ਟਰੰਪ ਨੇ ਬਰਤਾਨੀਆ, ਆਇਰਲੈਂਡ ਤੇ ਬ੍ਰਾਜ਼ੀਲ ਤੋਂ ਹਟਾਈ ਯਾਤਰਾ ਪਾਬੰਦੀ

523
Share

ਵਾਸ਼ਿੰਗਟਨ, 19 ਜਨਵਰੀ (ਪੰਜਾਬ ਮੇਲ)- ਕੋਰੋਨਾ ਮਹਾਂਮਾਰੀ ਦਾ ਸਭ ਤੋਂ ਵੱਧ ਅਸਰ ਅਮਰੀਕਾ ’ਤੇ ਪਿਆ ਹੈ, ਜਿੱਥੇ ਮਰੀਜ਼ਾਂ ਦੀ ਗਿਣਤੀ 2 ਕਰੋੜ 40 ਲੱਖ ਤੋਂ ਟੱਪ ਚੁੱਕੀ ਹੈ ਤੇ 3 ਲੱਖ 98 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਇਸ ਦੇ ਬਾਵਜੂਦ ਡੋਨਾਲਡ ਟਰੰਪ ਨੇ ਮਹਾਂਮਾਰੀ ਕਾਰਨ ਕਈ ਦੇਸ਼ਾਂ ’ਤੇ ਲਾਗੂ ਯਾਤਰਾ ਪਾਬੰਦੀਆਂ ਨੂੰ ਹਟਾਉਣ ਲਈ ਕਾਰਜਕਾਰੀ ਹੁਕਮ ਜਾਰੀ ਕੀਤਾ ਹੈ। ਟਰੰਪ ਵੱਲੋਂ ਕੀਤੇ ਗਏ ਐਲਾਨ ਮੁਤਾਬਕ ਬਰਤਾਨੀਆ, ਆਇਰਲੈਂਡ, ਬ੍ਰਾਜ਼ੀਲ ਸਣੇ ਕਈ ਯੂਰਪੀ ਮੁਲਕਾਂ ਤੋਂ ਆਉਣ ਵਾਲੇ ਯਾਤਰੀਆਂ ’ਤੇ 26 ਜਨਵਰੀ ਤੋਂ ਕੋਰੋਨਾ ਪਾਬੰਦੀਆਂ ਹਟਾ ਦਿੱਤੀਆਂ ਜਾਣਗੀਆਂ। ਉੱਧਰ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਇਨ੍ਹਾਂ ਪਾਬੰਦੀਆਂ ਨੂੰ ਵਧਾਉਣ ਦੀ ਤਿਆਰੀ ਵਿੱਚ ਹਨ। ਬਾਇਡਨ ਪ੍ਰਸ਼ਾਸਨ ਨੇ ਕਿਹਾ ਹੈ ਕਿ ਇਹ ਪਾਬੰਦੀਆਂ ਅਜੇ ਹਟਾਈਆਂ ਨਹੀਂ ਜਾਣਗੀਆਂ।
ਟਰੰਪ ਦਾ ਹੁਕਮ ਜਨਤਕ ਹੋਣ ਤੋਂ ਤੁਰੰਤ ਬਾਅਦ ਜੋਅ ਬਾਇਡਨ ਦੇ ਬੁਲਾਰੇ ਜੈਨ ਸਾਕੀ ਨੇ ਟਵੀਟ ਕੀਤਾ ਕਿ ਸਾਡੀ ਮੈਡੀਕਲ ਟੀਮ ਦੀ ਸਲਾਹ ਮੁਤਾਬਕ ਪ੍ਰਸ਼ਾਸਨ ਦਾ ਇਨ੍ਹਾਂ ਪਾਬੰਦੀਆਂ ਨੂੰ ਹਟਾਉਣ ਦਾ ਫਿਲਹਾਲ ਕੋਈ ਇਰਾਦਾ ਨਹੀਂ ਹੈ। ਮਹਾਂਮਾਰੀ ਕਾਰਨ ਹਾਲਾਤ ਵਿਗੜਨ ਅਤੇ ਦੁਨੀਆ ਭਰ ਵਿੱਚ ਕੋਰੋਨਾ ਦੇ ਨਵੇਂ ਰੂਪ ਸਾਹਮਣੇ ਆਉਣ ਕਾਰਨ ਯਾਤਰਾ ਪਾਬੰਦੀਆਂ ਹਟਾਉਣ ਲਈ ਇਹ ਸਹੀ ਸਮਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਕੋਰੋਨਾ ਫੈਲਣ ਤੋਂ ਰੋਕਣ ਲਈ ਕੌਮਾਂਤਰੀ ਯਾਤਰਾ ਨੂੰ ਲੈ ਕੇ ਜਨਤਕ ਸਿਹਤ ਉਪਾਵਾਂ ਨੂੰ ਮਜ਼ਬੂਤ ਕਰਨ ਦੀ ਯੋਜਨਾ ਬਣਾ ਰਹੇ ਹਨ।
ਟਰੰਪ ਦਾ ਕਈ ਦੇਸ਼ਾਂ ਤੋਂ ਯਾਤਰਾ ਪਾਬੰਦੀਆਂ ਹਟਾਉਣ ਜਿਹਾ ਕਦਮ ਬਾਇਡਨ ਦੇ ਲਈ ਬਾਅਦ ਵਿੱਚ ਮੁਸ਼ਕਲਾਂ ਖੜ੍ਹੀਆਂ ਕਰ ਸਕਦਾ ਹੈ, ਕਿਉਂਕਿ ਇਹ ਹੁਕਮ ਉਨ੍ਹਾਂ ਦੇ ਸੱਤਾ ਵਿੱਚ ਆਉਣ ਮਗਰੋਂ ਇੱਕ ਹਫ਼ਤੇ ਬਾਅਦ ਲਾਗੂ ਹੋ ਜਾਵੇਗਾ। ਬਾਇਡਨ ਦਾ ਉਦੇਸ਼ ਸਭ ਤੋਂ ਪਹਿਲਾਂ ਕੋਵਿਡ-19 ਦੀ ਸਥਿਤੀ ਨੂੰ ਕੰਟਰੋਲ ਕਰਨਾ ਹੈ।
ਡੈਮੋਕਰੇਟਿਕ ਪਾਰਟੀ ਨੇ ਟਰੰਪ ’ਤੇ ਜਿੰਨੇ ਵੀ ਦੋਸ਼ ਲਾਏ ਹਨ, ਉਨ੍ਹਾਂ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਸਹੀ ਢੰਗ ਨਾਲ ਨਾ ਨਜਿੱਠਣ ਜਿਹੇ ਦੋਸ਼ ਵੀ ਸ਼ਾਮਲ ਹਨ। ਅਜਿਹੇ ਵਿੱਚ ਇਨ੍ਹਾਂ ਦੇਸ਼ਾਂ ਦੇ ਲੋਕ ਜਦੋਂ ਯਾਤਰਾ ਕਰਕੇ ਅਮਰੀਕਾ ਆਉਣਗੇ ਤਾਂ ਮਹਾਂਮਾਰੀ ਦੇ ਹੋ ਖ਼ਤਰਨਾਕ ਹੋਣ ਦੀ ਸੰਭਾਵਨਾ ਹੈ। ਹੁਣ ਦੇਖਣਾ ਹੋਵੇਗਾ ਕਿ ਟਰੰਪ ਦੇ ਇਨ੍ਹਾਂ ਹੁਕਮਾਂ ਦੇ ਲਾਗੂ ਹੋਣ ਤੋਂ ਪਹਿਲਾਂ ਬਾਇਡਨ ਇਸ ’ਤੇ ਕੋਈ ਫੈਸਲਾ ਲੈਂਦੇ ਹਨ ਜਾਂ ਨਹੀਂ।


Share