ਟਰੰਪ ਵੱਲੋਂ ਪ੍ਰਵਾਸ ਰੋਕਣ ਦਾ ਫੈਸਲਾ ਕਿਤੇ ਸਥਾਈ ਨਾ ਹੋ ਜਾਵੇ

853
Share

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ: 916-320-9444
ਕੋਰੋਨਾਵਾਇਰਸ ਦੀ ਤਬਾਹੀ ਨੂੰ ਮੱਦੇਨਜ਼ਰ ਰੱਖਦਿਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀਆਂ ਐਗਜ਼ੈਕਟਿਵ ਸ਼ਕਤੀਆਂ ਦੀ ਵਰਤੋਂ ਕਰਦਿਆਂ ਅਮਰੀਕਾ ਵਿਚ ਇੰਮੀਗ੍ਰੇਸ਼ਨ ਉਪਰ ਆਰਜ਼ੀ ਪਾਬੰਦੀਆਂ ਲਗਾ ਦਿੱਤੀਆਂ ਹਨ। ਇਸ ਬਾਰੇ ਇਕ ਟਵੀਟ ਰਾਹੀਂ ਟਰੰਪ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਸੰਬੰਧ ਵਿਚ ਟਰੰਪ ਪ੍ਰਸ਼ਾਸਨ ਅਤੇ ਵ੍ਹਾਈਟ ਹਾਊਸ ਵੱਲੋਂ ਵਿਸਥਾਰਤ ਕੋਈ ਜਾਣਕਾਰੀ ਤਾਂ ਜਾਰੀ ਨਹੀਂ ਕੀਤੀ ਗਈ ਹੈ। ਪਰ ਟਵੀਟ ਵਿਚ ਕਿਹਾ ਗਿਆ ਹੈ ਕਿ ਕੋਰੋਨਾਵਾਇਰਸ ਕਾਰਨ ਪ੍ਰਵਾਸ ਉਪਰ ਰੋਕ ਲਗਾਉਣਾ ਜ਼ਰੂਰੀ ਹੈ। ਟਰੰਪ ਵੱਲੋਂ ਕੋਰੋਨਾ ਦੀ ਮਾਰ ਹੇਠ ਆਏ ਚੀਨ ਅਤੇ ਯੂਰਪ ਦੇ ਨਾਗਰਿਕਾਂ ਦੇ ਅਮਰੀਕਾ ‘ਚ ਦਾਖਲੇ ਉੱਤੇ ਪਾਬੰਦੀ ਨੂੰ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ। ਟਰੰਪ ਦਾ ਕਹਿਣਾ ਹੈ ਕਿ ਕੋਰੋਨਾ ਦੀ ਲਾਗ ਨਾਲ ਪੀੜਤ ਇਨ੍ਹਾਂ ਮੁਲਕਾਂ ਦੇ ਲੋਕਾਂ ਨੂੰ ਰੋਕਣ ਲਈ ਜੇਕਰ ਤੁਰੰਤ ਫੈਸਲਾ ਨਾ ਲਿਆ ਹੁੰਦਾ, ਤਾਂ ਇਹ ਬਿਮਾਰੀ ਹੋਰ ਵੀ ਭਿਆਨਕ ਰੂਪ ਅਖਤਿਆਰ ਕਰ ਸਕਦੀ ਸੀ। ਟਰੰਪ ਆਪਣੇ ਇਸ ਫੈਸਲੇ ਉੱਤੇ ਮਾਣ ਕਰਦੇ ਹਨ।
ਅਮਰੀਕਾ ਵਿਚ ਆਰਜ਼ੀ ਤੌਰ ‘ਤੇ ਇਮੀਗ੍ਰੇਸ਼ਨ ਉਪਰ ਰੋਕ ਲਗਾਏ ਜਾਣ ਪਿੱਛੇ ਟਰੰਪ ਦੀ ਦਲੀਲ ਹੈ ਕਿ ਉਹ ਅਜਿਹਾ ਕਰਕੇ ਮਹਾਨ ਅਮਰੀਕੀ ਲੋਕਾਂ ਲਈ ਰੁਜ਼ਗਾਰ ਬਚਾ ਕੇ ਰੱਖ ਸਕਣਗੇ। ਜੇਕਰ ਇਹ ਫੈਸਲਾ ਆਰਜ਼ੀ ਤੌਰ ‘ਤੇ ਹੀ ਇੰਮੀਗ੍ਰੇਸ਼ਨ ਉਪਰ ਰੋਕ ਲਗਾਉਣ ਤੱਕ ਸੀਮਤ ਰਹਿੰਦਾ ਹੈ, ਫਿਰ ਤਾਂ ਇਸ ਨਾਲ ਕਿਸੇ ਨੂੰ ਕੋਈ ਬਹੁਤਾ ਹਰਜਾ ਨਹੀਂ ਪਹੁੰਚਣਾ। ਪਰ ਜਿਸ ਤਰ੍ਹਾਂ ਟਰੰਪ ਪਿਛਲੇ ਸਾਲਾਂ ਤੋਂ ਲਗਾਤਾਰ ਇਮੀਗ੍ਰਾਂਟਸ ਵਿਰੋਧੀ ਪਹੁੰਚ ਅਪਣਾ ਕੇ ਚੱਲਦੇ ਆ ਰਹੇ ਹਨ ਅਤੇ ਇਨ੍ਹਾਂ ਸਾਲਾਂ ਵਿਚ ਇੰਮੀਗ੍ਰਾਂਟਸ ਨੂੰ ਮਿਲਣ ਵਾਲੀਆਂ ਸਹੂਲਤਾਂ ਹੀ ਨਹੀਂ ਰੋਕੀਆਂ ਗਈਆਂ, ਸਗੋਂ ਪ੍ਰਵਾਸੀਆਂ ਨੂੰ ਮਿਲਣ ਵਾਲੇ ਬਹੁਤ ਸਾਰੇ ਲਾਭਾਂ ਉੱਪਰ ਵੀ ਕੱਟ ਲਗਾਇਆ ਗਿਆ ਹੈ। ਉਨ੍ਹਾਂ ਦੇ ਇਸ ਵਤੀਰੇ ਨੂੰ ਦੇਖਦਿਆਂ ਬਹੁਤ ਸਾਰੇ ਲੋਕਾਂ ਅੰਦਰ ਇਹ ਖਦਸ਼ਾ ਪਾਇਆ ਜਾ ਰਿਹਾ ਹੈ ਕਿ ਟਰੰਪ ਕੋਰੋਨਾਵਾਇਰਸ ਦੇ ਓਹਲੇ ਹੇਠ ਅਮਰੀਕਾ ਅੰਦਰ ਪ੍ਰਵਾਸ (ਇੰਮੀਗ੍ਰੇਸ਼ਨ) ਉੱਪਰ ਵੱਡਾ ਕੁਹਾੜਾ ਚਲਾ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ, ਤਾਂ ਭਾਰਤ ਸਮੇਤ ਏਸ਼ੀਆ ਅਤੇ ਹੋਰਨਾਂ ਮੁਲਕਾਂ ਦੇ ਲੋਕਾਂ ਲਈ ਇਹ ਵੱਡੀ ਸਮੱਸਿਆ ਬਣ ਜਾਵੇਗੀ।
ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਤੋਂ ਆ ਕੇ ਲੱਖਾਂ ਅਜਿਹੇ ਲੋਕ ਇਸ ਵੇਲੇ ਅਮਰੀਕਾ ਵਿਚ ਰਹਿ ਰਹੇ ਹਨ, ਜਿਨ੍ਹਾਂ ਵਿਚੋਂ ਬਹੁਤਿਆਂ ਦੇ ਪਰਿਵਾਰਕ ਮੈਂਬਰ ਆਪੋ-ਆਪਣੇ ਮੁਲਕਾਂ ਵਿਚ ਹਨ। ਜੇਕਰ ਅਮਰੀਕਾ ਵਿਚ ਪ੍ਰਵਾਸ ਉੱਪਰ ਪੱਕੀ ਰੋਕ ਲੱਗ ਜਾਂਦੀ ਹੈ, ਤਾਂ ਇਸ ਨਾਲ ਪਰਿਵਾਰਾਂ ਦੇ ਆਪਸ ਵਿਚ ਮਿਲਣ ਦੀ ਸੰਭਾਵਨਾ ਹੀ ਖਤਮ ਹੋ ਜਾਂਦੀ ਹੈ। ਟਰੰਪ ਅਮਰੀਕਾ ਅੰਦਰ ਇਮੀਗ੍ਰਾਂਟਸ ਦਾ ਦਾਖਲਾ ਰੋਕਣ ਦੇ ਨਾਂ ਉੱਤੇ ਇਕ ਖਾਸ ਕਿਸਮ ਦਾ ਫੈਸਲਾ ਲੈ ਕੇ ਅਮਰੀਕੀ ਚੋਣਾਂ ਜਿੱਤਣ ਦਾ ਹੱਥਕੰਡਾ ਵੀ ਅਪਣਾ ਸਕਦੇ ਹਨ।
ਟਰੰਪ ਵੱਲੋਂ ਅਮਰੀਕਾ ਵਿਚ ਲਗਾਏ ਲਾਕਡਾਊਨ ਨੂੰ ਖੋਲ੍ਹਣ ਲਈ ਸਾਰੀ ਜ਼ਿੰਮੇਵਾਰੀ ਰਾਜਾਂ ਦੇ ਗਵਰਨਰਾਂ ਉੱਪਰ ਸੁੱਟੀ ਜਾ ਰਹੀ ਹੈ। ਪਰ ਵੱਖ-ਵੱਖ ਰਾਜਾਂ ਦੇ ਗਵਰਨਰ ਇਹ ਜ਼ਿੰਮੇਵਾਰੀ ਆਪਣੇ ਉੱਪਰ ਲੈਣ ਲਈ ਤਿਆਰ ਨਹੀਂ। ਉਨ੍ਹਾਂ ਦਾ ਕਹਿਣਾ ਹੈ ਕਿ ਲਾਕਡਾਊਨ ਬਾਰੇ ਫੈਸਲਾ ਕਰਨ ਵਾਲੀ ਫੈਡਰਲ ਸਰਕਾਰ ਨੂੰ ਹੀ ਹੁਣ ਇਸ ਵਿਚੋਂ ਨਿਕਲਣ ਦੇ ਰਸਤੇ ਤਜਵੀਜ਼ ਕੀਤੇ ਜਾਣੇ ਚਾਹੀਦੇ ਹਨ। ਇਸ ਵੇਲੇ ਡੈਮੋਕ੍ਰੇਟਿਕ ਪਾਰਟੀ ਦੇ ਗਵਰਨਰਾਂ ਵਾਲੇ ਰਾਜਾਂ ਵਿਚ ਲਾਕਡਾਊਨ ਖੋਲ੍ਹਣ ਬਾਰੇ ਰੋਸ ਪ੍ਰਦਰਸ਼ਨ ਅਤੇ ਮੁਜ਼ਾਹਰੇ ਵੀ ਕਰਵਾਏ ਜਾ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ ਲਾਕਡਾਊਨ ਖੋਲ੍ਹ ਕੇ ਆਰਥਿਕ ਸਰਗਰਮੀ ਬਹਾਲ ਕੀਤੀ ਜਾਵੇ।
ਆਮ ਸਮਝਿਆ ਜਾਂਦਾ ਹੈ ਕਿ ਅਸਲ ਵਿਚ ਟਰੰਪ ਹਮਾਇਤੀ ਰਿਪਬਲਿਕਨਾਂ ਵੱਲੋਂ ਗਵਰਨਰਾਂ ਉੱਪਰ ਦਬਾਅ ਬਣਾਉਣ ਲਈ ਅਜਿਹੇ ਰੋਸ ਪ੍ਰਦਰਸ਼ਨ ਕਰਵਾਏ ਜਾ ਰਹੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਰਿਪਬਲਿਕਨ ਆਪਣਾ ਨਾਂ ਵਰਤੇ ਬਗੈਰ ਅਜਿਹੇ ਰੋਸ ਮਾਰਚ ਕਰਵਾ ਰਹੇ ਹਨ।
ਅਮਰੀਕਾ ਵਿਚ ਨਵੰਬਰ ਮਹੀਨੇ ਰਾਸ਼ਟਰਪਤੀ ਦੀ ਚੋਣ ਹੋਣ ਜਾ ਰਹੀ ਹੈ। ਟਰੰਪ ਦਾ ਸਾਰਾ ਯਤਨ ਇਸ ਚੋਣ ਜਿੱਤਣ ਉਪਰ ਹੀ ਲੱਗਿਆ ਹੋਇਆ ਹੈ। ਪਰ ਉਨ੍ਹਾਂ ਵੱਲੋਂ ਅਪਣਾਈਆਂ ਵੱਖ-ਵੱਖ ਆਰਥਿਕ, ਪ੍ਰਸ਼ਾਸਨਿਕ ਅਤੇ ਹੋਰ ਨੀਤੀਆਂ ਦੀ ਲੋਕਾਂ ਵੱਲੋਂ ਵੱਡੇ ਪੱਧਰ ਉੱਤੇ ਆਲੋਚਨਾ ਹੋ ਰਹੀ ਹੈ। ਕੋਰੋਨਾਵਾਇਰਸ ਨਾਲ ਨਜਿੱਠਣ ਲਈ ਕੀਤੇ ਗਏ ਫੈਸਲਿਆਂ ਅਤੇ ਅਪਣਾਈਆਂ ਨੀਤੀਆਂ ਬਾਰੇ ਵੀ ਲੋਕਾਂ ਵਿਚ ਭਾਰੀ ਰੋਸ ਹੈ। ਟਰੰਪ ਵੱਲੋਂ ਡਬਲਿਯੂ.ਐੱਚ.ਓ. ਉਪਰ ਚੀਨ ਹਮਾਇਤੀ ਹੋਣ ਦੇ ਦੋਸ਼ ਲਗਾਏ ਜਾਣ ਅਤੇ ਉਸ ਤੋਂ ਬਾਅਦ ਡਬਲਿਯੂ.ਐੱਚ.ਓ. ਨੂੰ ਦਿੱਤੀ ਜਾਣ ਵਾਲੀ 40 ਕਰੋੜ ਡਾਲਰ ਦੀ ਸਹਾਇਤਾ ਰੱਦ ਕਰਨਾ ਵੀ ਅਮਰੀਕਨਾਂ ਨੂੰ ਬਹੁਤਾ ਪਸੰਦ ਨਹੀਂ ਆ ਰਿਹਾ।
ਟਰੰਪ ਵੱਲੋਂ ਕੋਰੋਨਾਵਾਇਰਸ ਨੂੰ ਚੀਨੀ ਸਾਜ਼ਿਸ਼ ਦੱਸਣ ਉੱਪਰ ਜ਼ੋਰ ਲਾਇਆ ਜਾ ਰਿਹਾ ਹੈ। ਉਸ ਨੇ ਇਹ ਵੀ ਬਿਆਨ ਦਿੱਤਾ ਹੈ ਕਿ ਚੀਨ ਅਮਰੀਕੀ ਜਾਂਚ ਟੀਮ ਨੂੰ ਵੁਹਾਨ ਜਾਣ ਦੀ ਇਜਾਜ਼ਤ ਦੇਵੇ। ਇਸ ਤੋਂ ਪਹਿਲਾਂ ਟਰੰਪ ਇਹ ਵੀ ਚਿਤਾਵਨੀ ਜਾਰੀ ਕਰ ਚੁੱਕਿਆ ਹੈ ਕਿ ਜੇਕਰ ਕੋਰੋਨਾਵਾਇਰਸ ਫੈਲਾਉਣ ਪਿੱਛੇ ਚੀਨ ਦੀ ਸਾਜ਼ਿਸ਼ ਦਾ ਹੱਥ ਹੋਇਆ, ਤਾਂ ਉਸ ਨੂੰ ਨਤੀਜੇ ਭੁਗਤਣਗੇ। ਅਸਲ ਵਿਚ ਕੋਰੋਨਾਵਾਇਰਸ ਦੇ ਮਸਲੇ ਨੂੰ ਲੈ ਕੇ ਚੀਨ ਖਿਲਾਫ ਟਰੰਪ ਦੀ ਵਿੱਢੀ ਮੁਹਿੰਮ ਪਿੱਛੇ ਉਸ ਦਾ ਮਕਸਦ ਅਮਰੀਕੀਆਂ ਨੂੰ ਆਪਣੇ ਪਿੱਛੇ ਖੜ੍ਹਾ ਕਰਨਾ ਹੋ ਸਕਦਾ ਹੈ। ਟਰੰਪ ਨੇ ਪਿਛਲੀ ਚੋਣ ਸਮੇਂ ‘ਅਮਰੀਕਾ ਅਮਰੀਕੀਆਂ ਦਾ’ ਨਾਅਰਾ ਦਿੱਤਾ ਸੀ ਅਤੇ ਇਸ ਨਾਅਰੇ ਨੂੰ ਲੈ ਕੇ ਉਸ ਨੇ ਵਾਅਦਾ ਕੀਤਾ ਸੀ ਕਿ ਜੇ ਉਹ ਸੱਤਾ ਵਿਚ ਆਇਆ, ਤਾਂ ਅਮਰੀਕਾ ਵਿਚ ਰੁਜ਼ਗਾਰ ਅਤੇ ਜੌਬਾਂ ਲਈ ਪਹਿਲ ਅਮਰੀਕੀਆਂ ਨੂੰ ਹੀ ਦਿੱਤੀ ਜਾਵੇਗੀ। ਹੁਣ ਵੀ ਉਨ੍ਹਾਂ ਵੱਲੋਂ ਆਪਣੀ ਚੋਣ ਮੁਹਿੰਮ ਨੂੰ ਸਿਖਰ ਉਪਰ ਲਿਜਾਣ ਲਈ ਇਸੇ ਨਾਅਰੇ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਵੇਲੇ ਉਹ ਇਮੀਗ੍ਰਾਂਟਸ ਉੱਪਰ ਮੁਕੰਮਲ ਰੋਕ ਲਗਾ ਕੇ ਅਮਰੀਕਨਾਂ ਲਈ ਰੁਜ਼ਗਾਰ ਸੁਰੱਖਿਅਤ ਕਰਨ ਦੀ ਗੱਲ ਕਰ ਰਹੇ ਹਨ ਤੇ ਕਦੇ ਉਹ ਅਮਰਕੀਨਾਂ ਨੂੰ ਚੀਨ ਦੀ ਸਾਜ਼ਿਸ਼ ਤੋਂ ਬਚਾਉਣ ਦੀਆਂ ਗੱਲਾਂ ਕਰ ਰਹੇ ਹਨ।
ਅਮਰੀਕਾ ਵਿਚ ਕੋਰੋਨਾਵਾਇਰਸ ਤੋਂ ਬਾਅਦ ਸੰਕਟ ਬੇਹੱਦ ਡੂੰਘਾ ਹੁੰਦਾ ਜਾ ਰਿਹਾ ਹੈ। ਡੇਢ ਕਰੋੜ ਤੋਂ ਵੱਧ ਅਮਰੀਕੀਆਂ ਤੋਂ ਰੁਜ਼ਗਾਰ ਖੁੱਸ ਗਿਆ ਹੈ। ਮੰਗ ਘਟਣ ਅਤੇ ਸਪਲਾਈ ਦੇ ਵਧਣ ਕਾਰਨ ਇਸ ਵੇਲੇ ਅਮਰੀਕਾ ਅੰਦਰ ਤੇਲ ਦਾ ਭੰਡਾਰ ਕਰਨ ਨੂੰ ਵੀ ਜਗ੍ਹਾ ਨਹੀਂ ਮਿਲ ਰਹੀ। ਇਸ ਦਾ ਨਤੀਜਾ ਇਹ ਹੈ ਕਿ ਇਸ ਵੇਲੇ ਤੇਲ ਕੀਮਤਾਂ ਭੁੰਜੇ ਆ ਡਿੱਗੀਆਂ ਹਨ ਅਤੇ ਹਾਲਾਤ ਇਹ ਹੈ ਕਿ ਅਮਰੀਕਾ ਅੰਦਰ ਇਸ ਵੇਲੇ ਤੇਲ ਪਾਣੀ ਤੋਂ ਵੀ ਸਸਤਾ ਹੋਇਆ ਨਜ਼ਰ ਆ ਰਿਹਾ ਹੈ। ਵੱਡੇ ਪੱਧਰ ਉੱਤੇ ਹਵਾਈ ਅਤੇ ਸੜਕੀ ਟ੍ਰੈਫਿਕ ਰੁੱਕਣ ਕਾਰਨ ਤੇਲ ਦੀ ਮੰਗ ਬੇਹੱਦ ਨੀਵੇਂ ਪੱਧਰ ਉੱਤੇ ਆ ਡਿੱਗੀ ਹੈ। ਇਸ ਕਰਕੇ ਇਕ ਪਾਸੇ ਨਿਊਯਾਰਕ, ਨਿਊਜਰਸੀ ਅਤੇ ਕੁੱਝ ਹੋਰ ਸਟੇਟਾਂ ਵਿਚ ਕੋਰੋਨਾਵਾਇਰਸ ਦੀ ਵੱਡੀ ਤਬਾਹੀ ਕਾਰਨ ਲੋਕਾਂ ਵਿਚ ਹਫੜਾ-ਦਫੜੀ ਮਚੀ ਹੈ। ਦੂਜੇ ਪਾਸੇ ਦੇਸ਼ ਭਰ ਵਿਚ ਫੈਲ ਰਹੀ ਆਰਥਿਕ ਮੰਦਹਾਲੀ ਅਤੇ ਬੇਰੁਜ਼ਗਾਰੀ ਤੋਂ ਲੋਕ ਭੈਅਭੀਤ ਹੋ ਰਹੇ ਹਨ। ਟਰੰਪ ਵੱਲੋਂ ਆਰਥਿਕ ਸਰਗਰਮੀ ਮੁੜ ਸ਼ੁਰੂ ਕਰਨ ਲਈ ਲਾਕਡਾਊਨ ਖੋਲ੍ਹੇ ਜਾਣ ਨਾਲ ਹਾਲਾਤ ਬਦਤਰ ਹੋਣ ਦੀ ਮੁਸੀਬਤ ਆਪਣੇ ਸਿਰ ਲੈਣ ਤੋਂ ਟਾਲਾ ਵੱਟਿਆ ਜਾ ਰਿਹਾ ਹੈ। ਉਹ ਇਸ ਸੰਬੰਧੀ ਜ਼ਿੰਮੇਵਾਰੀ ਰਾਜਾਂ ਉੱਪਰ ਛੱਡੀ ਬੈਠੇ ਹਨ। ਹੁਣ ਤੱਕ ਇਤਿਹਾਸ ਵਿਚ ਅਮਰੀਕਾ ਹਰ ਆਫਤ ਸਮੇਂ ਦੁਨੀਆਂ ਦੀ ਅਗਵਾਈ ਕਰਦਾ ਰਿਹਾ ਹੈ ਅਤੇ ਸਰਕਾਰਾਂ ਦਾ ਵੱਡਾ ਮਦਦਗਾਰ ਬਣਦਾ ਰਿਹਾ ਹੈ। ਪਰ ਕੋਰੋਨਾਵਾਇਰਸ ਦੇ ਮੌਕੇ ਅਮਰੀਕਾ ਨੂੰ ਆਪਣੀ ਸਰਦਾਰੀ ਕਾਇਮ ਰੱਖਣ ਦੀ ਸਖ਼ਤ ਲੋੜ ਹੈ, ਨਹੀਂ ਤਾਂ ਰਾਸ਼ਟਰਪਤੀ ਦੀ ਚੋਣ ਵਿਚ ਇਹ ਮੁੱਦਾ ਟਰੰਪ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਵੀ ਬਣ ਸਕਦਾ ਹੈ।
ਡਬਲਿਊ.ਐੱਚ.ਓ. ਸੰਸਥਾ ਹਮੇਸ਼ਾ ਅਮਰੀਕੀ ਦਬਾਅ ਹੇਠ ਕੰਮ ਕਰਦੀ ਆਈ ਹੈ ਅਤੇ ਅਮਰੀਕੀ ਕਾਰਪੋਰੇਟ ਹਾਊਸਾਂ ਦੇ ਹਿੱਤਾਂ ਲਈ ਹੀ ਕੰਮ ਕਰਦੀ ਰਹੀ ਹੈ। ਪਰ ਪਿਛਲੀ ਟਰੇਡ ਵਾਰ ਵਿਚ ਇਸ ਸੰਸਥਾ ਦੇ ਚੀਨ ਵਾਲੇ ਪਾਸੇ ਖਿਸਕ ਜਾਣ ਅਤੇ ਹੁਣ ਟਰੰਪ ਵੱਲੋਂ ਉਸ ਨਾਲ ਸਿੱਧਾ ਮੱਥਾ ਲਾ ਲੈਣ ਨੇ ਇਹ ਗੱਲ ਵੀ ਸਾਹਮਣੇ ਲਿਆਂਦੀ ਹੈ ਕਿ ਅਜਿਹੀਆਂ ਨਾਮੀ ਸੰਸਾਰ ਸੰਸਥਾਵਾਂ ਅਮਰੀਕਾ ਦੇ ਅਸਰ ਹੇਠੋਂ ਨਿਕਲ ਰਹੀਆਂ ਹਨ। ਟਰੰਪ ਵੱਲੋਂ ਲਏ ਜਾ ਰਹੇ ਫੈਸਲਿਆਂ ਅਤੇ ਅਪਣਾਈਆਂ ਨੀਤੀਆਂ ਨਾਲ ਅਮਰੀਕਾ ਦੀ ਸੰਸਾਰ ਸਰਦਾਰੀ ਨੂੰ ਲਗਾਤਾਰ ਢਾਅ ਲੱਗ ਸਕਦੀ ਹੈ।
ਟਰੰਪ ਨੂੰ ਇਸ ਔਖੀ ਘੜੀ ਮੌਕੇ ਅਜਿਹੇ ਫੈਸਲੇ ਲੈਣੇ ਚਾਹੀਦੇ ਹਨ, ਜਿਸ ਨਾਲ ਅਮਰੀਕਾ ਦੇ ਨਾਗਰਿਕਾਂ ਨੂੰ ਆਉਣ ਵਾਲਾ ਸਮਾਂ ਖੁਸ਼ਹਾਲ ਦਿਸੇ। ਆਪਣੇ ਹੀ ਨਾਗਰਿਕਾਂ ‘ਤੇ ਸਖ਼ਤੀ ਕਰਨ ਨਾਲ ਕੋਈ ਹੱਲ ਨਹੀਂ ਨਿਕਲ ਸਕਦਾ। ਸਮੇਂ ਦੀ ਨਜ਼ਾਕਤ ਨਾਲ ਚੱਲਦਿਆਂ ਫਿਲਹਾਲ ਇੰਮੀਗ੍ਰੇਸ਼ਨ ਉੱਪਰ ਆਰਜ਼ੀ ਪਾਬੰਦੀਆਂ ਹੀ ਲਾਈਆਂ ਜਾਣ, ਨਾ ਕਿ ਪੱਕੇ ਤੌਰ ‘ਤੇ।


Share