ਟਰੰਪ ਪ੍ਰਸ਼ਾਸਨ ਚੀਨੀ ਪੱਤਰਕਾਰਾਂ ਦੇ ਅਮਰੀਕਾ ‘ਚ ਰਹਿਣ ਦੀ ਮਿਆਦ ਨੂੰ 90 ਦਿਨ ਤੱਕ ਸੀਮਤ ਕਰਨ ‘ਤੇ ਕਰ ਰਿਹੈ ਵਿਚਾਰ

653

ਵਾਸ਼ਿੰਗਟਨ, 26 ਸਤੰਬਰ (ਪੰਜਾਬ ਮੇਲ)- ਟਰੰਪ ਪ੍ਰਸ਼ਾਸਨ ਚੀਨ ਦੇ ਪੱਤਰਕਾਰਾਂ ਦੇ ਅਮਰੀਕਾ ਵਿਚ ਰਹਿਣ ਦੀ ਮਿਆਦ ਨੂੰ 90 ਦਿਨ ਤੱਕ ਸੀਮਤ ਕਰਨ ਅਤੇ ਇਸ ਨੂੰ ਇੰਨੇ ਹੀ ਦਿਨ ਲਈ ਦੁਬਾਰਾ ਅੱਗੇ ਵਧਾਉਣ ‘ਤੇ ਵਿਚਾਰ ਕਰ ਰਿਹਾ ਹੈ। ਫੈਡਰਲ ਵੱਲੋਂ ਜਾਰੀ ਨੋਟੀਫਿਕੇਸ਼ਨ ਵਿਚ ਇਹ ਜਾਣਕਾਰੀ ਦਿੱਤੀ ਗਈ। ਗ੍ਰਹਿ ਸੁਰੱਖਿਆ ਮੰਤਰਾਲੇ ਦਾ ਇਹ ਪ੍ਰਸਤਾਵ ਵਿਦਿਆਰਥੀਆਂ, ਖੋਜਕਾਰਾਂ ਅਤੇ ਵਿਦੇਸ਼ੀ ਪੱਤਰਕਾਰਾਂ ਦੇ ਸੀਮਤ ਮਿਆਦ ਦੇ ਵੀਜ਼ਾ ਨਾਲ ਵੀ ਜੁੜਿਆ ਹੈ।
ਸ਼ੁੱਕਰਵਾਰ ਨੂੰ ਜਾਰੀ ਨੋਟੀਫਿਕੇਸ਼ਨ ਮੁਤਾਬਕ ਆਮ ਤੌਰ ‘ਤੇ ਵਿਦੇਸ਼ੀ ਪੱਤਰਕਾਰ ਦੇ ਰਹਿਣ ਦੀ ਸਮਾਂ ਸੀਮਾ 240 ਦਿਨ ਹੈ ਅਤੇ ਇਸ ਤੋਂ ਬਾਅਦ ਇਸ ਨੂੰ ਇੰਨੇ ਹੀ ਦਿਨ ਲਈ ਅੱਗੇ ਵਧਾਇਆ ਜਾਂਦਾ ਹੈ। ਚੀਨ ਤੋਂ ਆਉਣ ਵਾਲੇ ਪੱਤਰਕਾਰਾਂ ਨੂੰ ਅਮਰੀਕਾ ਆਈ-ਵੀਜ਼ਾ ਦੇਵੇਗਾ, ਜਿਹੜਾ ਸਿਰਫ 90 ਦਿਨ ਲਈ ਹੋਵੇਗਾ। ਪਾਰਟੀਆਂ ਨੂੰ ਇਸ ਸ਼ਾਸਕੀ ਨੋਟੀਫਿਕੇਸ਼ਨ ਦਾ 30 ਦਿਨਾਂ ‘ਚ ਜਵਾਬ ਦੇਣਾ ਹੈ। ਮਕਾਊ ਵਿਸ਼ੇਸ਼ ਪ੍ਰਸ਼ਾਸਨਿਕ ਖੇਤਰ ਦੇ ਪਾਸਪੋਰਟ ਧਾਰਕਾਂ ਨੂੰ ਇਸ ਵਿਚ ਛੋਟ ਦਿੱਤੀ ਗਈ ਹੈ। ਚੀਨ ਦੇ ਪੱਤਰਕਾਰਾਂ ਲਈ ਮਿਆਦ ਦੁਬਾਰਾ ਵਧਾਉਣ ਦੀ ਸੀਮਾ ਸਿਰਫ 90 ਦਿਨ ਹੀ ਹੈ। ਵਿਦੇਸ਼ੀ ਪੱਤਰਕਾਰਾਂ ਅਤੇ ਉਨ੍ਹਾਂ ‘ਤੇ ਨਿਰਭਰ ਕਰਨ ਵਾਲਿਆਂ ਨੂੰ ਆਈ-ਵੀਜ਼ਾ ਦੀ ਮਿਆਦ ਖਤਮ ਹੋਣ ‘ਤੇ ਅਤੇ ਨਵੀਨੀਕਰਣ ਦੀ ਅਰਜ਼ੀ ਰੱਦ ਹੋਣ ‘ਤੇ ਤੁਰੰਤ ਦੇਸ਼ ਛੱਡਣਾ ਹੋਵੇਗਾ।