡੈਮੋਕ੍ਰੇਟਿਕ ਪਾਰਟੀ ਅਜਿਹੇ ਫੈਸਲਿਆਂ ਅਤੇ ਨੀਤੀਆਂ ਖਿਲਾਫ ਕੀ ਰੁਖ਼ ਅਖਤਿਆਰ ਕਰਦੀ ਹੈ ਅਤੇ ਉਹ ਕਿਸੇ ਕਾਨੂੰਨੀ ਚਾਰਾਜੋਈ ਅਖਤਿਆਰ ਵੱਲ ਵਧਦੀ ਹੈ ਜਾਂ ਨਹੀਂ, ਇਸ ਬਾਰੇ ਵੀ ਆਉਂਦੇ ਦਿਨਾਂ ਵਿਚ ਹੀ ਸਪੱਸ਼ਟ ਹੋ ਸਕੇਗਾ। ਪਰ ਇਸ ਗੱਲ ਨੂੰ ਸਾਰੇ ਲੋਕ ਪ੍ਰਵਾਨ ਕਰਦੇ ਹਨ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਹ ਕਾਨੂੰਨ ਪਾਸ ਕਰਨ ਮਗਰੋਂ ਕੁੱਝ ਹਮਦਰਦੀ ਅਤੇ ਉਸ ਹਮਦਰਦੀ ਵਿਚੋਂ ਬਦਲਦੀ ਵੋਟ ਬੈਂਕ ਦੀ ਝਲਕ ਸਾਫ ਤੌਰ ‘ਤੇ ਨਜ਼ਰ ਆਉਂਦੀ ਹੈ।
ਇਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਟਰੰਪ ਪ੍ਰਸ਼ਾਸਨ ਵੱਲੋਂ ਪਿਛਲੇ ਸਮੇਂ ਦੌਰਾਨ ਪ੍ਰਵਾਸੀਆਂ ਖਿਲਾਫ ਬਹੁਤ ਸਾਰੇ ਫੈਸਲੇ ਕੀਤੇ ਜਾਂਦੇ ਰਹੇ ਹਨ। ਪਰ ਉਨ੍ਹਾਂ ਵਿਚੋਂ ਬਹੁਤੇ ਹੁਕਮ ਅਦਾਲਤਾਂ ‘ਚੋਂ ਪ੍ਰਵਾਨ ਨਹੀਂ ਹੋ ਸਕੇ, ਸਗੋਂ ਅਦਾਲਤਾਂ ਨੇ ਅਜਿਹੇ ਫੈਸਲਿਆਂ ਨੂੰ ਰੱਦ ਕਰ ਦਿੱਤਾ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਰਾਸ਼ਟਰਪਤੀ ਟਰੰਪ ਦੇ ਲਏ ਇਸ ਫੈਸਲੇ ਨੂੰ ਕੀ ਵਿਰੋਧੀ ਪਾਰਟੀ ਅਦਾਲਤ ਵਿਚ ਚੁਣੌਤੀ ਦੇਵੇਗੀ ਜਾਂ ਫਿਰ ਅਦਾਲਤ ਇਸ ਫੈਸਲੇ ਪ੍ਰਤੀ ਕੀ ਰੁਖ਼ ਅਖਤਿਆਰ ਕਰਦੀ ਹੈ? ਇਨ੍ਹਾਂ ਦੋਵਾਂ ਨੁਕਤਿਆਂ ਉਪਰ ਕਾਫੀ ਕੁੱਝ ਨਿਰਭਰ ਕਰੇਗਾ। ਜੇਕਰ ਪਹਿਲਾਂ ਵਾਂਗ ਹੀ ਇਹ ਹੁਕਮ ਵੀ ਅਦਾਲਤ ਵੱਲੋਂ ਰੱਦ ਕਰ ਦਿੱਤਾ ਜਾਂਦਾ ਹੈ, ਤਾਂ ਵੀ ਟਰੰਪ ਨੂੰ ਅਮਰੀਕਾ ਵਾਸੀਆਂ ਵੱਲੋਂ ਕੁੱਝ ਨਾ ਕੁੱਝ ਹਮਦਰਦੀ ਤੇ ਹਮਾਇਤ ਦੀ ਆਸ ਬਣੀ ਰਹੇਗੀ।
ਇਥੇ ਜੇ ਗੱਲ ਕਰੀਏ, ਅਮਰੀਕਾ ਵਿਚ ਸਿੱਖਾਂ ਦੀ ਹੋਂਦ ਬਾਰੇ, ਤਾਂ ਇਥੇ ਚੱਲ ਰਹੀ ਮਰਦਮਸ਼ੁਮਾਰੀ ਵਿਚ ਘੱਟ ਗਿਣਤੀ ਵਜੋਂ ਪੰਜਾਬੀਆਂ ਅਤੇ ਸਿੱਖਾਂ ਦੀ ਭੂਮਿਕਾ ਬੜੀ ਅਹਿਮ ਹੈ। ਮਰਦਮਸ਼ੁਮਾਰੀ ਵਿਚ ਕਿਸੇ ਘੱਟ ਗਿਣਤੀ ਬਾਰੇ ਦਰਜ ਅੰਕੜੇ ਪ੍ਰਸ਼ਾਸਨ ਤੇ ਸਰਕਾਰ ਲਈ ਨੀਤੀਆਂ ਘੜਨ ਵਿਚ ਅਹਿਮ ਯੋਗਦਾਨ ਪਾਉਂਦੇ ਹਨ। ਅਮਰੀਕਾ ਵਿਚ ਹੋ ਰਹੀ ਮਰਦਮਸ਼ੁਮਾਰੀ ਦੇ ਇਕੱਤਰ ਕੀਤੇ ਜਾ ਰਹੇ ਵੇਰਵਿਆਂ ਵਿਚ ਪਹਿਲਾਂ ਸਿੱਖ ਭਾਈਚਾਰਾ ਇੰਡੀਅਨ ਜਾਂ ਏਸ਼ੀਅਨ ਇੰਡੀਅਨ ਦਰਜ ਕਰਾਉਂਦੇ ਰਹੇ ਸਨ। ਪਰ ਹੁਣ ਸਿੱਖਾਂ ਨੂੰ ਇਸ ਵਿਚ ਬਤੌਰ ਸਿੱਖ ਆਪਣੀ ਪਹਿਚਾਣ ਦਰਜ ਕਰਾਉਣ ਦੀ ਖੁੱਲ੍ਹ ਮਿਲ ਗਈ ਹੈ। ਇਸ ਕਰਕੇ ਸਮੂਹ ਸਿੱਖ ਭਾਈਚਾਰੇ ਨੂੰ ਸੁਚੇਤ ਹੋ ਕੇ ਆਪਣੇ ਆਪ ਨੂੰ ਬਤੌਰ ਸਿੱਖ ਦਰਜ ਕਰਵਾਉਣਾ ਚਾਹੀਦਾ ਹੈ, ਤਾਂਕਿ ਅਮਰੀਕਾ ਅੰਦਰ ਸਿੱਖਾਂ ਦੀ ਗਿਣਤੀ ਅਤੇ ਉਨ੍ਹਾਂ ਦੇ ਸੰਬੰਧ ਵਿਚ ਵੱਖ-ਵੱਖ ਤਰ੍ਹਾਂ ਦੇ ਹੋਰ ਅੰਕੜਿਆਂ ਦਾ ਪਤਾ ਚੱਲ ਸਕੇ। ਅਜਿਹੀ ਜਾਣਕਾਰੀ ਦੇ ਆਧਾਰ ‘ਤੇ ਜਿੱਥੇ ਸਾਡੇ ਭਾਈਚਾਰੇ ਦੇ ਆਗੂ ਆਪਣੀਆਂ ਮੰਗਾਂ ਤੇ ਮਸਲੇ ਖੜ੍ਹੇ ਕਰਨ ਵਿਚ ਸਹਾਈ ਹੋਣਗੇ, ਉਥੇ ਸਰਕਾਰਾਂ ਵੀ ਇਨ੍ਹਾਂ ਅੰਕੜਿਆਂ ਦੇ ਆਧਾਰ ‘ਤੇ ਸਾਡੀ ਵਸੋਂ ਪ੍ਰਤੀ ਨੀਤੀਆਂ ਤੇ ਫੈਸਲੇ ਲੈਣ ਵਿਚ ਅੱਗੇ ਵੱਧ ਸਕੇਗੀ। ਕੈਲੀਫੋਰਨੀਆ, ਸ਼ਿਕਾਗੋ, ਨਿਊਯਾਰਕ, ਨਿਊਜਰਸੀ ਸਮੇਤ ਕਈ ਸਟੇਟਾਂ ਅਜਿਹੀਆਂ ਹਨ, ਜਿੱਥੇ ਸਿੱਖ ਅਤੇ ਪੰਜਾਬੀ ਕਾਫੀ ਗਿਣਤੀ ਵਿਚ ਵਸਦੇ ਹਨ ਅਤੇ ਉਥੋਂ ਦੇ ਵਪਾਰਕ, ਰਾਜਸੀ, ਸਮਾਜਿਕ ਅਤੇ ਹੋਰ ਅਨੇਕ ਖੇਤਰਾਂ ਵਿਚ ਚੰਗਾ ਰਸੂਖ ਰੱਖ ਰਹੇ ਹਨ। ਸਾਡੇ ਭਾਈਚਾਰੇ ਨੂੰ ਅਮਰੀਕੀ ਮੂਲ ਦੇ ਲੋਕਾਂ ਵਿਚ ਵੀ ਆਪਣਾ ਰਸੂਖ ਤੇ ਭਾਈਚਾਰਾ ਵਧਾਉਣ ਵੱਲ ਯਤਨਸ਼ੀਲ ਰਹਿਣਾ ਚਾਹੀਦਾ ਹੈ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਪਿਛਲੇ ਦੋ-ਤਿੰਨ ਦਹਾਕਿਆਂ ਦੌਰਾਨ ਸਾਡੇ ਲੋਕਾਂ ਨੇ ਹਰ ਖੇਤਰ ਵਿਚ ਚੰਗੀ ਨਾਮਨਾ ਖੱਟੀ ਹੈ। ਖਾਸਕਰ ਕਰੋਨਾ ਦੀ ਮਹਾਂਮਾਰੀ ਦੇ ਦੌਰ ਵਿਚ ਸਿੱਖ ਗੁਰਦੁਆਰਿਆਂ, ਸਿੱਖ ਸੰਸਥਾਵਾਂ ਅਤੇ ਵਿਅਕਤੀਗਤ ਰੂਪ ਵਿਚ ਸਿੱਖਾਂ ਨੇ ਲੰਗਰ ਅਤੇ ਹੋਰ ਮਦਦ ਕਰਕੇ ਵੱਡੀ ਸੇਵਾ ਨਿਭਾਈ ਹੈ। ਸਿੱਖਾਂ ਦੀ ਨਿਸ਼ਕਾਮ ਅਤੇ ਹਰ ਤਰ੍ਹਾਂ ਦੇ ਨਸਲੀ ਤੇ ਧਾਰਮਿਕ ਵਖਰੇਵਿਆਂ ਤੋਂ ਉਪਰ ਉੱਠ ਕੇ ਕੀਤੀ ਸੇਵਾ ਦੀ ਪੂਰੀ ਦੁਨੀਆਂ ਵਿਚ ਵੱਡੀ ਚਰਚਾ ਹੋਈ ਹੈ ਅਤੇ ਇਸ ਸੇਵਾ ਰਾਹੀਂ ਸਮੁੱਚੀ ਦੁਨੀਆਂ ਵਿਚ ਸਿੱਖਾਂ ਦਾ ਮਾਣ-ਸਨਮਾਨ ਵਧਿਆ ਹੈ। ਇਹ ਸਿੱਖਾਂ ਲਈ ਬੇਹੱਦ ਮਾਣ ਵਾਲੀ ਗੱਲ ਹੈ। ਕਰੋਨਾ ਆਫਤ ਵਿਚ ਸਿੱਖਾਂ ਵੱਲੋਂ ਨਿਭਾਈ ਸੇਵਾ ਨੇ ਸਿੱਖ ਪਛਾਣ ਨੂੰ ਸਥਾਪਿਤ ਕਰਨ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਸ਼ਾਇਦ ਇਹ ਪਹਿਲੀ ਵਾਰ ਹੋਇਆ ਹੈ ਕਿ ਦੁਨੀਆਂ ਦੇ ਵੱਡੇ ਮੁਲਕਾਂ ਦੇ ਮੁਖੀ ਸਿੱਖਾਂ ਦੀ ਪ੍ਰਸ਼ੰਸਾ ਕਰਦੇ ਵੇਖੇ ਗਏ ਹਨ। ਖਾਸਕਰ ਅਮਰੀਕਾ ਦੇ ਰਾਸ਼ਟਰਪਤੀ ਟਰੰਪ, ਕੈਨੇਡਾ ਦੇ ਪ੍ਰਧਾਨ ਜਸਟਿਨ ਟਰੂਡੋ, ਬਰਤਾਨੀਆ ਦੇ ਪ੍ਰਧਾਨ ਬੌਰਿਸ ਜੌਹਨਸਨ ਸਮੇਤ ਅਨੇਕਾਂ ਦੇਸ਼ਾਂ ਦੇ ਮੁਖੀਆਂ ਵੱਲੋਂ ਸਿੱਖਾਂ ਦੀ ਪ੍ਰਸ਼ੰਸਾ ਕੀਤੀ ਜਾਂਦੀ ਰਹੀ ਹੈ। ਸਿੱਖੀ ਦੀ ਮੂਲ ਭਾਵਨਾ ਮਨੁੱਖਤਾ ਦੀ ਸੇਵਾ ਦਾ ਕ੍ਰਿਸ਼ਮਾ ਹੀ ਹੈ ਕਿ ਅਸੀਂ ਇਸ ਆਫਤ ਦੇ ਸਮੇਂ ਦੌਰਾਨ ਵੀ ਆਪਣੇ ਕਰਮ ਨਾਲ ਸਿੱਖੀ ਪਛਾਣ ਨੂੰ ਦੁਨੀਆਂ ਭਰ ਵਿਚ ਸਥਾਪਿਤ ਕਰਨ ਦੇ ਸਮਰੱਥ ਹੋਏ ਹਾਂ।


Share