ਟਰੰਪ ਨੇ ਡਬਲਯੂ.ਐੱਚ.ਓ. ਨਾਲ ਸੰਬੰਧ ਖਤਮ ਕਰਨ ਬਾਰੇ ਯੂ.ਐੱਨ. ਨੂੰ ਦਿੱਤੀ ਜਾਣਕਾਰੀ

389
Share

ਵਾਸ਼ਿੰਗਟਨ, 9 ਜੁਲਾਈ (ਪੰਜਾਬ ਮੇਲ)-ਦੁਨੀਆਂ ਭਰ ਵਿਚ ਕੋਰੋਨਾ ਵਾਇਰਸ ਦੇ ਪ੍ਰਸਾਰ ਵਿਚਕਾਰ ਅਮਰੀਕਾ ਨੇ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨਾਲ ਆਪਣੇ ਸਾਰੇ ਸਬੰਧ ਖਤਮ ਕਰਨ ਦੀ ਅਧਿਕਾਰਤ ਤੌਰ ‘ਤੇ ਸੰਯੁਕਤ ਰਾਸ਼ਟਰ ਨੂੰ ਜਾਣਕਾਰੀ ਦੇ ਦਿੱਤੀ ਹੈ। ਅਮਰੀਕਾ ਨੇ ਦੋਸ਼ ਲਾਇਆ ਕਿ ਵਿਸ਼ਵ ਸਿਹਤ ਸੰਗਠਨ ਵੱਲੋਂ ਦੁਨੀਆਂ ਨੂੰ ਗੁੰਮਰਾਹ ਕਰਨ ਕਰਕੇ ਇਸ ਵਾਇਰਸ ਕਾਰਨ ਦੁਨੀਆਂ ਭਰ ਵਿਚ 5 ਲੱਖ ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਿਨ੍ਹਾਂ ਵਿਚੋਂ 1,30,000 ਤੋਂ ਵੱਧ ਲੋਕ ਤਾਂ ਅਮਰੀਕਾ ਦੇ ਹੀ ਹਨ। ਟਰੰਪ ਪ੍ਰਸ਼ਾਸਨ ਵੱਲੋਂ ਸਬੰਧਾਂ ਦੀ ਸਮੀਖਿਆ ਸ਼ੁਰੂ ਕਰਨ ਤੋਂ ਬਾਅਦ ਅਮਰੀਕਾ ਨੇ ਅਪ੍ਰੈਲ ਵਿਚ ਹੀ ਵਿਸ਼ਵ ਸਿਹਤ ਸੰਗਠਨ ਨੂੰ ਫੰਡ ਦੇਣਾ ਬੰਦ ਕਰ ਦਿੱਤਾ ਸੀ। ਇਸ ਦੇ ਇਕ ਮਹੀਨੇ ਬਾਅਦ ਟਰੰਪ ਨੇ ਵਿਸ਼ਵ ਸਿਹਤ ਸੰਗਠਨ ਦੇ ਨਾਲ ਸਬੰਧ ਖਤਮ ਕਰਨ ਦਾ ਐਲਾਨ ਕੀਤਾ ਸੀ। ਅਮਰੀਕਾ ਵਿਸ਼ਵ ਸਿਹਤ ਸੰਗਠਨ ਨੂੰ ਸਭ ਤੋਂ ਵੱਧ ਫੰਡ 45 ਕਰੋੜ ਡਾਲਰ ਤੋਂ ਵੱਧ ਪ੍ਰਤੀ ਸਾਲ ਦਿੰਦਾ ਹੈ, ਜਦਕਿ ਚੀਨ ਦਾ ਯੋਗਦਾਨ ਅਮਰੀਕਾ ਦੇ ਯੋਗਦਾਨ ਦੇ ਦਸਵੇਂ ਹਿੱਸੇ ਦੇ ਬਰਾਬਰ ਹੈ। ਸੰਯੁਕਤ ਰਾਸ਼ਟਰ ਦੇ ਬੁਲਾਰੇ ਨੇ ਕਿਹਾ ਕਿ ਮੈਂ ਕਹਿ ਸਕਦਾ ਹਾਂ ਕਿ 6 ਜੁਲਾਈ 2020 ਨੂੰ ਅਮਰੀਕਾ ਨੇ ਜਨਰਲ ਸਕੱਤਰ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਹਟਣ ਦੀ ਅਧਿਕਾਰਕ ਜਾਣਕਾਰੀ ਦਿੱਤੀ, ਜੋ 6 ਜੁਲਾਈ 2021 ਤੋਂ ਪ੍ਰਭਾਵੀ ਹੋਵੇਗਾ। ਜ਼ਿਕਰਯੋਗ ਹੈ ਕਿ ਅਮਰੀਕਾ 21 ਜੂਨ, 1948 ਤੋਂ ਵਿਸ਼ਵ ਸਿਹਤ ਸੰਗਠਨ ਸੰਵਿਧਾਨ ਦਾ ਪੱਖਕਾਰ ਹੈ।


Share