ਟਰੰਪ ਪ੍ਰਸ਼ਾਸਨ ਵੱਲੋਂ ਇਕ ਹੋਰ ਕੈਦੀ ਨੂੰ ਦਿੱਤੀ ਗਈ ਮੌਤ ਦੀ ਸਜ਼ਾ: ਲਾਇਆ ਜ਼ਹਿਰੀਲਾ ਟੀਕਾ

222
Share

ਫਰਿਜ਼ਨੋ, 16 ਜਨਵਰੀ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ’ਚ ਟਰੰਪ ਪ੍ਰਸ਼ਾਸਨ ਵੱਲੋਂ ਪਿਛਲੇ ਦਿਨੀਂ ਕਤਲ ਦੇ ਦੋਸ਼ ’ਚ ਇਕ ਔਰਤ ਨੂੰ ਮੌਤ ਦੇ ਘਾਟ ਉਤਾਰਨ ਦੇ ਬਾਅਦ ਇਕ ਹੋਰ ਅਪਰਾਧੀ 52 ਸਾਲਾ ਕੋਰੇ ਜੋਹਨਸਨ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ। ਸਾਲ 1992 ’ਚ ਵਰਜੀਨੀਆ ਵਿਚ ਹੋਈਆਂ ਕਈ ਹੱਤਿਆਵਾਂ ’ਚ ਸ਼ਮੂਲੀਅਤ ਲਈ ਨਸ਼ਾ ਤਸਕਰੀ ਕਰਨ ਵਾਲੇ ਅਪਰਾਧੀ ਜੋਹਨਸਨ ਨੂੰ ਵੀਰਵਾਰ ਨੂੰ ਜ਼ਹਿਰੀਲਾ ਟੀਕਾ ਲਗਾ ਮੌਤ ਦੇ ਘਾਟ ਉਤਾਰਿਆ ਗਿਆ। ਸਰਕਾਰ ਵਲੋਂ ਇਹ ਕਾਰਵਾਈ ਦੋਸ਼ੀ ਦੇ ਵਕੀਲਾਂ ਵਲੋਂ ਉਸ ਦੇ ਹਾਲ ਹੀ ਵਿਚ ਕੋਵਿਡ-19 ਨਾਲ ਪ੍ਰਭਾਵਿਤ ਹੋਣ ਨਾਲ ਫੇਫੜਿਆਂ ਦੇ ਨੁਕਸਾਨ ਦੇ ਦਾਅਵਿਆਂ ਦੇ ਬਾਅਦ ਕੀਤੀ ਗਈ ਹੈ।
ਟਰੰਪ ਪ੍ਰਸ਼ਾਸਨ ਵਲੋਂ 17 ਸਾਲਾਂ ਬਾਅਦ ਸੰਘੀ ਫਾਂਸੀ ਮੁੜ ਸ਼ੁਰੂ ਕਰਨ ਦੇ ਬਾਅਦ ਇੰਡੀਆਨਾ ਦੇ ਸੰਘੀ ਜੇਲ੍ਹ ਕੰਪਲੈਕਸ ਟੈਰੇ ਹੌਤੇ ਵਿਚ ਮੌਤ ਦੀ ਸਜ਼ਾ ਪ੍ਰਾਪਤ ਕਰਨ ਵਾਲਾ 52 ਸਾਲਾ ਕੋਰੇ ਜੋਹਨਸਨ 12ਵਾਂ ਕੈਦੀ ਹੈ। ਜੋਹਨਸਨ ਨੂੰ ਅਧਿਕਾਰੀਆਂ ਵਲੋਂ ਵੀਰਵਾਰ ਰਾਤ 11:34 ਵਜੇ ਮਿ੍ਰਤਕ ਐਲਾਨ ਕਰ ਦਿੱਤਾ ਗਿਆ ਸੀ।
ਜੋਹਨਸਨ ਤੋਂ ਬਾਅਦ ਇਕ ਹੋਰ ਅਪਰਾਧੀ ਡਸਟਿਨ ਹਿਗਜ਼ ਦੀ ਸ਼ੁੱਕਰਵਾਰ ਨੂੰ ਮੌਤ ਦੀ ਸਜ਼ਾ ਨਿਰਧਾਰਤ ਕੀਤੀ ਗਈ ਹੈ। ਇਨ੍ਹਾਂ ਦੀਆਂ ਸਜ਼ਾਵਾਂ ਰਾਸ਼ਟਰਪਤੀ ਚੁਣੇ ਹੋਏ ਜੋਅ ਬਾਇਡਨ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਆਖਰੀ ਸਜ਼ਾਵਾਂ ਹਨ। ਬਾਇਡਨ ਮੌਤ ਦੀ ਸਜ਼ਾ ਦਾ ਵਿਰੋਧ ਕਰਦੇ ਹਨ ਅਤੇ ਉਨ੍ਹਾਂ ਨੇ ਇਸ ਸਜ਼ਾ ਨੂੰ ਬੰਦ ਕਰਨ ਦਾ ਵੀ ਸੰਕੇਤ ਦਿੱਤਾ ਹੈ। ਜੋਹਨਸਨ ਨੇ ਜ਼ਹਿਰੀਲਾ ਟੀਕਾ ਲੱਗਣ ਤੋਂ ਪਹਿਲਾਂ ਆਖਰੀ ਬਿਆਨਾਂ ’ਚ ਆਪਣੇ ਕੀਤੇ ਅਪਰਾਧਾਂ ਲਈ ਅਫ਼ਸੋਸ ਪ੍ਰਗਟ ਕੀਤਾ।

Share