ਫਰਿਜ਼ਨੋ, 30 ਦਸੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਰਾਸ਼ਟਰਪਤੀ ਟਰੰਪ ਨੇ ਐਤਵਾਰ ਨੂੰ ਘੋਸ਼ਣਾ ਕੀਤੀ ਕਿ ਉਹ ਰਾਜ ਦੀ ਮਹੱਤਵਪੂਰਨ ਸੈਨੇਟ ਦੀ ਚੋਣ ਤੋਂ ਪਹਿਲਾਂ 4 ਜਨਵਰੀ ਨੂੰ ਜਾਰਜੀਆ ਦੇ ਡਾਲਟਨ ਵਿਚ ਇੱਕ ਰੈਲੀ ਕਰਨਗੇ। ਰਿਪਬਲੀਕਨ ਨੂੰ ਸੈਨੇਟ ਦੀ ਬਹੁਮਤ ਬਣਾਈ ਰੱਖਣ ਲਈ ਸੈਨੇਟ ਵਿਚੋਂ ਘੱਟੋ-ਘੱਟ ਇੱਕ ਸੀਟ ’ਤੇ ਕਬਜ਼ਾ ਕਰਨ ਦੀ ਜ਼ਰੂਰਤ ਹੈ, ਜਦੋਂਕਿ ਡੈਮੋਕਰੇਟਸ ਨੂੰ 50-50 ਦੀ ਬਰਾਬਰੀ ਕਰਨ ਲਈ ਦੋਵਾਂ ਨੂੰ ਜਿਤਾਉਣ ਦੀ ਜ਼ਰੂਰਤ ਹੈ। ਆਪਣੀ ਇਸ ਰੈਲੀ ਦੀ ਟਵਿੱਟਰ ’ਤੇ ਘੋਸ਼ਣਾ ਕਰਦਿਆਂ ਟਰੰਪ ਨੇ ਕਿਹਾ ਕਿ ਉਹ ਦੋ ਸੈਨੇਟਰਾਂ ਸੇਨ ਡੇਵਿਡ ਪਰਡਿਊ ਅਤੇ ਕੇ ਲੌਫਲਰ ਦੀ ਤਰਫੋਂ, ਇੱਕ ਵਿਸ਼ਾਲ ਅਤੇ ਸ਼ਾਨਦਾਰ ਰੈਲੀ ਕਰਨ ਲਈ ਸੋਮਵਾਰ, 4 ਜਨਵਰੀ ਨੂੰ ਜਾਰਜੀਆ ਜਾਣਗੇ। ਜੀ.ਓ.ਪੀ. ਦੇ ਮੌਜੂਦਾ ਸੈਨੇਟਰਾਂ ਡੇਵਿਡ ਪਰਡਿਊ ਅਤੇ ਕੈਲੀ ਲੋਫਲਰ ਦੀ ਚੋਣ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਇੱਕ ਦਿਨ ਰਾਜ ’ਚ ਬਿਤਾਉਣਾ ਪਵੇਗਾ। ਇਨ੍ਹਾਂ ਚੋਣਾਂ ਵਿਚ ਡੈਮੋਕ੍ਰੇਟਸ ਉਮੀਦਵਾਰ ਜੋਨ ਓਸੋਫ ਅਤੇ ਰਾਫੇਲ ਵਾਰਨੌਕ, ਰਿਪਬਲਿਕਨ ਦੀਆਂ ਦੋ ਸੀਟਾਂ ਵਾਲੇ ਬਹੁਮਤ ਨੂੰ ਸਦਨ ਤੋਂ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਦਕਿ ਦੋਵਾਂ ਉਮੀਦਵਾਰਾਂ ਨੇ 200 ਮਿਲੀਅਨ ਡਾਲਰ ਤੋਂ ਵੱਧ ਦੇ ਫੰਡ ਇਕੱਠੇ ਕੀਤੇ ਹਨ, ਜੋ ਕਿ ਇਸ ਸਾਲ ਦੀ ਸੈਨੇਟ ਦੀ ਦੌੜ ਵਿਚ ਸਭ ਤੋਂ ਵੱਧ ਹਨ ਅਤੇ 20 ਲੱਖ ਤੋਂ ਵੱਧ ਜਾਰਜੀਅਨ ਲੋਕਾਂ ਨੇ ਇਸ ਦੌੜ ਵਿਚ ਸ਼ੁਰੂਆਤੀ ਵੋਟਾਂ ਪਾਈਆਂ ਹਨ। ਇਸ ਰੈਲੀ ਦੇ ਇਲਾਵਾ ਟਰੰਪ ਨੇ ਟਵੀਟ ਰਾਹੀ ਦੱਸਿਆ ਕਿ ਉਹ 6 ਜਨਵਰੀ ਨੂੰ ਡੀ.ਸੀ. ਵਿਚ ਹੋਣਗੇ, ਜਦੋਂ ਕਿ ਸੰਸਦ ਮੈਂਬਰ ਉਸਦੀ ਇਲੈਕਟ੍ਰੋਲ ਕਾਲੇਜ ਹਾਰ ਦੀ ਪੁਸ਼ਟੀ ਕਰਨ ਜਾ ਰਹੇ ਹਨ।