ਟਰੰਪ ਨੇ ਦਿੱਤੇ ਸੋਮਾਲੀਆ ਤੋਂ ਅਮਰੀਕੀ ਸੈਨਿਕਾਂ ਦੀ ਵਾਪਸੀ ਦੇ ਆਦੇਸ਼ : ਪੈਂਟਾਗਨ

485
Share

ਫਰਿਜ਼ਨੋ, 6 ਦਸੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਪੈਂਟਾਗਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਰਾਸ਼ਟਰਪਤੀ ਟਰੰਪ ਨੇ ਅਫਰੀਕੀ ਦੇਸ਼ ਸੋਮਾਲੀਆ ਤੋਂ ਲਗਭਗ ਸਾਰੇ ਅਮਰੀਕੀ ਸੈਨਿਕਾਂ ਦੀ ਵਾਪਸੀ ਦੇ ਆਦੇਸ਼ ਦਿੱਤੇ ਹਨ। ਟਰੰਪ ਦੇ ਇਸ ਹੁਕਮ ਨਾਲ ਸੋਮਾਲੀਆ ‘ਚ ਤਾਇਨਾਤ ਤਕਰੀਬਨ 700 ਸੈਨਿਕ ਅਗਲੇ ਸਾਲ ਜਨਵਰੀ ਵਿਚ ਦੇਸ਼ ਵਾਪਿਸ ਆ ਸਕਦੇ ਹਨ। ਟਰੰਪ ਦੁਆਰਾ ਵਿਦੇਸ਼ਾਂ ਵਿਚੋਂ ਅਮਰੀਕੀ ਸੈਨਿਕਾਂ ਦੀ ਗਿਣਤੀ ਨੂੰ ਵਾਪਿਸ ਲੈਣਾ ਅਤੇ ਵਿਦੇਸ਼ੀ ਯੁੱਧਾਂ ਵਿਚ ਅਮਰੀਕਾ ਦੀ ਸ਼ਮੂਲੀਅਤ ਨੂੰ ਖਤਮ ਕਰਨਾ ਉਸ ਦੇ ਪ੍ਰਸ਼ਾਸਨ ਦੇ ਮਿਸ਼ਨਾਂ ਵਿਚੋਂ ਇੱਕ ਹੈ, ਜੋ ਕਿ ਬਾਇਡਨ ਤੋਂ ਰਾਸ਼ਟਰਪਤੀ ਦੀ ਚੋਣ ਹਾਰਨ ਦੇ ਬਾਵਜੂਦ ਵੀ ਫਿਲਹਾਲ ਜਾਰੀ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਸੈਨਿਕ 13 ਸਾਲਾਂ ਤੋਂ ਸੋਮਾਲੀਆ ਵਿਚ ਹਨ, ਜਿੱਥੇ ਉਹ ਅਲਕਾਇਦਾ ਨਾਲ ਜੁੜੇ ਸਮੂਹ, ਅਲ-ਸ਼ਬਾਬ ਨਾਲ ਲੜ ਰਹੇ ਹਨ ਅਤੇ ਨਾਲ ਹੀ ਸਥਾਨਕ ਬਲਾਂ ਨੂੰ ਸਿਖਲਾਈ ਵੀ ਦੇ ਰਹੇ ਹਨ। ਇਨ੍ਹਾਂ ਹੁਕਮਾਂ ਦੀ ਕੁੱਝ ਰਿਪਬਲਿਕਨ ਨੇਤਾਵਾਂ ਜਿਨ੍ਹਾਂ ਵਿਚ ਸੈਨੇਟ ਦੇ ਬਹੁਗਿਣਤੀ ਨੇਤਾ ਮਿਚ ਮੈਕਕੋਨਲ (ਆਰ.ਕੇ.) ਸ਼ਾਮਲ ਹਨ, ਦੁਆਰਾ ਅਲੋਚਨਾ ਵੀ ਕੀਤੀ ਗਈ ਹੈ, ਜਿਸ ਅਨੁਸਾਰ ਇਹ ਕਾਰਵਾਈ ਸਿਰਫ ਅਮਰੀਕਾ ਦੇ ਵਿਰੋਧੀਆਂ ਨੂੰ ਹੌਂਸਲਾ ਦੇਵੇਗੀ ਅਤੇ ਦੇਸ਼ ਦੇ ਸਹਿਯੋਗੀ ਦੇਸ਼ਾਂ ਨੂੰ ਵੀ ਠੇਸ ਪਹੁੰਚੇਗੀ। ਇਸਦੇ ਨਾਲ ਹੀ ਇਸ ਤਰ੍ਹਾਂ ਅਚਾਨਕ ਅਮਰੀਕੀ ਸੈਨਾ ਦੇ ਕਿਸੇ ਦੇਸ਼ ਤੋਂ ਬਾਹਰ ਜਾਣ ਦੇ ਨਤੀਜੇ ਸੰਭਾਵਤ ਤੌਰ ‘ਤੇ ਰਾਸ਼ਟਰਪਤੀ ਓਬਾਮਾ ਦੁਆਰਾ 2011 ਵਿਚ ਇਰਾਕ ਵਿਚੋਂ ਸੈਨਾ ਵਾਪਸੀ ਤੋਂ ਵੀ ਮਾੜੇ ਹੋਣਗੇ, ਜਿਸ ਨਾਲ ਅੱਤਵਾਦੀ ਸੰਗਠਨਾਂ ਨੂੰ ਹੱਲਾਸ਼ੇਰੀ ਮਿਲੀ ਸੀ।


Share