ਟਰੰਪ ਨੇ ਅਖੀਰ ਕੋਰੋਨਾਂ ਵਾਇਰਸ ਆਰਥਿਕ ਰਾਹਤ ਪੈਕੇਜ ‘ਤੇ ਦਸਤਖਤ ਕਰਕੇ ਦਿੱਤੀ ਹਰੀ ਝੰਡੀ

407
Share

ਫਰਿਜ਼ਨੋ (ਕੈਲੀਫੋਰਨੀਆਂ), 28 ਦਸੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/(ਪੰਜਾਬ ਮੇਲ)- ਅਮਰੀਕਾ ਵਾਸੀਆਂ ਨੂੰ ਕੋਰੋਨਾਂ ਵਾਇਰਸ ਮਹਾਂਮਾਰੀ ਦੌਰਾਨ ਹੋਏ ਆਰਥਿਕ ਸੰਕਟ ਤੋਂ ਰਾਹਤ ਦਵਾਉਣ ਲਈ ,ਲੰਮੇ ਸਮੇਂ ਤੋਂ ਲਮਕ ਰਹੇ ਕੋਰੋਨਾਂ ਰਾਹਤ ਪੈਕੇਜ ਨੂੰ ਰਾਸ਼ਟਰਪਤੀ ਟਰੰਪ ਨੇ ਅਖੀਰ ਕਾਫੀ ਟਾਲ ਮਟੋਲ ਤੋਂ ਬਾਅਦ ਦਸਤਖਤ ਕਰਕੇ ਹਰੀ ਝੰਡੀ ਦੇ ਦਿੱਤੀ ਹੈ।ਵ੍ਹਾਈਟ ਹਾਊਸ ਨੇ ਐਤਵਾਰ ਰਾਤ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਸ਼ਟਰਪਤੀ ਟਰੰਪ ਨੇ ਕੋਰੋਨਾਂ ਵਾਇਰਸ ਆਰਥਿਕ ਸਹਾਇਤਾ ਦੇ 900 ਬਿਲੀਅਨ ਡਾਲਰ ਅਤੇ ਸਰਕਾਰੀ ਖਰਚਿਆਂ ਲਈ 1.4 ਟ੍ਰਿਲੀਅਨ ਡਾਲਰ ਦੇ ਕਾਨੂੰਨਾਂ ਤੇ ਦਸਤਖਤ ਕਰਕੇ, ਲੱਖਾਂ ਅਮਰੀਕੀਆਂ ਲਈ ਸਹਾਇਤਾ ਪ੍ਰਦਾਨ ਕਰਨ ਦੇ ਰਾਹ ਨੂੰ ਪੱਧਰਾ ਕੀਤਾ ਹੈ। ਟਰੰਪ ਦੁਆਰਾ ਜਾਰੀ ਇੱਕ ਬਿਆਨ ਅਨੁਸਾਰ ਇਸ ਬਿੱਲ ਨੂੰ ਪਾਸ ਕਰਨ ਦੇ ਉਦੇਸ਼ ਵਿੱਚ ਬੇਰੁਜ਼ਗਾਰੀ ਦੇ ਲਾਭ ਬਹਾਲ ਕਰਨਾਂ, ਬੇਦਖਲੀ ਰੋਕਣ,ਪੀ ਪੀ ਪੀ ਲਈ ਪੈਸਾ ਜੋੜਨ, ਏਅਰ ਲਾਈਨ ਵਰਕਰਾਂ ਨੂੰ ਕੰਮ ਤੇ ਵਾਪਸ ਭੇਜਣਾ, ਟੀਕੇ ਦੀ ਵੰਡ ਲਈ ਜ਼ਿਆਦਾ ਪੈਸੇ ਇਕੱਠੇ ਕਰਨਾ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ।ਇਸਦੇ ਇਲਾਵਾ ਟਰੰਪ ਅਨੁਸਾਰ ਉਹ ਬਿੱਲ ਦਾ ਇੱਕ “ਰੇਡਲਾਈਨਡ” ਰੂਪ ਵਾਪਸ ਭੇਜ ਰਹੇ ਹਨ ਅਤੇ ਇਸਦੇ ਨਾਲ ਹੀ ਸਦਨ ਸੋਮਵਾਰ ਨੂੰ ਬਾਲਗਾਂ ਨੂੰ 2,000 ਡਾਲਰ ਦੇ ਰਾਹਤ ਚੈਕ ਅਤੇ ਬੱਚਿਆਂ ਲਈ 600 ਡਾਲਰ ਪ੍ਰਦਾਨ ਕਰਨ ‘ਤੇ ਵੋਟ ਦੇਵੇਗਾ। ਅਮਰੀਕੀ ਕਾਂਗਰਸ ਨੇ 21 ਦਸੰਬਰ ਨੂੰ ਇਸ ਰਾਹਤ ਪੈਕੇਜ ਨੂੰ ਪਾਸ ਕਰ ਦਿੱਤਾ ਸੀ ਪਰ ਪਿਛਲੇ ਹਫਤੇ ਟਰੰਪ ਨੇ ਪੈਕੇਜ ਨੂੰ ਨਾਂ ਮਨਜੂਰ ਕਰਦੇ ਹੋਏ ਇਸ ਵਿੱਚ ਲੋਕਾਂ ਨੂੰ ਦਿੱਤੀ ਜਾਣ ਵਾਲੀ 600 ਡਾਲਰ ਦੀ ਰਾਸ਼ੀ ਨੂੰ ਵਧਾ ਕੇ 2000 ਡਾਲਰ ਕਰਨ ਦੀ ਮੰਗ ਕਰਨ ਦੇ ਨਾਲ ਬਿੱਲ ਵਿੱਚੋਂ ਬੇਲੋੜੀਆਂ ਚੀਜ਼ਾਂ ਨੂੰ ਬਾਹਰ ਕੱਢਣ ਦੀ ਗੱਲ ਕਹੀ ਸੀ। ਇਹ ਆਰਥਿਕ ਰਾਹਤ ਬਿੱਲ ਪ੍ਰਤੀ ਸਾਲ 75,000 ਡਾਲਰ ਤੱਕ ਕਮਾਉਣ ਵਾਲੇ ਲੋਕਾਂ ਲਈ 600 ਡਾਲਰ ਦੀ ਅਦਾਇਗੀ ਦੇ ਸਿੱਧੇ ਚੈਕਾਂ ਦਾ ਅਧਿਕਾਰ ਦੇਣ ਦੇ ਨਾਲ ਛੋਟੇ ਕਾਰੋਬਾਰਾਂ ਲਈ 284.45 ਬਿਲੀਅਨ, ਸਿੱਧੇ ਕਿਰਾਏ ਵਿੱਚ ਸਹਾਇਤਾ ਲਈ 25 ਬਿਲੀਅਨ,  ਸਿੱਖਿਆ ਫੰਡ ਲਈ 82 ਬਿਲੀਅਨ, ਜਨਤਕ ਆਵਾਜਾਈ ਪ੍ਰਣਾਲੀਆਂ ਲਈ 45 ਬਿਲੀਅਨ ਅਤੇ ਫੂਡ ਯੋਜਨਾਵਾਂ ਅਤੇ ਬੱਚਿਆਂ ਦੇ ਪੋਸ਼ਣ ਸੰਬੰਧੀ ਲਾਭ ਲਈ 13 ਬਿਲੀਅਨ ਡਾਲਰ ਦੀ ਸਹਾਇਤਾ ਪ੍ਰਦਾਨ ਕਰੇਗਾ।

Share