ਟਰੰਪ ਬਣਿਆ ਅਮਰੀਕੀ ਜਮਹੂਰੀਅਤ ਲਈ ਕਾਲਾ ਧੱਬਾ

449
Share

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ: 916-320-9444
ਟਰੰਪ ਨੇ ਮੂਡਮੱਤੀਆਂ ਅਤੇ ਹੁੜਦੰਗ ਮਚਾਉਣ ਵਿਚ ਕਦੇ ਵੀ ਕੋਈ ਕਸਰ ਨਹੀਂ ਛੱਡੀ। ਪਰ ਅਮਰੀਕੀ ਰਾਸ਼ਟਰਪਤੀ ਦੀ ਚੋਣ ਵਿਚ ਸਪੱਸ਼ਟ ਰੂਪ ਵਿਚ ਹਾਰ ਜਾਣ ਤੋਂ ਬਾਅਦ ਜਿਸ ਤਰ੍ਹਾਂ ਦੀਆਂ ਸਰਗਰਮੀਆਂ ਅਤੇ ਕਾਰਵਾਈਆਂ ਉਸ ਵੱਲੋਂ ਕੀਤੀਆਂ ਗਈਆਂ ਹਨ, ਉਸ ਨਾਲ ਟਰੰਪ ਅਮਰੀਕੀ ਜਮਹੂਰੀਅਤ ਵਿਚ ਕਾਲਾ ਧੱਬਾ ਬਣ ਕੇ ਰਹਿ ਗਿਆ ਹੈ। ਅਮਰੀਕੀ ਰਾਸ਼ਟਰਪਤੀ ਦੀ ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਹੀ ਟਰੰਪ ਨੇ ਆਪਣੇ ਇਰਾਦੇ ਜ਼ਾਹਿਰ ਕਰ ਦਿੱਤੇ ਸਨ। ਉਸ ਨੇ ਕਿਹਾ ਸੀ ਕਿ ਜੇ ਮੈਂ ਹਾਰ ਵੀ ਗਿਆ, ਤਾਂ ਵ੍ਹਾਈਟ ਹਾਊਸ ਤੋਂ ਮੈਨੂੰ ਕੌਣ ਬਾਹਰ ਕੱਢੇਗਾ। ਟਰੰਪ ਦੇ ਇਸ ਬਿਆਨ ਨੂੰ ਉਸ ਸਮੇਂ ਅਮਰੀਕੀ ਪ੍ਰਸ਼ਾਸਨ ਅਤੇ ਲੋਕਾਂ ਸਮੇਤ ਕੌਮਾਂਤਰੀ ਭਾਈਚਾਰੇ ਨੇ ਬਹੁਤੀ ਗੰਭੀਰਤਾ ਨਾਲ ਨਹੀਂ ਸੀ ਲਿਆ। ਸਗੋਂ ਉਸ ਵੱਲੋਂ ਕੀਤੀਆਂ ਜਾਂਦੀਆਂ ਗੈਰ ਜ਼ਿੰਮੇਵਾਰੀ ਵਾਲੀਆਂ ਟਿੱਪਣੀਆਂ ਵਿਚ ਇਕ ਹੋਰ ਟਿੱਪਣੀ ਸਮਝ ਕੇ ਗੱਲ ਆਈ-ਗਈ ਕਰ ਦਿੱਤੀ ਗਈ ਸੀ। ਪਰ ਜਿਉ ਹੀ ਰਾਸ਼ਟਰਪਤੀ ਚੋਣ ਦੇ ਨਤੀਜੇ ਆਉਣੇ ਸ਼ੁਰੂ ਹੋਏ, ਤਾਂ ਟਰੰਪ ਦੀ ਨੀਤ ਅਤੇ ਨੀਤੀ ਦੇ ਰੰਗ ਉਘੜਨੇ ਸ਼ੁਰੂ ਹੋ ਗਏ। ਉਨ੍ਹਾਂ ਚੋਣ ਨਤੀਜਿਆਂ ਦੇ ਸ਼ੁਰੂ ਵਿਚ ਹੀ ਆਖ ਦਿੱਤਾ ਕਿ ਉਨ੍ਹਾਂ ਨੂੰ ਇਨ੍ਹਾਂ ਨਤੀਜਿਆਂ ਉਪਰ ਕੋਈ ਭਰੋਸਾ ਨਹੀਂ, ਚੋਣਾਂ ਵਿਚ ਵੱਡੀ ਹੇਰਾਫੇਰੀ ਅਤੇ ਗਬਨ ਹੋਇਆ ਹੈ। ਇਹ ਬਿਆਨ ਦੇਣ ਤੋਂ ਬਾਅਦ ਟਰੰਪ ਨੇ ਚੋਣ ਖਿਲਾਫ ਅਦਾਲਤੀ ਦਰਵਾਜ਼ਾ ਵੀ ਖੜਕਾਇਆ। ਪਰ ਅਦਾਲਤ ਨੇ ਉਸ ਦੀ ਗੱਲ ਨਹੀਂ ਸੁਣੀ। ਪਰ ਟਰੰਪ ਆਪਣੇ ਇਰਾਦਿਆਂ ਤੋਂ ਪਿੱਛੇ ਨਹੀਂ ਹਟੇ। ਉਹ ਜਾਰਜੀਆ ਦੇ ਚੋਣ ਪ੍ਰਬੰਧਕ ਨੂੰ ਇੱਥੋਂ ਤੱਕ ਧਮਕਾਉਣ ਲੱਗੇ ਕਿ ਉਹ ਉਥੋਂ ਦਾ ਚੋਣ ਨਤੀਜਾ ਹੀ ਪਲਟ ਦੇਵੇ। ਪਰ ਚੋਣ ਪ੍ਰਬੰਧਕ ਨੇ ਅਜਿਹਾ ਕਰਨ ਤੋਂ ਪੂਰੀ ਤਰ੍ਹਾਂ ਇਨਕਾਰ ਕਰ ਦਿੱਤਾ। ਆਖਰ ਜਦ ਜਨਤਕ ਵੋਟਾਂ ਅਤੇ ਇਲੈਕਟਰੋਲ ਕਾਲਜ ਦੀਆਂ ਵੋਟਾਂ ਵਿਚ ਵੀ ਜੋਅ ਬਾਇਡਨ ਸਪੱਸ਼ਟ ਰੂਪ ਵਿਚ ਜੇਤੂ ਐਲਾਨ ਕਰ ਦਿੱਤਾ ਗਿਆ, ਤਾਂ ਵੀ ਟਰੰਪ ਨੇ ਆਪਣੇ ਇਰਾਦਿਆਂ ਤੋਂ ਪਿੱਛੇ ਹਟਣ ਦਾ ਨਾਂ ਨਹੀਂ ਲਿਆ। ਉਹ ਲਗਾਤਾਰ ਅਜਿਹੀਆਂ ਬੇਤੁਕੀਆਂ ਗੱਲਾਂ ਕਰਦੇ ਰਹੇ, ਜੋ ਅਮਰੀਕੀ ਜਮਹੂਰੀਅਤ ਦੇ ਇਤਿਹਾਸ ਵਿਚ ਕਦੇ ਦੇਖੀਆਂ, ਸੁਣੀਆਂ ਨਹੀਂ ਸੀ ਗਈਆਂ। ਪਰ ਟਰੰਪ ਦੇ ਇਰਾਦਿਆਂ ਦੀ ਹੱਦ ਉਸ ਸਮੇਂ ਹੋ ਗਈ, ਜਦ ਉਨ੍ਹਾਂ ਨੇ ਅਮਰੀਕੀ ਸੰਸਦ ਦੇ ਸਾਹਮਣੇ ਆਪਣੇ ਹਮਾਇਤੀਆਂ ਦਾ ਭਾਰੀ ਇਕੱਠ ਕਰਕੇ ਪਹਿਲਾਂ ਬੇਹੱਦ ਭੜਕਾਊ ਅਤੇ ਇਤਰਾਜ਼ਯੋਗ ਭਾਸ਼ਨ ਦਿੱਤਾ ਅਤੇ ਫਿਰ ਭੜਕੀ ਹੋਈ ਭੀੜ ਨੂੰ ਸੰਸਦ ਉਪਰ ਕਾਬਜ਼ ਹੋਣ ਦੀਆਂ ਅਪੀਲਾਂ ਕਰਕੇ ਆਪ ਵ੍ਹਾਈਟ ਹਾਊਸ ਵਿਚ ਜਾ ਵੜਿਆ। ਫਿਰ ਕੀ ਸੀ, ਕੁੱਝ ਹੀ ਮਿੰਟਾਂ ਵਿਚ ਆਪਮੁਹਾਰਾ ਹੋਈ ਭੜਕੀ ਭੀੜ ਹਿੰਸਾ ਉਪਰ ਉੱਤਰ ਆਈ ਅਤੇ ਉਸ ਨੇ ਅਮਰੀਕੀ ਸੰਸਦ ਉਪਰ ਹਮਲਾ ਬੋਲ ਦਿੱਤਾ। ਉੱਚੀਆਂ-ਲੰਮੀਆਂ ਕੰਧਾਂ ਉਪਰ ਲੋਕ ਟਪੂਸੀਆਂ ਮਾਰ ਕੇ ਅੰਦਰ ਜਾ ਵੜੇ। ਸੁਰੱਖਿਆ ਗਾਰਦ ਨਾਲ ਸਖ਼ਤ ਹੱਥੋਪਾਈ ਹੋਈ। ਇਸ ਗੜਬੜ ਵਿਚ 4 ਅਮਰੀਕੀਆਂ ਦੀ ਜਾਨ ਵੀ ਜਾਂਦੀ ਰਹੀ। ਕਈ ਘੰਟੇ ਦੀ ਜੱਦੋ-ਜਹਿਦ ਬਾਅਦ ਇਸ ਹਿੰਸਕ ਭੀੜ ਉਪਰ ਕਾਬੂ ਪਾਇਆ ਗਿਆ। ਅਮਰੀਕੀ ਜਮਹੂਰੀਅਤ ਦੇ ਇਤਿਹਾਸ ਵਿਚ ਕਿਸੇ ਰਾਸ਼ਟਰਪਤੀ ਵੱਲੋਂ ਭੀੜ ਨੂੰ ਹਿੰਸਕ ਰੂਪ ਅਖਤਿਆਰ ਕਰਨ ਅਤੇ ਸੰਸਦ ਉਪਰ ਹਮਲੇ ਲਈ ਭੜਕਾਉਣ ਦੀ ਇਹ ਪਹਿਲੀ ਘਟਨਾ ਹੈ। ਹੁਣ ਤੱਕ ਅਮਰੀਕਾ ਦੇ ਇਤਿਹਾਸ ਵਿਚ ਰਾਸ਼ਟਰਪਤੀ ਦੀ ਚੋਣ ਬਾਅਦ ਸੱਤਾ ਬਦਲੀ ਬੇਹੱਦ ਸਹਿਜ ਅਤੇ ਸ਼ਾਂਤਮਈ ਰਹਿੰਦੀ ਰਹੀ ਹੈ। ਹਰ ਆਪਣੇ ਅਹੁਦੇ ਦੀ ਮਿਆਦ ਪੁਗਾਉਣ ਵਾਲਾ ਰਾਸ਼ਟਰਪਤੀ ਬੜੇ ਸਲੀਕੇ ਨਾਲ ਨਵੇਂ ਚੁਣੇ ਗਏ ਰਾਸ਼ਟਰਪਤੀ ਦੇ ਸਵਾਗਤ ਲਈ ਅਤੇ ਐਟਮੀ ਹਥਿਆਰਾਂ ਦਾ ਬਰੀਫਕੇਸ ਉਸ ਦੇ ਸਪੁਰਦ ਕਰਨ ਦੀ ਰਸਮ ਪੂਰਤੀ ਲਈ ਰਾਸ਼ਟਰਪਤੀ ਦੇ ਅਹੁਦਾ ਸੰਭਾਲਣ ਵਾਲੇ ਸਮਾਗਮ ਵਿਚ ਸ਼ਾਮਲ ਹੁੰਦਾ ਰਿਹਾ ਹੈ। ਪਰ ਇਸ ਵਾਰ ਟਰੰਪ ਨੇ ਜੋਅ ਬਾਇਡਨ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਵਾਲੇ ਸਮਾਗਮ ਵਿਚ ਹਾਜ਼ਰ ਤੋਂ ਇਨਕਾਰ ਕਰ ਦਿੱਤਾ ਹੈ। ਇਹ ਸਾਰਾ ਕੁੱਝ ਆਪਣੇ ਆਪ ਵਿਚ ਹੀ ਅਮਰੀਕੀ ਜਮਹੂਰੀਅਤ ਉਪਰ ਇਕ ਵੱਡਾ ਕਾਲਾ ਧੱਬਾ ਹੈ। ਹੁਣ ਤੱਕ ਦੁਨੀਆਂ ਅੰਦਰ ਅਮਰੀਕੀ ਜਮਹੂਰੀਅਤ ਨੂੰ ਸਭ ਤੋਂ ਮਜ਼ਬੂਤ ਅਤੇ ਵੱਡੀ ਜਮਹੂਰੀਅਤ ਵਜੋਂ ਲਿਆ ਜਾਂਦਾ ਸੀ। ਪਰ ਜਿਸ ਤਰ੍ਹਾਂ ਦਾ ਮਾਮਲਾ ਚੋਣ ਦੌਰਾਨ ਸਾਹਮਣੇ ਆਉਦਾ ਰਿਹਾ ਹੈ ਅਤੇ ਉਸ ਤੋਂ ਬਾਅਦ ਜੋ ਕੁੱਝ ਹੁਣ ਤੱਕ ਵਾਪਰਿਆ ਹੈ, ਉਸ ਨੇ ਅਮਰੀਕੀ ਜਮਹੂਰੀਅਤ ਦੀ ਮਜ਼ਬੂਤੀ ਬਾਰੇ ਲੋਕਾਂ ਦੇ ਭਰਮ ਤੋੜ ਦਿੱਤੇ ਹਨ। ਪਹਿਲੀ ਵਾਰ ਹੈ ਕਿ ਸੰਸਦ ਉਪਰ ਹਮਲੇ ਤੋਂ ਬਾਅਦ ਅਮਰੀਕਾ ਪ੍ਰਸ਼ਾਸਨ ਨੂੰ ਇਸ ਪੂਰੇ ਰਾਜ ਵਿਚ ਨੈਸ਼ਨਲ ਗਾਰਡ ਤਾਇਨਾਤ ਕਰਨੇ ਪਏ ਅਤੇ ਹੰਗਾਮੀ ਹਾਲਤ ਵਿਚ ਨਿਊਕਲੀਅਰ ਹਥਿਆਰਾਂ ਨਾਲ ਲੈਸ ਹਮੇਸ਼ਾ ਤਿਆਰ-ਬਰ-ਤਿਆਰ ਰਹਿਣ ਵਾਲਾ ਜਹਾਜ਼ ਆਸਮਾਨ ਵਿਚ ਉਡਾਉਣਾ ਪਿਆ। ਇਸ ਤੋਂ ਪਹਿਲਾਂ ਇਹ ਜਹਾਜ਼ ਨਿਊਯਾਰਕ ਦੇ ਵਰਲਡ ਟਰੇਡ ਸੈਂਟਰ ਉਪਰ ਹੋਏ ਹਮਲੇ ਦੌਰਾਨ ਆਸਮਾਨ ਵਿਚ ਚੜ੍ਹਾਇਆ ਗਿਆ ਸੀ।
ਟਰੰਪ ਦੀਆਂ ਆਪਹੁਦਰੀਆਂ ਅਤੇ ਗੈਰ ਸੰਵਿਧਾਨਕ ਕਾਰਵਾਈਆਂ ਨੇ ਪੂਰੇ ਅਮਰੀਕਾ ਨੂੰ ਹੀ ਨਹੀਂ, ਸਗੋਂ ਖੁਦ ਉਸ ਦੀ ਆਪਣੀ ਰਿਪਬਲੀਕਨ ਪਾਰਟੀ ਨੂੰ ਵੀ ਸ਼ਰਮਸਾਰ ਕਰਕੇ ਰੱਖ ਦਿੱਤਾ ਹੈ। ਹਾਲਾਤ ਇਹ ਹੈ ਕਿ ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਟਰੰਪ ਦੇ ਉਲਟ ਪੈਂਤੜਾ ਲਿਆ ਹੈ। ਉਹ ਜੋਅ ਬਾਇਡਨ ਦੇ ਸਹੁੰ ਚੁੱਕ ਸਮਾਗਮ ਵਿਚ ਵੀ ਸ਼ਾਮਲ ਹੋਣ ਜਾ ਰਹੇ ਹਨ। ਰਿਪਬਲੀਕਨ ਪਾਰਟੀ ਦੇ ਹੋਰ ਵੀ ਬਹੁਤ ਸਾਰੇ ਆਗੂ ਹਨ, ਜਿਨ੍ਹਾਂ ਨੇ ਟਰੰਪ ਦੀਆਂ ਸਰਗਰਮੀਆਂ ਦੀ ਸਖ਼ਤ ਨੁਕਤਾਚੀਨੀ ਕੀਤੀ ਹੈ। ਉਪ ਰਾਸ਼ਟਰਪਤੀ ਮਾਈਕ ਪੇਂਸ ਤਾਂ ਇਥੋਂ ਤੱਕ ਚਲੇ ਗਏ ਹਨ ਕਿ ਉਹ ਡੋਨਾਲਡ ਟਰੰਪ ਨੂੰ ਤੁਰੰਤ ਅਹੁਦੇ ਤੋਂ ਹਟਾਉਣ ਲਈ ਸੰਵਿਧਾਨਿਕ ਧਾਰਾਵਾਂ ਲਾਗੂ ਕਰਨ ਬਾਰੇ ਸੋਚ ਰਹੇ ਹਨ। ਡੈਮੋਕ੍ਰੇਟਸ ਨੇ ਟਰੰਪ ਦੇ ਖਿਲਾਫ ਮਹਾਂਦੋਸ਼ ਲਗਾ ਕੇ ਉਸ ਨੂੰ ਰਾਸ਼ਟਰਪਤੀ ਅਹੁਦੇ ਤੋਂ ਖਾਰਜ ਕਰਨ ਦੀ ਮੁਹਿੰਮ ਵਿੱਢ ਰੱਖੀ ਹੈ। ਰਿਪਬਲੀਕਨ ਦੀ ਕਾਂਗਰਸ ਵਿਚ ਬਹੁਗਿਣਤੀ ਹੈ। ਜੇਕਰ ਉਹ ਫੈਸਲਾ ਲੈ ਲੈਂਦੇ ਹਨ, ਤਾਂ ਟਰੰਪ ਅਜਿਹੇ ਅਮਰੀਕਨ ਪ੍ਰੈਜ਼ੀਡੈਂਟ ਵਜੋਂ ਜਾਣਿਆ ਜਾਣ ਲੱਗੇਗਾ, ਜਿਨ੍ਹਾਂ ਨੂੰ ਮਹਾਂਦੋਸ਼ ਅਧੀਨ ਅਹੁਦੇ ਤੋਂ ਉਤਾਰ ਦਿੱਤਾ ਗਿਆ ਸੀ ਅਤੇ ਉਹ ਅਮਰੀਕਾ ਦਾ ਪ੍ਰਥਮ ਵਿਅਕਤੀ ਕਹਾਉਣ ਦਾ ਰੁਤਬਾ ਵੀ ਖੋਹ ਬੈਠੇਗਾ। ਉੱਪ ਰਾਸ਼ਟਰਪਤੀ ਮਾਈਕ ਪੇਂਸ ਨੇ ਸੰਸਦ ਉਪਰ ਹਮਲੇ ਦੇ ਤੁਰੰਤ ਬਾਅਦ ਆਪਣੇ ਆਪ ਨੂੰ ਇਨ੍ਹਾਂ ਘਟਨਾਵਾਂ ਤੋਂ ਵੱਖ ਕਰ ਲਿਆ ਸੀ ਅਤੇ ਕਿਹਾ ਸੀ ਕਿ ਉਹ ਸੰਸਦ ਉਪਰ ਹਮਲੇ ਦੀ ਸਖ਼ਤ ਆਲੋਚਨਾ ਕਰਦੇ ਹਨ। ਟਰੰਪ ਨੇ ਤਾਂ ਮਾਈਕ ਪੇਂਸ ਉਪਰ ਇਥੋਂ ਤੱਕ ਦਬਾਅ ਪਾਇਆ ਸੀ ਕਿ ਉਹ ਜੋਅ ਬਾਇਡਨ ਨੂੰ ਜਿੱਤ ਦਾ ਸਰਟੀਫਿਕੇਟ ਜਾਰੀ ਨਾ ਕਰੇ। ਪਰ ਮਾਈਕ ਪੇਂਸ ਨੇ ਉਸ ਦੀ ਇਹ ਗੱਲ ਪ੍ਰਵਾਨ ਕਰਨ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ ਸੀ ਅਤੇ ਜੋਅ ਬਾਇਡਨ ਨੂੰ ਜਿੱਤ ਦਾ ਸਰਟੀਫਿਕੇਟ ਜਾਰੀ ਕਰ ਦਿੱਤਾ ਸੀ।
ਡੈਮੋਕ੍ਰੇਟਸ ਮੰਗ ਕਰ ਰਹੇ ਸਨ ਕਿ ਸੰਸਦ ਉਪਰ ਹਮਲੇ ਬਾਅਦ ਟਰੰਪ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਹਾਂਦੋਸ਼ ਅਧੀਨ ਕਾਰਵਾਈ ਲਈ 180 ਵੋਟਾਂ ਦੀ ਲੋੜ ਹੈ ਅਤੇ ਉਨ੍ਹਾਂ ਕੋਲ ਇਹ ਗਿਣਤੀ ਇਸ ਵੇਲੇ ਮੌਜੂਦ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਦੁਨੀਆਂ ਦੀਆਂ ਵੱਡੀਆਂ ਕੰਪਨੀਆਂ ਐਮਾਜ਼ੋਨ, ਗੂਗਲ, ਐਪਲ ਦੀਆਂ ਐਪਸ ਟਰੰਪ ਹਮਾਇਤੀਆਂ ਵੱਲੋਂ ਪ੍ਰਚਾਰ ਲਈ ਸਭ ਤੋਂ ਵੱਧ ਵਰਤੀਆਂ ਗਈਆਂ। ਇਨ੍ਹਾਂ ਘਟਨਾਵਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਅਮਰੀਕਾ ਇਸ ਵੇਲੇ ਨਾ ਤਾਂ ਇਕਜੁੱਟ ਕੌਮ ਹੈ ਅਤੇ ਨਾ ਹੀ ਇਸ ਦੇਸ਼ ਉਪਰ ਕਿਸੇ ਸੂਝਵਾਨ ਸਿਆਸੀ ਢਾਂਚੇ ਦੀ ਕੋਈ ਮਜ਼ਬੂਤ ਪਕੜ ਹੈ। ਸਗੋਂ ਇਸ ਦੇ ਉਲਟ ਹੁੱਲੜਬਾਜ਼ ਗੈਂਗ ਅਤੇ ਸਿਆਸਤਦਾਨ ਇਸ ਉਪਰ ਭਾਰੂ ਹੋ ਰਹੇ ਹਨ। ਅਮਰੀਕੀ ਸਮਾਜ ਵਿਚ ਆਈਆਂ ਇਹ ਪ੍ਰਵਿਰਤੀਆਂ ਇਕੱਲੇ ਅਮਰੀਕਾ ਲਈ ਹੀ ਨਹੀਂ, ਸਗੋਂ ਪੂਰੀ ਦੁਨੀਆਂ ਲਈ ਬੇਹੱਦ ਚਿੰਤਤ ਕਰਨ ਵਾਲੀਆਂ ਹਨ। ਅਮਰੀਕੀ ਸਮਾਜ ਨੂੰ ਵੀ ਇਸ ਗੱਲ ਦਾ ਅਹਿਸਾਸ ਕਰਨਾ ਪਵੇਗਾ ਕਿ ਟਰੰਪ ਵਰਗੇ ਹੁੱਲੜਬਾਜ਼ ਅਤੇ ਗੈਰ ਸਿਆਸੀ ਵਿਅਕਤੀ ਨੂੰ ਰਾਸ਼ਟਰਪਤੀ ਵਰਗੇ ਅਹੁਦੇ ਉਪਰ ਬਿਠਾ ਕੇ ਉਨ੍ਹਾਂ ਵੱਡੀ ਗਲਤੀ ਹੀ ਨਹੀਂ ਕੀਤੀ, ਸਗੋਂ ਅਮਰੀਕੀ ਸਮਾਜ ਦੇ ਉੱਚੇ-ਸੁੱਚੇ ਪ੍ਰਚਮ ਨੂੰ ਵੀ ਦਾਗੀ ਕਰ ਲਿਆ ਹੈ।
ਇਸ ਘਟਨਾਕ੍ਰਮ ਨੇ ਅਮਰੀਕਾ ਦਾ ਅਕਸ ਵੀ ਪੂਰੀ ਦੁਨੀਆਂ ਵਿਚ ਵਿਗਾੜਿਆ ਹੈ ਅਤੇ ਅਮਰੀਕਾ ਦੀ ਜਮਹੂਰੀਅਤ ਬਾਰੇ ਅਨੇਕ ਭਰਮ-ਭੁਲੇਖੇ ਪੈਦਾ ਕੀਤੇ ਹਨ। ਕਾਰਪੋਰੇਟ ਸੈਕਟਰ ਨੂੰ ਸਭ ਤੋਂ ਪਹਿਲਾਂ ਅਪਣਾਉਣ ਅਤੇ ਅੱਗੇ ਲਿਆਉਣ ਵਾਲਾ ਅਮਰੀਕਾ ਲੱਗਦਾ ਹੈ ਕਿ ਅੱਜ ਉਸੇ ਦੀ ਮਾਰ ਹੇਠ ਆਇਆ ਹੈ। ਕਾਰਪੋਰੇਟ ਸੈਕਟਰ ਦੀਆਂ ਸਮੁੱਚੀ ਦੁਨੀਆਂ ਦੀ ਧੰਨ-ਦੌਲਤ ਅਤੇ ਪੈਦਾਵਾਰੀ ਸੋਮਿਆਂ ਉਪਰ ਕਬਜ਼ਾ ਕਰਨ ਦੀ ਨੀਤੀ ਨੇ ਦੁਨੀਆਂ ਭਰ ਵਿਚ ਵੱਡੀ ਹਲਚਲ ਮਚਾਈ ਹੋਈ ਹੈ। ਹਿੰਦੋਸਤਾਨ ਵਿਚ ਵੀ ਮੋਦੀ ਸਰਕਾਰ ਵੱਲੋਂ ਸਮੁੱਚਾ ਖੇਤੀ ਸੈਕਟਰ ਕਾਰਪੋਰੇਟ ਕੰਪਨੀਆਂ ਦੇ ਹੱਥ ਵਿਚ ਦੇਣ ਦਾ ਕਾਨੂੰਨ ਬਣਾਏ ਜਾਣ ਵਿਰੁੱਧ ਵੱਡੇ ਸੰਘਰਸ਼ ਚੱਲ ਰਹੇ ਹਨ। ਵੱਖ-ਵੱਖ ਰਾਜਾਂ ਦੇ ਕਿਸਾਨ ਇਕੱਠੇ ਹੋ ਕੇ ਇਸ ਵੇਲੇ ਦਿੱਲੀ ਨੂੰ ਘੇਰੀਂ ਬੈਠੇ ਹਨ। ਯੂਰਪੀਅਨ ਮੁਲਕਾਂ ਵਿਚ ਵੀ ਕਾਰਪੋਰੇਟ ਸੈਕਟਰ ਕੰਪਨੀਆਂ ਦੇ ਖਿਲਾਫ ਵੱਡੀ ਉੱਥਲ-ਪੁਥਲ ਮੱਚੀ ਹੋਈ ਹੈ। ਅਜਿਹੇ ਸਮੇਂ ਅਮਰੀਕੀ ਸਿਆਸਤ ਦੇ ਉਪਰਲੇ ਗਲਿਆਰਿਆਂ ਵਿਚ ਮਚੀ ਹੁੱਲੜਬਾਜ਼ੀ ਅਮਰੀਕਾ ਵਿਚ ਨਵੇਂ ਰਾਜਨੀਤਿਕ ਤੇ ਸਮਾਜਿਕ ਰੁਝਾਨਾਂ ਨੂੰ ਪੈਦਾ ਕਰੇਗੀ।

Share