ਟਰੰਪ ਨੇ ਜਾਰਜੀਆ ਦੀ ਸੈਨੇਟ ਚੋਣ ਰੈਲੀ ਦੌਰਾਨ ਦਿੱਤਾ ਵੋਟਾਂ ਦੀ ਧੋਖਾਧੜੀ ਦੇ ਦਾਅਵਿਆਂ ’ਤੇ ਜ਼ੋਰ

379
Share

ਫਰਿਜ਼ਨੋ, 6 ਜਨਵਰੀ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ’ਚ ਰਾਸ਼ਟਰਪਤੀ ਦੀਆਂ ਚੋਣਾਂ ਤੋਂ ਬਾਅਦ ਹੁਣ ਜਾਰਜੀਆ ’ਚ ਸੈਨੇਟ ਚੋਣਾਂ ਦਾ ਮਾਹੌਲ ਗਰਮ ਹੈ। ਰਾਸ਼ਟਰਪਤੀ ਟਰੰਪ ਦੁਆਰਾ ਸੋਮਵਾਰ ਦੀ ਰਾਤ ਨੂੰ ਜਾਰਜੀਆ ਵਿਚ ਸੈਨੇਟ ਦੀਆਂ ਚੋਣਾਂ ਵਿਚ ਰਿਪਬਲਿਕਨ ਉਮੀਦਵਾਰਾਂ ਲਈ ਕੀਤੀ ਗਈ ਰੈਲੀ ਵਿਚ, ਆਪਣੀ ਚੋਣ ’ਤੇ ਵੀ ਧਿਆਨ ਕੇਂਦਰਿਤ ਕਰਦਿਆਂ ਆਪਣੇ ਚੋਣਾਂ ਸੰਬੰਧੀ ਬੇ-ਬੁਨਿਆਦ ਦਾਅਵਿਆਂ ਨੂੰ ਪੇਸ਼ ਕੀਤਾ। ਇਸ ਇੱਕ ਘੰਟਾ ਅਤੇ 20 ਮਿੰਟ ਦੀ ਰੈਲੀ ਦੌਰਾਨ, ਰਾਸ਼ਟਰਪਤੀ ਨੇ ਚੋਣ ਨਤੀਜਿਆਂ ਸੰਬੰਧੀ ਧੋਖਾਧੜੀ ਦੇ ਝੂਠੇ ਦਾਅਵਿਆਂ ਨੂੰ ਦੁਹਰਾਇਆ ਅਤੇ ਕਿਹਾ ਕਿ ਉਸਨੇ ਜਾਰਜੀਆ ਅਤੇ ਰਾਸ਼ਟਰਪਤੀ ਦੀ ਚੋਣ ਜਿੱਤੀ ਹੈ। ਇਸਦੇ ਨਾਲ ਹੀ ਇਸ ਹਫਤੇ ਇਲੈਕਟੋਰਲ ਕਾਲਜ ਦੀਆਂ ਵੋਟਾਂ ਦੀ ਗਿਣਤੀ ਮੌਕੇ ਉਪ-ਰਾਸ਼ਟਰਪਤੀ ਮਾਈਕ ਪੇਂਸ ਨੂੰ ਉਨ੍ਹਾਂ ਦੇ ਹੱਕ ਵਿਚ ਆਉਣ ਦੀ ਉਮੀਦ ਵੀ ਪ੍ਰਗਟਾਈ। ਜਾਰਜੀਆ ਦੀਆਂ ਇਹ ਰਨ ਆਫ ਚੋਣਾਂ ਇਹ ਤੈਅ ਕਰਨਗੀਆਂ ਕਿ ਕਿਹੜੀ ਪਾਰਟੀ ਸੈਨੇਟ ਨੂੰ ਕੰਟਰੋਲ ਕਰਦੀ ਹੈ। ਰਿਪਬਲਿਕਨ ਚੈਂਬਰ ’ਤੇ ਆਪਣੀ ਪਕੜ ਬਰਕਰਾਰ ਰੱਖ ਸਕਦੇ ਹਨ, ਜੇਕਰ ਉਨ੍ਹਾਂ ਦੇ ਉਮੀਦਵਾਰਾਂ ਵਿਚੋਂ ਸਿਰਫ ਇੱਕ ਜਿੱਤ ਜਾਂਦਾ ਹੈ, ਜਦੋਂਕਿ ਡੈਮੋਕਰੇਟਸ ਵੱਲੋਂ 50-50 ਦੀ ਵੰਡ ਨੂੰ ਪ੍ਰਾਪਤ ਕਰਨ ਲਈ ਇਸਦੇ ਦੋਵਾਂ ਉਮੀਦਵਾਰਾਂ ਨੂੰ ਜਿੱਤਣ ਦੀ ਜ਼ਰੂਰਤ ਹੈ। ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਅਤੇ ਉਸਦੇ ਸਹਿਯੋਗੀ ਲੜਦੇ ਰਹਿਣਗੇ, ਅਤੇ ਨਾਲ ਹੀ ਡੈਮੋਕਰੇਟਸ ਵੱਲੋਂ ਵ੍ਹਾਈਟ ਹਾਊਸ ਨਾ ਲੈਣ ਦੀ ਗੱਲ ਵੀ ਕਹੀ, ਜਦਕਿ ਜੋਅ ਬਾਇਡਨ 20 ਜਨਵਰੀ ਨੂੰ ਰਾਸ਼ਟਰਪਤੀ ਬਣ ਜਾਣਗੇ। ਇਨ੍ਹਾਂ ਚੋਣਾਂ ਵਿਚ ਰਿਪਬਲਿਕਨ ਡੇਵਿਡ ਪਰਡਿਊ ਨੇ ਆਪਣੇ ਡੈਮੋਕਰੇਟਿਕ ਵਿਰੋਧੀ ਜੋਨ ਓਸੌਫ ਤੋਂ 80,000 ਤੋਂ ਵੱਧ ਵੋਟਾਂ ਲਈਆਂ ਹਨ, ਪਰ ਉਹ ਰਨ ਆਫ ਤੋਂ ਬਚਣ ਲਈ ਜਰੂਰੀ 50% ਵੋਟਾਂ ਨੂੰ ਪ੍ਰਾਪਤ ਕਰਨ ਵਿਚ ਅਸਫਲ ਰਹੇ ਹਨ ਜਦਕਿ ਦੂਸਰੀ ਦੌੜ ਵਿਚ ਡੈਮੋਕਰੇਟਿਕ ਰਾਫੇਲ ਵਾਰਨੌਕ ਨੂੰ ਸਭ ਤੋਂ ਵੱਧ ਵੋਟਾਂ ਪ੍ਰਾਪਤ ਹੋਈਆਂ, ਪਰ ਪ੍ਰਮੁੱਖ ਰਿਪਬਲਿਕਨ ਕੈਲੀ ਲੋਫਲਰ ਅਤੇ ਕਾਂਗਰਸਮੈਨ ਡੱਗ ਕੋਲਿਨਜ਼ ਨੂੰ ਇਕੱਠੇ ਰੂਪ ਵਿਚ ਉਸ ਨਾਲੋਂ ਵਧੇਰੇ ਵੋਟਾਂ ਪ੍ਰਾਪਤ ਹੋਈਆਂ ਹਨ। ਟਰੰਪ ਦੇ ਇਲਾਵਾ ਬਾਇਡਨ ਨੇ ਵੀ ਸੋਮਵਾਰ ਨੂੰ ਉਮੀਦਵਾਰਾਂ ਓਸੌਫ ਅਤੇ ਵਾਰਨੌਕ ਲਈ ਅਟਲਾਂਟਾ ਵਿਚ ਅਤੇ ਕਮਲਾ ਹੈਰਿਸ ਨੇ ਐਤਵਾਰ ਨੂੰ ਜਾਰਜੀਆ ਵਿਚ ਚੋਣ ਮੁਹਿੰਮ ਕੀਤੀ।

Share