ਟਰੰਪ ਵੱਲੋਂ ਕੋਰੋਨਾਵਾਇਰਸ ਨਾਲ ਲੜਦਿਆਂ ਆਪਣੀ ਜਾਨ ਗਵਾਉਣ ਵਾਲੇ ਅਮਰੀਕੀ ਨਾਗਰਿਕਾਂ ਦੇ ਸਨਮਾਨ ‘ਚ ਰਾਸ਼ਟਰੀ ਝੰਡਾ ਅੱਧਾ ਝੁਕਾਉਣ ਦੇ ਆਦੇਸ਼

775
Share

ਵਾਸ਼ਿੰਗਟਨ, 22 ਮਈ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਆਦੇਸ਼ ਦਿੱਤਾ ਕਿ ਰਾਸ਼ਟਰੀ ਝੰਡੇ ਨੂੰ ਅੱਧਾ ਝੁਕਾ ਦਿੱਤਾ ਜਾਵੇ। ਟਰੰਪ ਨੇ ਇਹ ਆਦੇਸ਼ ਉਹਨਾਂ ਅਮਰੀਕੀ ਨਾਗਰਿਕਾਂ ਦੇ ਸਨਮਾਨ ਵਿਚ ਦਿੱਤਾ ਹੈ ਜਿਹਨਾਂ ਨੇ ਕੋਰੋਨਾਵਾਇਰਸ ਮਹਾਮਾਰੀ ਨਾਲ ਲੜਦੇ ਹੋਏ ਆਪਣੀ ਜਾਨ ਗਵਾ ਦਿੱਤੀ ਹੈ। ਦੱਸਣਯੋਗ ਹੈ ਕਿ ਵਾਇਰਸ ਕਾਰਨ ਅਮਰੀਕਾ ਵਿਚ ਹੁਣ ਤੱਕ 96,354 ਲੋਕਾਂ ਦੀ ਮੌਤ ਹੋ ਚੁੱਕੀ ਹੈ।ਜਦਕਿ ਪੀੜਤਾਂ ਦੀ ਗਿਣਤੀ 1,620,902 ਹੋ ਗਈ ਹੈ। ਟਰੰਪ ਦੇ ਆਦੇਸ਼ ਦੇ ਬਾਅਦ ਅਗਲੇ 3 ਦਿਨਾਂ ਤੱਕ ਰਾਸ਼ਟਰੀ ਝੰਡਾ ਅੱਧਾ ਝੁੱਕਿਆ ਰਹੇਗਾ।
ਅਮਰੀਕਾ ਵਿਚ ਮ੍ਰਿਤਕਾਂ ਦਾ ਅੰਕੜਾ 1 ਲੱਖ ਦੇ ਕਰੀਬ ਪਹੁੰਚਣ ਵਾਲਾ ਹੈ। ਦੁਨੀਆ ਭਰ ਵਿਚ ਅਮਰੀਕਾ ਇਸ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੈ। ਮ੍ਰਿਤਕਾਂ ਅਤੇ ਇਨਫੈਕਟਿਡਾਂ ਦੀ ਗਿਣਤੀ ਦੇ ਮਾਮਲੇ ਵਿਚ ਅਮਰੀਕਾ ਸਿਖਰ ‘ਤੇ ਹੈ। ਡੈਮਕ੍ਰੈਟਿਕ ਪਾਰਟੀ ਦੇ ਕੁਝ ਮੈਂਬਰਾਂ ਵੱਲੋਂ ਟਰੰਪ ਨੂੰ ਅਪੀਲ ਕੀਤੀ ਗਈ ਸੀ ਕਿ ਇਹਨਾਂ ਮੁਸ਼ਕਲ ਅਤੇ ਦੁਖਦਾਈ ਹਾਲਤਾਂ ਵਿਚ ਰਾਸ਼ਟਰੀ ਝੰਡੇ ਨੂੰ ਅੱਧਾ ਝੁਕਾ ਦੇਣਾ ਚਾਹੀਦਾ ਹੈ। ਟਰੰਪ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਆਪਣੇ ਟਵੀਟ ਵਿਚ ਟਰੰਪ ਨੇ ਲਿਖਿਆ,”ਮੈਂ ਸਾਰੀਆਂ ਸਰਕਾਰੀ ਇਮਾਰਤਾਂ ਅਤੇ ਰਾਸ਼ਟਰੀ ਸਮਾਰਕਾਂ ‘ਤੇ ਕੋਰੋਨਾਵਾਇਰਸ ਨਾਲ ਮਾਰੇ ਗਏ ਅਮਰੀਕੀ ਲੋਕਾਂ ਦੇ ਸਨਮਾਨ ਵਿਚ ਅਗਲੇ 3 ਦਿਨ ਤੱਕ ਝੰਡੇ ਨੂੰ ਅੱਧਾ ਝੁਕਾਵਾਂਗਾ।”
ਟਰੰਪ ਨੇ ਇਹ ਵੀ ਦੱਸਿਆ ਕਿ ਝੰਡਾ ਸੋਮਵਾਰ ਮਤਲਬ 25 ਮਈ ਨੂੰ ਵੀ ਅੱਧਾ ਝੁਕਿਆ ਰਹੇਗਾ। 25 ਮਈ ਨੂੰ ਅਮਰੀਕਾ ਮੈਮੋਰੀਅਲ ਡੇਅ ਮਨਾਉਂਦਾ ਹੈ ਅਤੇ ਇਹ ਦਿਨ ਉਹਨਾਂ ਲੋਕਾਂ ਦੀ ਯਾਦ ਵਿਚ ਹੁੰਦਾ ਹੈ ਜਿਹਨਾਂ ਨੇ ਅਮਰੀਕੀ ਮਿਲਟਰੀ ਵਿਚ ਸੇਵਾ ਕਰਦਿਆਂ ਆਪਣੀ ਜਾਨ ਗਵਾ ਦਿੱਤੀ।
ਇਸ ਵਿਚ ਟਰੰਪ ਨੇ ਮਿਸ਼ੀਗਨ ਵਿਚ ਅਫਰੀਕਨ-ਅਮੇਰਿਕਨ ਨੇਤਾਵਾਂ ਦੇ ਇਕ ਸੈਸ਼ਨ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਕੋਰੋਨਾਵਾਇਰਸ ਚੀਨ ਤੋਂ ਹੀ ਆਇਆ ਹੈ। ਅਮਰੀਕਾ ਇਸ ਗੱਲ ਨੂੰ ਲੈ ਕੇ ਨਾ ਤਾਂ ਖੁਸ਼ ਹੈ ਅਤੇ ਨਾ ਹੀ ਇਸ ਨੂੰ ਹਲਕੇ ਵਿਚ ਲੈ ਰਿਹਾ ਹੈ। ਟਰੰਪ ਨੇ ਬੀਤੇ ਕੁਝ ਹਫਤਿਆਂ ਤੋਂ ਚੀਨ ਪ੍ਰਤੀ ਹਮਲਾਵਰ ਰਵੱਈਆ ਅਪਨਾਇਆ ਹੋਇਆ ਹੈ ਭਾਵੇਂਕਿ ਹਾਲੇ ਤੱਕ ਉਹਨਾਂ ਨੇ ਇਸ ਗੱਲ ਦੇ ਕੋਈ ਸੰਕੇਤ ਨਹੀਂ ਦਿੱਤੇ ਹਨ ਕਿ ਉਹ ਚੀਨ ਦੇ ਵਿਰੁੱਧ ਕੀ ਕਦਮ ਚੁੱਕਣ ਵਾਲੇ ਹਨ।ਉੱਧਰ ਟਰੰਪ ‘ਤੇ ਰੀਪਬਲਿਕਨ ਸਾਂਸਦਾਂ ਵੱਲੋਂ ਲਗਾਤਾਰ ਚੀਨ ‘ਤੇ ਕਾਰਵਾਈ ਕਰਨ ਦਾ ਦਬਾਅ ਵੱਧ ਰਿਹਾ ਹੈ।


Share