ਟਰੰਪ ਨੇ ਕੋਰੋਨਾਵਾਇਰਸ ਮਹਾਮਾਰੀ ਨਾਲ ਲੜਨ ਲਈ 2 ਹਜ਼ਾਰ ਅਰਬ ਡਾਲਰ ਦੇ ਬਿੱਲ ‘ਤੇ ਕੀਤੇ ਦਸਤਖਤ

681
Share

ਵਾਸ਼ਿੰਗਟਨ, 28 ਮਾਰਚ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾਵਾਇਰਸ ਮਹਾਮਾਰੀ ਨਾਲ ਨਿਪਟਣ ਵਿਚ ਦੇਸ਼ਾਂ ਦੀ ਸਹਾਇਤਾ ਤੇ ਅਰਥਵਿਵਸਥਾ ਨੂੰ ਬਚਾਉਣ ਦੇ ਲਈ ਸ਼ੁੱਕਰਵਾਰ ਨੂੰ ਦੋ ਹਜ਼ਾਰ ਅਰਬ ਡਾਲਰ ਦੇ ਉਤਸ਼ਾਹਿਤ ਬਿੱਲ ‘ਤੇ ਦਸਤਖਤ ਕੀਤੇ ਹਨ। ਅਮਰੀਕਾ ਵਿਚ ਤਕਰੀਬਨ ਇਕ ਲੱਖ ਲੋਕਾਂ ਨੂੰ ਕੋਰੋਨਾਵਾਇਰਸ ਨੇ ਆਪਣੀ ਲਪੇਟ ਵਿਚ ਲੈ ਲਿਆ ਹੈ ਜਦਕਿ ਇਸ ਕਾਰਨ 1500 ਲੋਕਾਂ ਦੀ ਜਾਨ ਜਾ ਚੁੱਕੀ ਹੈ। ਗਿਣਤੀ ਵਿਚ ਵਾਧਾ ਹੋਣ ਦੇ ਨਾਲ ਹੀ ਟਰੰਪ ਨੇ ਇਸ ਮਹਾਮਾਰੀ ਨਾਲ ਲੜਨ ਲਈ ਮੈਡੀਕਲ ਉਪਕਰਨਾਂ ਤੇ ਤਿਆਰੀਆਂ ਨੂੰ ਲੈ ਕੇ ਚੁੱਕੇ ਜਾਣ ਵਾਲੇ ਕਈ ਕਦਮਾਂ ਦਾ ਵੀ ਐਲਾਨ ਕੀਤਾ।
ਵਾਈਟ ਹਾਊਸ ਦੇ ਓਵਲ ਦਫਤਰ ਵਿਚ ਬਿੱਲ ‘ਤੇ ਦਸਤਖਤ ਕਰਨ ਦੇ ਨਾਲ ਹੀ ਟਰੰਪ ਨੇ ਦੇਸ਼ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਮਦਦ ਆਉਣ ਵਾਲੀ ਹੈ। ਇਸ ਤੋਂ ਪਹਿਲਾਂ ਸੈਨੇਟੇ ਤੇ ਪ੍ਰਤੀਨਿਧ ਸਭਾ ਨੇ ਇਸ ਬਿੱਲ ਨੂੰ ਪਾਸ ਕੀਤਾ। ਟਰੰਪ ਨੇ ਕਿਹਾ ਕਿ ਸਾਡੇ ‘ਤੇ ਅਦ੍ਰਿਸ਼ ਦੁਸ਼ਮਣ ਨੇ ਹਮਲਾ ਕੀਤਾ ਹੈ ਤੇ ਸਾਨੂੰ ਗਹਿਰੀ ਸੱਟ ਲੱਗੀ ਹੈ। ਅਰਥਵਿਵਸਥਾ ਵਿਚ ਮਜ਼ਬੂਤੀ ਪਰਤਣ ਦੀ ਗੱਲ ਕਹਿੰਦੇ ਹੋਏ ਉਹਨਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਬਿਹਤਰ ਕਰਨ ਜਾ ਰਹੇ ਹਾਂ। ਇਸ ਬਿੱਲ ਦੀ ਰਾਸ਼ੀ ਦੇ ਰਾਹੀਂ ਚਾਰ ਮੈਂਬਰਾਂ ਵਾਲੇ ਹਰ ਅਮਰੀਕੀ ਪਰਿਵਾਰ ਨੂੰ ਤਕਰੀਬਨ 3,400 ਡਾਲਰ ਦੀ ਮਦਦ ਮਿਲ ਸਕੇਗੀ ਜਦਕਿ ਛੋਟੇ ਤੇ ਮੱਧਮ ਉਦਯੋਗਾਂ ਨੂੰ ਕਰੋੜਾਂ ਡਾਲਰ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਈ ਜਾਵੇਗੀ। ਬੋਇੰਗ ਜਿਹੇ ਵੱਡੇ ਸੰਸਥਾਨਾਂ ਨੂੰ ਵੀ ਸਹਾਇਤਾ ਮਿਲੇਗੀ।
ਰਾਸ਼ਟਰਪਤੀ ਨੇ ਕਿਹਾ ਕਿ ਇਹ ਬਹੁਤ ਹੀ ਮਹੱਤਵਪੂਰਨ ਦਿਨ ਹੈ। ਮੈਂ ਅਮਰੀਕੀ ਇਤਿਹਾਸ ਦੇ ਸਭ ਤੋਂ ਵੱਡੇ ਅਰਥਵਿਵਸਥਾ ਰਾਹਤ ਪੈਕੇਜ ‘ਤੇ ਦਸਤਖਤ ਕੀਤੇ ਹਨ ਤੇ ਮੈਂ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਇਹ ਹੁਣ ਤੱਕ ਦਸਤਖਤ ਕੀਤੀ ਗਈ ਕਿਸੇ ਵੀ ਰਾਹਤ ਰਾਸ਼ੀ ਤੋਂ ਤਕਰੀਬਨ ਦੋਗੁਣਾ ਹੈ। ਉਹਨਾਂ ਕਿਹਾ ਕਿ ਮੈਂ ਡੈਮੋਕ੍ਰੇਟ ਤੇ ਰਿਪਬਲਿਕਨ ਨੂੰ ਇਕੱਠੇ ਹੋਣ ਤੇ ਅਮਰੀਕਾ ਨੂੰ ਤਰਜੀਹ ਦੇਣ ਲਈ ਧੰਨਵਾਦ ਕਰਦਾ ਹਾਂ। ਟਰੰਪ ਨੇ ਕੋਰੋਨਾਵਾਇਰਸ ਗਲੋਬਲ ਬੀਮਾਰੀ ਨਾਲ ਨਿਪਟਣ ਲਈ ਕਈ ਮੈਡੀਕਲ ਸੰਸਥਾਨਾਂ ਤੇ ਉਪਕਰਨਾਂ ਦੀ ਉਪਲਬੱਧਤਾ ਪੁਖਤਾ ਕਰਨ ਲਈ ਕਦਮ ਚੁੱਕਣ ਦਾ ਵੀ ਐਲਾਨ ਕੀਤਾ।
ਉਹਨਾਂ ਕਿਹਾ ਕਿ ਮੇਰਾ ਪ੍ਰਸ਼ਾਸਨ ਇਹ ਪੁਖਤਾ ਕਰਨ ਲਈ ਨਵੇਂ ਕਦਮ ਚੁੱਕ ਰਿਹਾ ਹੈ ਕਿ ਅਮਰੀਕਾ ਦੇ ਕੋਲ ਗਲੋਬਲ ਮਹਾਮਾਰੀ ਨਾਲ ਲੜਨ ਦੇ ਲਈ ਲੋੜੀਂਦੀ ਮੈਡੀਕਲ ਸੰਸਾਧਨ ਤੇ ਉਪਕਰਨ ਹੋਣ। ਟਰੰਪ ਨੇ ਫੌਜ ਦੀ ਇੰਜੀਨੀਅਰਿੰਗ ਸ਼ਾਖਾ ਨੂੰ ਦੇਸ਼ ਭਰ ਵਿਚ ਹਸਪਤਾਲ ਬਣਾਉਣ ਦੇ ਕੰਮ ਵਿਚ ਸ਼ਾਮਲ ਕੀਤਾ ਹੈ। ਨਾਲ ਹੀ ਫੌਜ ਉਤਪਾਦਨ ਕਾਨੂੰਨ ਨੂੰ ਵੀ ਲਾਗੂ ਕਰ ਦਿੱਤਾ ਗਿਆ ਹੈ ਤਾਂਕਿ ਜਨਰਲ ਮੋਟਰਸ ਜਿਹੀਆਂ ਕੰਪਨੀਆਂ ਵੈਂਟੀਲੇਟਰ ਬਣਾਉਣ ਦੇ ਲਈ ਸੰਘੀ ਠੇਕੇ ਨੂੰ ਤਰਜੀਹ ਦੇ ਸਕਣ। ਉਹਨਾਂ ਨੇ ਕਿਹਾ ਕਿ ਅਗਲੇ 100 ਦਿਨਾਂ ਵਿਚ ਸਰਕਾਰ ਇਕ ਲੱਖ ਤੋਂ ਵਧੇਰੇ ਵੈਂਟੀਲੇਟਰ ਖਰੀਦੇਗੀ ਜਾਂ ਤਿਆਰ ਕਰੇਗੀ। ਅਮਰੀਕਾ ਵੈਂਟੀਲੇਟਰ ਬਣਾਉਣ ਵਾਲੀਆਂ ਦੇਸ਼ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਦੇ ਨਾਲ ਠੇਕਾ ਕਰਨ ਦੇ ਸਬੰਧ ਵਿਚ ਕੰਮ ਕਰ ਰਿਹਾ ਹੈ। ਨਾਲ ਹੀ ਮਾਸਕ ਤੇ ਹੋਰ ਮੈਡੀਕਲ ਉਪਕਰਨਾਂ ਦੀ ਸਪਲਾਈ ਦੇ ਲਈ ਵੀ ਕੰਪਨੀਆਂ ਨਾਲ ਠੇਕੇ ਦੀ ਤਿਆਰੀ ਹੈ।


Share