ਟਰੰਪ ਵਲੋਂ ਹਾਂਗਕਾਂਗ ਨੂੰ ਲੈ ਕੇ ਚੀਨ ਵਿਰੁੱਧ ਕਾਰਵਾਈ ਕਰਨ ਲਈ ਆਦੇਸ਼ ‘ਤੇ ਦਸਤਖ਼ਤ

727

ਸਿਆਟਲ, 16 ਜੁਲਾਈ (ਪੰਜਾਬ ਮੇਲ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਕਿ ਉਸ ਨੇ ਚੀਨ ਵਿਰੁੱਧ ਕਾਰਵਾਈ ਕਰਨ ਲਈ ਇਕ ਕਾਰਜਕਾਰੀ ਆਦੇਸ਼ ‘ਤੇ ਦਸਤਖ਼ਤ ਕੀਤੇ ਹਨ, ਜਿਸ ਤਰ੍ਹਾਂ ਚੀਨ ਸਰਕਾਰ ਨੇ ਹਾਂਗਕਾਂਗ ਦੇ ਲੋਕਾਂ ਨਾਲ ਕੀਤਾ। ਰਾਸ਼ਟਰਪਤੀ ਟਰੰਪ ਨੇ ਵਾਈਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਮੈਂ ਉਸ ਕਾਨੂੰਨ ‘ਤੇ ਦਸਤਖ਼ਤ ਕੀਤੇ ਹਨ, ਜੋ ਹਾਂਗਕਾਂਗ ਦੇ ਲੋਕਾਂ ‘ਤੇ ਜ਼ੁਲਮ ਕਰਨ ਲਈ ਚੀਨ ਨੂੰ ਜਵਾਬਦੇਹ ਬਣਾਉਣ ਲਈ ਹੈ। ਕਾਂਗਰਸ ਵਲੋਂ ਪਾਸ ਕੀਤਾ ਕਾਨੂੰਨ ਚੀਨ ਦੇ ਉਨ੍ਹਾਂ ਸਮੂਹਾਂ ‘ਤੇ ਪਾਬੰਦੀਆਂ ਲਗਾਉਂਦਾ ਹੈ, ਜਿਸ ਨੇ ਹਾਂਗਕਾਂਗ ਦੀ ਖ਼ੁਦਮੁਖ਼ਤਿਆਰੀ ਨੂੰ ਖ਼ਤਮ ਕਰਨਾ ਚਾਹਿਆ ਹੈ। ਉਨ੍ਹਾਂ ਬੈਂਕਾਂ ‘ਤੇ ਵੀ ਕਾਰਵਾਈ ਹੋਵੇਗੀ, ਜੋ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨਾਲ ਕਾਰੋਬਾਰ ਕਰ ਰਹੀਆਂ ਹਨ। ਟਰੰਪ ਨੇ ਕਿਹਾ ਕਿ ਚੀਨ ਕਾਨੂੰਨ ਨੇ ਹਾਂਗਕਾਂਗ ਦੇ ਵਸਨੀਕਾਂ ਨੂੰ ਰਾਸ਼ਟਰੀ ਸੁਰੱਖਿਆ ਦੀ ਆੜ ਹੇਠ ਆਜ਼ਾਦ ਭਾਸ਼ਣ ਕਰਨ ਤੇ ਅਸੰਬਲੀ ਦੇ ਅਧਿਕਾਰਾਂ ‘ਤੇ ਰੋਕ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੇਰੇ ਪ੍ਰਸ਼ਾਸਨ ਨੇ ਚੀਨੀ ਵਸਤਾਂ ਉੱਪਰ ਪਹਿਲੀ ਵਾਰ ਭਾਰੀ ਟੈਕਸ ਲਗਾ ਕੇ ਅਰਬਾਂ ਡਾਲਰ ਚੀਨ ਤੋਂ ਲਏ। ਉਨ੍ਹਾਂ ਕਿਹਾ ਕਿ ਚੀਨ ਨੇ ਸਾਡੇ ਕਿਸਾਨਾਂ ਤੇ ਪਸ਼ੂ ਪਾਲਕਾਂ ਨੂੰ ਨਿਸ਼ਾਨਾ ਬਣਾਇਆ ਸੀ, ਜੋ ਸਫ਼ਲ ਨਹੀਂ ਹੋਇਆ। ਰਾਸ਼ਟਰਪਤੀ ਟਰੰਪ ਨੇ ਇਕ ਵਾਰ ਫਿਰ ਚੀਨ ‘ਤੇ ਕੋਰੋਨਾਵਾਇਰਸ ਨੂੰ ਲੈ ਕੇ ਤਿੱਖੇ ਹਮਲੇ ਕੀਤੇ ਤੇ ਕਿਹਾ ਕਿ ਕੋਰੋਨਾ ਮਹਾਂਮਾਰੀ ਫੈਲਾਉਣ ਦਾ ਜਵਾਬ ਚੀਨ ਨੂੰ ਦੇਣਾ ਪਵੇਗਾ। ਉਨ੍ਹਾਂ ਪਿਛਲੀ ਓਬਾਮਾ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਚੀਨ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸਾਬਕਾ ਅਮਰੀਕੀ ਉੱਪ ਰਾਸ਼ਟਰਪਤੀ ਤੇ ਟਰੰਪ ਦੇ ਮੁਕਾਬਲੇ ਖੜ੍ਹੇ ਉਮੀਦਵਾਰ ਜੋਅ ਬਿਡੇਨ ਖੜ੍ਹੇ ਹੀ ਚੀਨ ਲਈ ਹਨ। ਉਹ ਚੀਨ ਦੇ ਵਿਰੁੱਧ ਇਕ ਸ਼ਬਦ ਨਹੀਂ ਬੋਲਦੇ ਤੇ ਚੀਨ ਨਾਲ ਸਬੰਧ ਵਿਗਾੜਨ ਲਈ ਕੁਝ ਨਹੀਂ ਕਰਨਾ ਚਾਹੁੰਦੇ।