ਟਰੰਪ ਵੱਲੋਂ ਗਰੀਨ ਕਾਰਡ ਜਾਰੀ ਕਰਨ ਦੀ ਪ੍ਰਕਿਰਿਆ ‘ਤੇ ਰੋਕ ਲਾਉਣ ਦੇ ਫੈਸਲੇ ਦਾ ਬਚਾਅ

757
Share

ਕਿਹਾ: ਅਮਰੀਕੀਆਂ ਨੂੰ ਨੌਕਰੀ ਦੇਣ ਲਈ ਅਜਿਹਾ ਕਰਨਾ ਜ਼ਰੂਰੀ ਸੀ
ਵਾਸ਼ਿੰਗਟਨ, 25 ਜੂਨ (ਪੰਜਾਬ ਮੇਲ)-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਾਲ ਦੇ ਅੰਤ ਤਕ ਗ੍ਰੀਨ ਕਾਰਡ ਜਾਰੀ ਕਰਨ ਦੀ ਪ੍ਰਕਿਰਿਆ ‘ਤੇ ਰੋਕ ਲਾਉਣ ਦੇ ਆਪਣੇ ਫ਼ੈਸਲੇ ਦਾ ਬਚਾਅ ਕੀਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕੀਆਂ ਨੂੰ ਨੌਕਰੀ ਦੇਣ ਲਈ ਅਜਿਹਾ ਕਰਨਾ ਜ਼ਰੂਰੀ ਸੀ। ਦੱਸ ਦਈਏ ਕਿ ਟਰੰਪ ਨੇ ਅਪ੍ਰੈਲ ਵਿਚ ਇਕ ਆਦੇਸ਼ ਰਾਹੀਂ ਗ੍ਰੀਨ ਕਾਰਡ ਜਾਰੀ ਕਰਨ ‘ਤੇ 90 ਦਿਨਾਂ ਦੀ ਰੋਕ ਲਾ ਦਿੱਤੀ ਸੀ। ਸੋਮਵਾਰ ਨੂੰ ਇਸ ਸਬੰਧ ਵਿਚ ਇਕ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਇਸ ਮੁਅੱਤਲੀ ਦੀ ਮਿਆਦ 31 ਦਸੰਬਰ 2020 ਤਕ ਵਧਾ ਦਿੱਤੀ ਗਈ।
ਟਰੰਪ ਤੋਂ ਜਦੋਂ ਗ੍ਰੀਨ ਕਾਰਡ ਮੁਅੱਤਲੀ ਦੇ ਆਦੇਸ਼ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸੈਨ ਲੂਈਸ, ਐਰੀਜ਼ੋਨਾ ‘ਚ ਪੱਤਰਕਾਰਾਂ ਨੂੰ ਕਿਹਾ ਕਿ ਫ਼ਿਲਹਾਲ ਸਾਡਾ ਧਿਆਨ ਅਮਰੀਕੀਆਂ ਨੂੰ ਨੌਕਰੀ ਦੇਣ ‘ਤੇ ਹੈ। ਅਜੇ ਅਸੀਂ ਚਾਹੁੰਦੇ ਹਾਂ ਕਿ ਨੌਕਰੀਆਂ ਅਮਰੀਕੀਆਂ ਨੂੰ ਮਿਲਣ। ਤਿੰਨ ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਦੁਬਾਰਾ ਕਿਸਮਤ ਅਜ਼ਮਾ ਰਹੇ ਰਾਸ਼ਟਰਪਤੀ ਟਰੰਪ ਨੇ ਸੋਮਵਾਰ ਨੂੰ ਕਿਹਾ ਸੀ ਕਿ ਕੋਰੋਨਾ ਮਹਾਮਾਰੀ ਵਿਚਾਲੇ ਆਰਥਿਕ ਸੰਕਟ ਕਾਰਨ ਨੌਕਰੀਆਂ ਗਵਾਉਣ ਵਾਲੇ ਲੱਖਾਂ ਅਮਰੀਕੀਆਂ ਦੀ ਮਦਦ ਕਰਨ ਲਈ ਇਹ ਕਦਮ ਲਾਜ਼ਮੀ ਸੀ। ਟਰੰਪ ਨੇ ਕਿਹਾ ਕਿ ਦੇਸ਼ ਵਿਚ ਕੁੱਲ ਬੇਰੋਜ਼ਗਾਰੀ ਦਰ ਫਰਵਰੀ ਅਤੇ ਮਈ 2020 ਵਿਚ ਲਗਭਗ ਚਾਰ ਗੁਣਾ ਹੋ ਗਈ। ਅਮਰੀਕਾ ਹਰ ਸਾਲ 1 ਲੱਖ 40 ਹਜ਼ਾਰ ਗਰੀਨ ਕਾਰਡ ਜਾਰੀ ਕਰਦਾ ਹੈ। ਅਜੇ ਅਮਰੀਕਾ ਵਿਚ ਕਾਨੂੰਨੀ ਰੂਪ ਨਾਲ ਰਹਿ ਰਹੇ ਲਗਭਗ 10 ਲੱਖ ਵਿਦੇਸ਼ੀ ਨਾਗਰਿਕਾਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੀ ਵੀਜ਼ਾ ਪ੍ਰਕਿਰਿਆ ਅਟਕੀ ਹੋਈ ਹੈ। ਇਨ੍ਹਾਂ ਅਰਜ਼ੀਆਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਪਰ ਅਜੇ ਤਕ ਇਨ੍ਹਾਂ ਨੂੰ ਰੋਜ਼ਗਾਰ ਵਾਲਾ ਗ੍ਰੀਨ ਕਾਰਡ ਨਹੀਂ ਮਿਲਿਆ ਹੈ।
ਅਮਰੀਕੀ ਕਾਰੋਬਾਰ ਨੂੰ ਹੋਵੇਗਾ ਨੁਕਸਾਨ : ਸੰਸਦ ਮੈਂਬਰ
ਅਮਰੀਕੀ ਸੰਸਦ ਮੈਂਬਰਾਂ ਨੇ ਐੱਚ-1ਬੀ ਵੀਜ਼ਾ ਸਮੇਤ ਦੂਜੇ ਰੋਜ਼ਗਾਰ ਆਧਾਰਿਤ ਵੀਜ਼ਾ ਪ੍ਰੋਗਰਾਮਾਂ ‘ਤੇ ਰੋਕ ਲਾਉਣ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ਼ ਏਸ਼ੀਆ ਦੇ ਕੁਸ਼ਲ ਕਾਮੇ ਪ੍ਰਭਾਵਿਤ ਹੋਣਗੇ, ਸਗੋਂ ਇਮੀਗ੍ਰੈਂਟ ਕਾਮਿਆਂ ਦੇ ਭਰੋਸੇ ਚੱਲਣ ਵਾਲੇ ਅਮਰੀਕੀ ਕਾਰੋਬਾਰਾਂ ਨੂੰ ਭਾਰੀ ਨੁਕਸਾਨ ਝੱਲਣਾ ਹੋਵੇਗਾ। ਸੰਸਦ ਦੀ ਏਸ਼ੀਅਨ-ਪੈਸੇਫਿਕ ਅਮਰੀਕਨ ਕੌਕਸ ਦੀ ਪ੍ਰਧਾਨ ਜੂਡੀ ਚੂ ਨੇ ਕਿਹਾ ਕਿ ਰਾਸ਼ਟਰਪਤੀ ਵੱਲੋਂ ਚੁੱਕਿਆ ਗਿਆ ਪੱਖਪਾਤੀ ਕਦਮ ਰਾਸ਼ਟਰੀ ਹਿੱਤਾਂ ਦੇ ਖ਼ਿਲਾਫ਼ ਹੈ। ਜੇਕਰ ਅਸੀਂ ਅਰਥ-ਵਿਵਸਥਾ ਨੂੰ ਫਿਰ ਤੋਂ ਖੜ੍ਹਾ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਖੁਦ ਨੂੰ ਇਮੀਗ੍ਰੈਂਟਾਂ ਤੋਂ ਦੂਰ ਨਹੀਂ ਕਰ ਸਕਦੇ ਹਾਂ। ਰਾਸ਼ਟਰਪਤੀ ਵੱਲੋਂ ਚੁੱਕਿਆ ਗਿਆ ਇਹ ਕਦਮ ਚੋਣਾਂ ਨੂੰ ਦੇਖਦੇ ਹੋਏ ਲਿਆ ਗਿਆ ਹੈ। ਉੱਧਰ, ਹਾਊਸ ਜੂਡੀਸ਼ਰੀ ਕਮੇਟੀ ਦੇ ਪ੍ਰਧਾਨ ਜੈਰੀ ਨਾਡਲਰ ਨੇ ਕਿਹਾ ਕਿ ਵੀਜ਼ਾ ਮੁਅੱਤਲੀ ਆਦੇਸ਼ ਨਾ ਸਿਰਫ਼ ਰਾਸ਼ਟਰਪਤੀ ਦੀ ਕਾਰਜਕਾਰੀ ਸ਼ਕਤੀ ਦੀ ਦੁਰਵਰਤੋਂ ਹੈ, ਸਗੋਂ ਇਹ ਸਿਆਸਤ ਤੋਂ ਵੀ ਪ੍ਰੇਰਿਤ ਹੈ।


Share