ਟਰੰਪ ਨੇ ਪ੍ਰਦਰਸ਼ਨਕਾਰੀਆਂ ਵੱਲੋਂ ਵਾਸ਼ਿੰਗਟਨ ‘ਚ ਗਾਂਧੀ ਦੇ ਬੁੱਤ ਪਹੁੰਚਾਏ ਨੁਕਸਾਨ ‘ਤੇ ਨਰਾਜ਼ਗੀ ਜਤਾਈ

691
Share

ਵਾਸ਼ਿੰਗਟਨ, 10 ਜੂਨ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਰੋਧ ਪ੍ਰਦਰਸ਼ਨ ਦੌਰਾਨ ਵਾਸ਼ਿੰਗਟਨ ‘ਚ ਮਹਾਤਮਾ ਗਾਂਧੀ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ‘ਤੇ ਨਿਰਾਸ਼ਾ ਜਤਾਈ ਹੈ। ਅਫਰੀਕੀ-ਅਮਰੀਕੀ ਜਾਰਜ ਫਲਾਇਡ ਦੀ ਪੁਲਿਸ ਹਿਰਾਸਤ ‘ਚ ਮਾਰੇ ਜਾਣ ਤੋਂ ਬਾਅਦ ਦੇਸ਼ ਭਰ ‘ਚ ਹੋਏ ਵਿਰੋਧ-ਪ੍ਰਦਰਸ਼ਨਾਂ ਦੌਰਾਨ ਮਹਾਤਮਾ ਗਾਂਧੀ ਦੇ ਬੁੱਤ ‘ਤੇ ਸਪ੍ਰੇ ਕੀਤੀ ਗਈ ਅਤੇ ਉਸ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ। ਭਾਰਤੀ ਦੂਤਘਰ ਦੀ ਸਾਹਮਣੇ ਵਾਲੀ ਸੜਕ ‘ਤੇ ਗਾਂਧੀ ਜੀ ਦਾ ਬੁੱਤ ਲੱਗਾ ਹੋਇਆ ਹੈ, ਜਿਸ ਦੀ 2 ਅਤੇ 3 ਜੂਨ ਦੀ ਅੱਧੀ ਰਾਤ ‘ਚ ਭੰਨਤੋੜ ਕੀਤੀ ਗਈ।
ਭਾਰਤੀ ਦੂਤਘਰ ਨੇ ਕਾਨੂੰਨ ਲਾਗੂ ਕਰਨ ਵਾਲੀ ਸਥਾਨਕ ਏਜੰਸੀਆਂ ਦੇ ਸਾਹਮਣੇ ਇਸ ਦੀ ਸ਼ਿਕਾਇਤ ਦਰਜ ਕਰਾਈ ਹੈ। ਇਸ ਘਟਨਾ ਦੇ ਬਾਰੇ ਵਿਚ ਪੁੱਛੇ ਜਾਣ ‘ਤੇ ਟਰੰਪ ਨੇ ਸੋਮਵਾਰ ਨੂੰ ਵ੍ਹਾਈਟ ਹਾਊਸ ਵਿਚ ਕਿਹਾ ਕਿ ਇਹ ਅਪਮਾਨਜਨਕ ਹੈ। ਭਾਰਤੀ ਦੂਤਘਰ ਨੇ ਮਾਮਲੇ ਦੀ ਜਲਦ ਜਾਂਚ ਲਈ ਇਸ ਨੂੰ ਵਿਦੇਸ਼ ਮੰਤਰਾਲੇ ਦੇ ਸਾਹਮਣੇ ਚੁੱਕਿਆ ਹੈ। ਨਾਲ ਹੀ ਮੈਟਰੋਪੋਲਿਟਨ ਪੁਲਿਸ ਅਤੇ ਨੈਸ਼ਨਲ ਪਾਰਕ ਸਰਵਿਸ ਨੂੰ ਵੀ ਇਸ ਦੀ ਜਾਣਕਾਰੀ ਦਿੱਤੀ ਹੈ।
ਭਾਰਤੀ ਦੂਤਘਰ ਅਮਰੀਕੀ ਵਿਦੇਸ਼ ਮੰਤਰਾਲੇ, ਮੈਟਰੋਪੋਲਿਟਨ ਪੁਲਿਸ ਅਤੇ ਨੈਸ਼ਨਲ ਪਾਰਕ ਸਰਵਿਸ ਦੇ ਨਾਲ ਮਿਲ ਕੇ ਬੁੱਤ ਨੂੰ ਠੀਕ ਕਰਨ ਦੇ ਕੰਮ ‘ਚ ਲੱਗਾ ਹੈ। ਪਿਛਲੇ ਹਫਤੇ 2 ਅਮਰੀਕੀ ਸਾਂਸਦ ਮੈਂਬਰਾਂ ਅਤੇ ਟਰੰਪ ਦੇ ਪ੍ਰਚਾਰ ਅਭਿਆਨ ਨੇ ਬੁੱਤ ਨੂੰ ਨੁਕਸਾਨ ਪਹੁੰਚਾਏ ਜਾਣ ਦੀ ਘਟਨਾ ਦੀ ਨਿੰਦਾ ਕੀਤੀ ਸੀ।
ਰਾਸ਼ਟਰਪਤੀ ਚੋਣਾਂ ਲਈ ਡੋਨਾਲਡ ਟਰੰਪ ਦੇ ਸਲਾਹਕਾਰ ਅਤੇ ਟਰੰਪ ਵਿੱਕਟਰੀ ਫਾਈਨੈਂਸ ਕਮੇਟੀ ਦੇ ਰਾਸ਼ਟਰੀ ਪ੍ਰਧਾਨ ਕਿੰਮਬਰਲੇ ਗੁਇਲਫੋਇਲੇ ਨੇ ਟਵੀਟ ਕੀਤਾ ਕਿ ਬੇਹੱਦ ਨਿਰਾਸ਼ਾਜਨਕ। ਉਥੇ ਉੱਤਰੀ ਕੈਰੋਲੀਨਾ ਤੋਂ ਸਾਂਸਦ ਟਾਮ ਟਿਲੀਸ ਨੇ ਆਖਿਆ ਕਿ ਮਹਾਮਤਾ ਗਾਂਧੀ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣਾ ਸ਼ਰਮਿੰਦਗੀ ਵਾਲੀ ਗੱਲ ਹੈ। ਉਨ੍ਹਾਂ ਆਖਿਆ ਕਿ ਗਾਂਧੀ ਸ਼ਾਂਤੀਪੂਰਣ ਪ੍ਰਦਰਸ਼ਨਾਂ ਦੇ ਹੱਕ ਵਿਚ ਸਨ ਅਤੇ ਉਨ੍ਹਾਂ ਨੇ ਦਿਖਾਇਆ ਕਿ ਇਹ ਕਿੰਨਾ ਵੱਡਾ ਬਦਲਾਅ ਲਿਆ ਸਕਦਾ ਹੈ।
ਭਾਰਤ ਦੇ ਲਈ ਅਮਰੀਕੀ ਰਾਜਦੂਤ ਕੇਨ ਜਸਟਰ ਨੇ ਘਟਨਾ ਲਈ ਮੁਆਫੀ ਮੰਗੀ ਹੈ। ਉਨ੍ਹਾਂ ਨੇ ਪਿਛਲੇ ਹਫਤੇ ਟਵੀਟ ਕਰ ਕਿਹਾ ਸੀ ਕਿ ਵਾਸ਼ਿੰਗਟਨ ਡੀ.ਸੀ. ਵਿਚ ਪ੍ਰਦਰਸ਼ਨਕਾਰੀਆਂ ਵੱਲੋਂ ਗਾਂਧੀ ਦੇ ਬੁੱਤ ਨੂੰ ਨੁਕਸਾਨ ਪਹੁੰਚਾਏ ਜਾਣ ਤੋਂ ਬਾਅਦ ਉਹ ਬਹੁਤ ਦੁੱਖੀ ਹਨ। ਕਿਰਪਾ ਸਾਡੀ ਮੁਆਫੀ ਸਵੀਕਾਰ ਕਰੋ।


Share