ਟਰੰਪ ਵੱਲੋਂ ਕੋਰੋਨਾਵਾਇਰਸ ਨਾਲ ਲੜਨ ਲਈ ਦੇਸ਼ਵਾਸੀਆਂ ਨੂੰ ਸਕਾਰਫ ਜਾਂ ਘਰੇ ਬਣੇ ਮਾਸਕ ਨਾਲ ਚਿਹਰਾ ਢੱਕਣ ਦਾ ਸੁਝਾਅ

726
Share

-ਖੁਦ ਮਾਸਕ ਨਹੀਂ ਪਾਉਣਗੇ ਰਾਸ਼ਟਰਪਤੀ ਟਰੰਪ
ਵਾਸ਼ਿੰਗਟਨ, 4 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਰੇ ਦੇਸ਼ ਵਾਸੀਆਂ ਨੂੰ ਕੋਰੋਨਾਵਾਇਰਸ ਨਾਲ ਲੜਨ ਦੇ ਲਈ ਜਨ-ਸਿਹਤ ਉਪਾਅ ਦੇ ਤੌਰ ‘ਤੇ ਸਕਾਰਫ ਜਾਂ ਘਰੇ ਬਣੇ ਮਾਸਕ ਨਾਲ ਚਿਹਰਾ ਢੱਕਣ ਦਾ ਸੁਝਾਅ ਦਿੱਤਾ ਹੈ। ਹਾਲਾਂਕਿ ਉਹ ਖੁਦ ਮਾਸਕ ਨਹੀਂ ਪਾਉਣਗੇ। ਵਾਈਟ ਹਾਊਸ ਤੋਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਰਾਸ਼ਟਰਪਤੀ ਨੇ ਇਹ ਬਿਆਨ ਦਿੱਤਾ ਹੈ।
ਅਮਰੀਕਾ ਦੇ ਰੋਗ ਕੰਟਰੋਲ ਤੇ ਰੋਕਥਾਮ ਕੇਂਦਰ (ਸੀਡੀਸੀ) ਦਾ ਹਵਾਲਾ ਦਿੰਦੇ ਹੋਏ ਟਰੰਪ ਨੇ ਲੋਕਾਂ ਨੂੰ ਸਕਾਰਫ ਜਾਂ ਘਰੇ ਬਣੇ ਮਾਸਕ ਨਾਲ ਚਿਹਰਾ ਢੱਕਣ ਲਈ ਕਿਹਾ ਤੇ ਨਾਲ ਹੀ ਅਪੀਲ ਕੀਤੀ ਕਿ ਮੈਡੀਕਲ ਮਾਸਕ ਨੂੰ ਸਿਹਤ ਕਰਮਚਾਰੀਆਂ ਲਈ ਛੱਡਿਆ ਜਾਵੇ। ਉਹਨਾਂ ਨੇ ਕਿਹਾ ਕਿ ਸੀਡੀਸੀ ਮੈਡੀਕਲ ਜਾਂ ਸਰਜੀਕਲ ਮਾਸਕ ਦੀ ਵਰਤੋਂ ਕਰਨ ਦੀ ਸਿਫਾਰਿਸ਼ ਨਹੀਂ ਕਰ ਰਹੀ ਹੈ। ਇਹਨਾਂ ਦੀ ਲੋੜ ਅਮਰੀਕੀਆਂ ਦੀ ਜਾਨ ਬਚਾਉਣ ਲਈ ਕੰਮ ਕਰਨ ਵਾਲੇ ਸਿਹਤ ਕਰਮਚਾਰੀਆਂ ਨੂੰ ਹੈ। ਮੈਡੀਕਲ ਰੱਖਿਆ ਉਪਕਰਨ ਮੋਹਰੀ ਮੋਰਚੇ ‘ਤੇ ਕੰਮ ਕਰ ਰਹੇ ਸਿਹਤ ਦੇਖਭਾਲ ਕਰਮਚਾਰੀਆਂ ਦੇ ਲਈ ਰੱਖੇ ਹੋਣੇ ਚਾਹੀਦੇ ਹਨ, ਜੋ ਮਹੱਤਵਪੂਰਨ ਸੇਵਾਵਾਂ ਦੇ ਰਹੇ ਹਨ। ਸੀਡੀਸੀ ਨੇ ਸਿਫਾਰਿਸ਼ ਕੀਤੀ ਹੈ ਕਿ ਅਮਰੀਕੀ ਆਮ ਕੱਪੜੇ ਦਾ ਮਾਸਕ ਪਾ ਸਕਦੇ ਹਨ ਜੋ ਆਨਲਾਈਨ ਖਰੀਦਿਆ ਗਿਆ ਹੋਵੇ ਜਾਂ ਘਰੇ ਬਣਿਆ ਹੋਵੇ। ਹਾਲਾਂਕਿ ਕਿ ਰਾਸ਼ਟਰਪਤੀ ਨੇ ਕਿਹਾ ਕਿ ਉਹ ਇਸ ਦਿਸ਼ਾ ਨਿਰਦੇਸ਼ ਦਾ ਪਾਲਣ ਨਹੀਂ ਕਰਨਗੇ। ਉਹਨਾਂ ਕਿਹਾ ਕਿ ਮੈਂ ਖੁਦ ਮਾਸਕ ਨਹੀਂ ਪਾਉਣਾ ਚਾਹੁੰਦਾ ਹਾਂ। ਇਹ ਬੱਸ ਸਿਫਾਰਿਸ਼ ਹੈ।
ਟਰੰਪ ਨੇ ਕਿਹਾ ਕਿ ਖੂਬਸੂਰਤ ਰੇਸੋਲਿਊਟ ਡੈਸਕ ਦੇ ਪਿੱਛੇ ਓਵਲ ਦਫਤਰ ਵਿਚ ਬੈਠਦੇ ਹੋਏ ਮੈਨੂੰ ਲੱਗਦਾ ਹੈ ਕਿ ਰਾਸ਼ਟਰਪਤੀਆਂ, ਤਾਨਾਸ਼ਾਹਾਂ, ਰਾਜਿਆਂ, ਮਹਾਰਾਣੀਆਂ ਨਾਲ ਗੱਲ ਕਰਦਿਆਂ ਮਾਸਕ ਪਾਉਣਾ ਠੀਕ ਨਹੀਂ ਹੈ। ਮੈਂ ਇਸ ਨੂੰ ਤੁਹਾਡੇ ਲਈ ਨਹੀਂ ਦੇਖਦਾ। ਅਮਰੀਕਾ ਵਿਚ ਕੋਰੋਨਾਵਾਇਰਸ ਕਾਰਨ ਹੁਣ ਤੱਕ 7000 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 2,70,000 ਲੋਕ ਇਨਫੈਕਟਡ ਹਨ। ਰਾਸ਼ਟਰਪਤੀ ਨੇ ਲੋਕਾਂ ਨੂੰ ਹੱਥ ਧੋਂਦੇ ਰਹਿਣ ਦੀ ਅਪੀਲ ਕੀਤੀ। ਨਵੇਂ ਅੰਕੜਿਆਂ ਦੇ ਆਧਾਰ ‘ਤੇ ਸੀਡੀਸੀ ਨੇ ਕਿਹਾ ਕਿ ਇਹ ਵਿਸ਼ਾਣੂ ਨੇੜੇਓਂ ਗੱਲ ਕਰਦੇ ਸਮੇਂ, ਖੰਘਦੇ ਜਾਂ ਛਿੱਕਦੇ ਸਮੇਂ ਤੇਜ਼ ਗਤੀ ਨਾਲ ਫੈਲਦਾ ਹੈ। ਉਥੇ ਹੀ ਇਕ ਅਮਰੀਕੀ ਵਿਗਿਆਨੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਰੋਨਾਵਾਇਰਸ ਆਮ ਕਰਕੇ ਸਾਹ ਲੈਣ ਨਾਲ ਵੀ ਫੈਲ ਸਕਦਾ ਹੈ। ਉਹਨਾਂ ਨੇ ਹਰ ਕਿਸੇ ਨੂੰ ਮਾਸਕ ਪਾਉਣ ਦੀ ਸਲਾਹ ਦਿੱਤੀ ਹੈ।


Share