ਟਰੰਪ ਨੂੰ ਪੁੱਠੀਆਂ ਪੈ ਸਕਦੀਆਂ ਹਨ ਪਾਬੰਦੀਆਂ

678
Share

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ : 916-320-9444
ਅਮਰੀਕੀ ਰਾਸ਼ਟਰਪਤੀ ਦੀ ਚੋਣ ਲਈ ਹੁਣ ਜਦ ਸਿਰਫ ਪੰਜਾਹ ਕੁ ਦਿਨ ਦਾ ਹੀ ਸਮਾਂ ਰਹਿ ਗਿਆ ਹੈ। ਪਰ ਰਿਪਬਲੀਕਨ ਪਾਰਟੀ ਵੱਲੋਂ ਦੂਜੀ ਵਾਰ ਰਾਸ਼ਟਰਪਤੀ ਦੀ ਚੋਣ ਲੜ ਰਹੇ ਡੋਨਾਲਡ ਟਰੰਪ ਨੇ ਆਪਣੇ ਵਤੀਰੇ ਵਿਚ ਕੋਈ ਖਾਸ ਫਰਕ ਨਹੀਂ ਪਾਇਆ। ਸਗੋਂ ਉਹ ਇੰਮੀਗ੍ਰਾਂਟਸ ਦੇ ਖਿਲਾਫ ਸਖ਼ਤੀਆਂ ਅਤੇ ਪਾਬੰਦੀਆਂ ਦੀ ਪਹਿਲੋਂ ਅਪਣਾਈ ਆਪਣੀ ਸੋਚ ਉਪਰ ਹੀ ਅਮਲ ਕਰਦੇ ਹੋਏ ਨਜ਼ਰ ਆ ਰਹੇ ਹਨ। ਕੋਰੋਨਾਵਾਇਰਸ ਦੀ ਰੋਕਥਾਮ ਵਿਚ ਵੱਡੀ ਅਸਫਲਤਾ ਅਫਰੀਕੀ ਮੂਲ ਦੇ ਲੋਕਾਂ ਉਪਰ ਪੁਲਿਸ ਜ਼ਿਆਦਤੀਆਂ ‘ਚ ਵਾਧੇ ਅਤੇ ਇੰਮੀਗ੍ਰਾਂਟਸ ਖਿਲਾਫ ਨਵੇਂ ਤੋਂ ਨਵੇਂ ਫੈਸਲੇ ਲੈਣ ਨੇ ਇਸ ਵੇਲੇ ਅਫਰੀਕੀ ਮੂਲ ਦੀ ਘੱਟ ਗਿਣਤੀ ਵਸੋਂ ਸਮੇਤ ਏਸ਼ੀਆਈ, ਚੀਨੀ ਅਤੇ ਹੋਰ ਦੇਸ਼ਾਂ ਤੋਂ ਆਏ ਇ੍ਰਮੀਗ੍ਰਾਂਟਸ ਵਿਚ ਨਾਰਾਜ਼ਗੀ ਅਤੇ ਵਿਰੋਧਤਾ ‘ਚ ਭਾਰੀ ਵਾਧਾ ਕੀਤਾ ਹੈ। ਸ਼ਾਇਦ ਅਮਰੀਕੀ ਚੋਣਾਂ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ ਕਿ ਦੁਨੀਆਂ ਭਰ ਵਿਚੋਂ ਆ ਕੇ ਅਮਰੀਕਾ ਵਿਚ ਵਸੀ ਗੈਰ ਗੋਰੀ ਵਸੋਂ ਟਰੰਪ ਖਿਲਾਫ ਇਕਜੁੱਟ ਹੋਈ ਨਜ਼ਰ ਆ ਰਹੀ ਹੈ। ਰਾਸ਼ਟਰਪਤੀ ਟਰੰਪ ਨੇ ਅਹੁਦਾ ਸੰਭਾਲਦਿਆਂ ਸਭ ਤੋਂ ਪਹਿਲੇ ਕਦਮ ਬਾਹਰੋਂ ਆਉਣ ਵਾਲੇ ਲੋਕਾਂ ਉੱਤੇ ਸਖ਼ਤੀਆਂ ਅਤੇ ਪਾਬੰਦੀਆਂ ਨਾਲ ਸ਼ੁਰੂ ਕੀਤੇ ਸਨ। ਬਹੁਤ ਸਾਰੇ ਮੁਸਲਿਮ ਦੇਸ਼ਾਂ ਦੇ ਨਾਗਰਿਕਾਂ ਦੇ ਅਮਰੀਕਾ ‘ਚ ਦਾਖਲੇ ਉਪਰ ਪਾਬੰਦੀ ਲਗਾ ਦਿੱਤੀ ਗਈ ਸੀ। ਇਸੇ ਤਰ੍ਹਾਂ ਭਾਰਤ ਅਤੇ ਚੀਨ ਤੋਂ ਵੱਡੀ ਗਿਣਤੀ ਜਾਣ ਵਾਲੇ ਇੰਜੀਨੀਅਰਾਂ, ਡਾਕਟਰਾਂ ਅਤੇ ਪ੍ਰੋਫੈਸ਼ਨਲ ਨੂੰ ਐੱਚ-1ਬੀ ਵੀਜ਼ੇ ਦੇਣ ਉੱਤੇ ਵਾਰ-ਵਾਰ ਅੜਿੱਕੇ ਡਾਹੇ ਜਾਂਦੇ ਰਹੇ। ਕੁੱਝ ਮੌਕਿਆਂ ਉੱਤੇ ਤਾਂ ਪਾਬੰਦੀ ਵੀ ਲਗਾ ਦਿੱਤੀ ਗਈ। ਮੈਕਸੀਕੋ ਤੋਂ ਆਉਣ ਵਾਲੇ ਲੋਕਾਂ ਨੂੰ ਰੋਕਣ ਲਈ ਟਰੰਪ ਵੱਲੋਂ ਅਰਬਾਂ ਡਾਲਰ ਦੇ ਖਰਚ ਨਾਲ ਕੰਧ ਉਸਾਰਨ ਦਾ ਵੀ ਫੈਸਲਾ ਕੀਤਾ ਗਿਆ। ਪਰ ਟਰੰਪ ਪ੍ਰਸ਼ਾਸਨ ਦੀਆਂ ਅਜਿਹੀਆਂ ਆਪਹੁਦਰੀਆਂ ਨੂੰ ਕਈ ਵਾਰ ਅਦਾਲਤਾਂ ਵਿਚ ਹਾਰ ਦਾ ਮੂੰਹ ਦੇਖਣਾ ਪਿਆ। ਮੈਕਸੀਕੋ ਕੰਧ ਉਸਾਰਨ ਲਈ ਅਮਰੀਕੀ ਕਾਂਗਰਸ ਨੇ ਫੰਡਾਂ ਦੀ ਪ੍ਰਵਾਨਗੀ ਨਹੀਂ ਦਿੱਤੀ। ਇਸੇ ਤਰ੍ਹਾਂ ਵੱਖ-ਵੱਖ ਮੌਕਿਆਂ ਉਪਰ ਇੰਮੀਗ੍ਰਾਂਟਸ ਖਿਲਾਫ ਕੀਤੇ ਗਏ ਕਈ ਫੈਸਲੇ ਵੀ ਅਦਾਲਤਾਂ ਵੱਲੋਂ ਰੱਦ ਕਰ ਦਿੱਤੇ ਗਏ। ਬਹੁਤ ਸਾਰੇ ਰਾਜ ਵੀ ਅਮਰੀਕੀ ਰਾਸ਼ਟਰਪਤੀ ਦੇ ਅਜਿਹੇ ਆਪਹੁਦਰੇ ਫੈਸਲਿਆਂ ਨੂੰ ਮੰਨਣ ਤੋਂ ਇਨਕਾਰੀ ਹੁੰਦੇ ਰਹੇ। 1940 ਤੋਂ ਬਾਅਦ ਹੁਣ ਤੱਕ ਹੋਈਆਂ ਰਾਸ਼ਟਰਪਤੀ ਚੋਣਾਂ ਵਿਚ ਇਹ ਪਹਿਲੀ ਵਾਰ ਹੈ ਕਿ ਟਰੰਪ ਆਪਣੇ ਵਿਰੋਧੀ ਡੈਮੋਕ੍ਰੇਟਿਕ ਉਮੀਦਵਾਰ ਜੋਅ ਬਾਇਡਨ ਤੋਂ 10 ਫੀਸਦੀ ਦੇ ਕਰੀਬ ਵੋਟਾਂ ਨਾਲ ਪਿੱਛੇ ਰਹਿ ਰਹੇ ਹਨ। ਚੋਣਾਂ ਬਾਰੇ ਅਮਰੀਕਾ ‘ਚ ਕਰਵਾਏ ਜਾ ਰਹੇ ਸਰਵੇਖਣਾਂ ‘ਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਡੋਨਾਲਡ ਟਰੰਪ ਵੱਖ-ਵੱਖ ਥਾਂਵਾਂ ਉਪਰ 6 ਤੋਂ 10 ਫੀਸਦੀ ਤੱਕ ਫਰਕ ਨਾਲ ਪਿੱਛੇ ਰਹਿ ਰਹੇ ਹਨ। ਰਾਸ਼ਟਰਪਤੀ ਚੋਣਾਂ ਨਵੰਬਰ ਦੇ ਪਹਿਲੇ ਹਫਤੇ ਹੋਣੀਆਂ ਹਨ। ਹੁਣ ਡੋਨਾਲਡ ਟਰੰਪ ਦਾ ਸਾਰਾ ਜ਼ੋਰ ਇਸ ਗੱਲ ‘ਤੇ ਲੱਗਾ ਹੋਇਆ ਹੈ ਕਿ ਵੋਟਾਂ ਪੈਣ ਤੋਂ 2 ਦਿਨ ਪਹਿਲਾਂ ਕੋਰੋਨਾਵਾਇਰਸ ਵੈਕਸੀਨ ਲਾਂਚ ਕਰ ਦਿੱਤੀ ਜਾਵੇ ਅਤੇ ਫਿਰ ਇਕ ਵੱਡੀ ਪ੍ਰਾਪਤੀ ਦੇ ਆਧਾਰ ‘ਤੇ ਪੂਰੀ ਦੁਨੀਆਂ ਵਿਚ ਇਹ ਗੱਲ ਧੁਮਾਈ ਜਾਵੇ ਕਿ ਕੋਰੋਨਾਵਾਇਰਸ ਖਿਲਾਫ ਜੰਗ ਵਿਚ ਟਰੰਪ ਦੀ ਅਗਵਾਈ ਵਿਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਟਰੰਪ ਇਸੇ ਸਫਲਤਾ ਦੇ ਆਧਾਰ ‘ਤੇ ਅਮਰੀਕਾ ਅੰਦਰ ਇਕਦਮ ਪਾਸਾ ਪਲਟ ਦੇਣ ਦੀ ਰਣਨੀਤੀ ਉਪਰ ਚੱਲ ਰਹੇ ਹਨ। ਸਮਝਿਆ ਜਾਂਦਾ ਹੈ ਕਿ ਜਿਸ ਤਰ੍ਹਾਂ 2019 ਦੀਆਂ ਚੋਣਾਂ ਮੌਕੇ ਅਨੇਕ ਸਮੱਸਿਆਵਾਂ ਵਿਚ ਘਿਰੇ ਨਰਿੰਦਰ ਮੋਦੀ ਨੇ ਪੁਲਵਾਮਾ ਵਿਖੇ ਸੀ.ਆਰ.ਪੀ.ਐੱਫ. ਦੇ ਜਵਾਨਾਂ ਦੇ ਮਾਰੇ ਜਾਣ ਦੀ ਘਟਨਾ ਬਾਰੇ ਰਾਸ਼ਟਰੀ ਸੁਰੱਖਿਆ ਅਤੇ ਦੇਸ਼ ਦੀ ਪ੍ਰਭੂਸੱਤਾ ਦਾ ਇੰਨਾ ਹੋ-ਹੱਲਾ ਮਚਾਇਆ ਕਿ ਇਕ ਵਾਰ ਚੋਣ ਦ੍ਰਿਸ਼ ਪਾਕਿਸਤਾਨ ਵਰਸਿਜ਼ ਹਿੰਦੋਸਤਾਨ ਬਣਿਆ ਦਿਖਾਈ ਦੇਣ ਲੱਗਾ। ਰਾਸ਼ਟਰੀ ਸੁਰੱਖਿਆ ਦੇ ਨਾਂ ਉਪਰ ਮਚੇ ਇਸ ਹੋ-ਹੱਲੇ ਵਿਚ ਦੇਸ਼ ਦੇ ਲੋਕ ਨੋਟਬੰਦੀ ਰਾਹੀਂ ਹੋਈ ਆਰਥਿਕ ਤਬਾਹੀ, ਬੇਰੁਜ਼ਗਾਰੀ, ਮਹਿੰਗਾਈ ਅਤੇ ਹੋਰ ਮੁੱਦੇ ਹੀ ਭੁੱਲ ਗਏ। ਤੇ ਨਤੀਜਾ ਮੋਦੀ ਰਿਕਾਰਡਤੋੜ ਜਿੱਤ ਨਾਲ ਮੁੜ ਸੱਤਾ ਵਿਚ ਆ ਗਏ। ਲੱਗਦਾ ਹੈ ਕਿ ਅਜਿਹਾ ਹੀ ਪੈਂਤੜਾ ਹੁਣ ਡੋਨਾਲਡ ਟਰੰਪ ਵਰਤਣ ਦੇ ਰੌਂਅ ਵਿਚ ਹਨ। ਪਿਛਲੇ ਚਾਰ ਸਾਲਾਂ ਦੌਰਾਨ ਟਰੰਪ ਪ੍ਰਸ਼ਾਸਨ ਅਧੀਨ ਦੇਸ਼ ਦੀ ਆਰਥਿਕਤਾ ਨੂੰ ਵੱਡਾ ਹਰਜਾ ਪੁੱਜਿਆ ਹੈ। ਕੋਰੋਨਾਵਾਇਰਸ ਦੇ ਖਿਲਾਫ ਜੰਗ ਵਿਚ ਅਮਰੀਕਾ ਬੁਰੀ ਤਰ੍ਹਾਂ ਪਛੜ ਗਿਆ ਹੈ। ਇੱਥੋਂ ਤੱਕ ਕਿ ਅਮਰੀਕਾ ਦੇ ਅੰਦਰ ਵੀ ਕੋਰੋਨਾਵਾਇਰਸ ਖਿਲਾਫ ਸਫਲ ਕਾਰਵਾਈ ਕਰਨ ਵਿਚ ਅਸਮਰੱਥ ਰਿਹਾ ਹੈ। ਇਸ ਦੌਰਾਨ ਦੁਨੀਆਂ ਦੀ ਡਬਲਯੂ.ਐੱਚ.ਓ. ਵਰਗੀ ਵਕਾਰੀ ਸੰਸਥਾ ਉਸ ਦੇ ਹੱਥੋਂ ਜਾਂਦੀ ਰਹੀ ਹੈ।
ਅਮਰੀਕਾ ਦਾ ਸਾਰਾ ਜ਼ੋਰ ਕੋਰੋਨਾਵਾਇਰਸ ਦੀ ਆੜ ਹੇਠ ਚੀਨ ਖਿਲਾਫ ਫੋਬੀਆ ਖੜ੍ਹਾ ਕਰਕੇ ਉਸ ਨੂੰ ਆਰਥਿਕ ਨੁਕਸਾਨ ਪਹੁੰਚਾਉਣ ਦਾ ਰਿਹਾ ਹੈ। ਟਰੰਪ ਨੇ ਜਾਪਾਨ, ਭਾਰਤ ਤੇ ਕੁੱਝ ਹੋਰ ਦੇਸ਼ਾਂ ਨੂੰ ਨਾਲ ਲੈ ਕੇ ਚੀਨ ਦੀ ਘੇਰਾਬੰਦੀ ਕਰਨ ਦੀ ਵਿਉਂਤ ਵੀ ਬਣਾਈ। ਪਰ ਟਰੰਪ ਦੇ ਇਹ ਯਤਨ ਸਫਲ ਨਹੀਂ ਹੋਏ। ਉਲਟਾ ਸਗੋਂ ਚੀਨ ਕੋਰੋਨਾਵਾਇਰਸ ‘ਚੋਂ ਉਭਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਜਦਕਿ ਅਮਰੀਕਾ ਅਜੇ ਇਸ ਸੰਕਟ ਵਿਚੋਂ ਉਭਰ ਨਹੀਂ ਸਕਿਆ। ਟਰੰਪ ਨੇ ਅਮਰੀਕਾ ਵਿਚ ਕਈ ਦਹਾਕਿਆਂ ਤੋਂ ਕੰਮ ਕਰਦੀਆਂ ਬਹੁਤ ਸਾਰੀਆਂ ਚੀਨੀ ਕੰਪਨੀਆਂ ਉਪਰ ਵੀ ਪਾਬੰਦੀ ਲਗਾਈ ਹੈ ਅਤੇ ਹੋਰ ਬਹੁਤ ਸਾਰੀਆਂ ਚੀਨੀ ਕੰਪਨੀਆਂ ਖਿਲਾਫ ਕਦਮ ਚੁੱਕਣ ਦੀ ਤਿਆਰੀ ਕੀਤੀ ਹੈ। ਪਰ ਚੀਨੀ ਮੂਲ ਦੀਆਂ ਬਹੁਤ ਸਾਰੀਆਂ ਕੰਪਨੀਆਂ ਅਮਰੀਕੀ ਆਰਥਿਕਤਾ ਵਿਚ ਇੰਨੀ ਬੁਰੀ ਤਰ੍ਹਾਂ ਧੱਸ ਚੁੱਕੀਆਂ ਹਨ ਕਿ ਉਨ੍ਹਾਂ ਨੂੰ ਇੱਥੋਂ ਬਾਹਰ ਦਾ ਰਸਤਾ ਦਿਖਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਇਸ ਗੱਲ ਤੋਂ ਕੋਈ ਵੀ ਇਨਕਾਰ ਨਹੀਂ ਕਰ ਸਕਦਾ ਕਿ ਕੋਰੋਨਾਵਾਇਰਸ ਦੇ ਸੰਕਟ ਦੌਰਾਨ ਅਮਰੀਕਾ ਦੁਨੀਆਂ ਅੰਦਰ ਪ੍ਰਮੁੱਖ ਮੋਹਰੀ ਦੇਸ਼ ਵਾਲੀ ਭੂਮਿਕਾ ਨਿਭਾਉਣ ਵਿਚ ਅਸਮਰੱਥ ਰਿਹਾ ਹੈ। ਯੂਰਪ ਸਮੇਤ ਦੁਨੀਆਂ ਦਾ ਕੋਈ ਵੀ ਦੇਸ਼ ਟਰੰਪ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਨਹੀਂ ਹੋਇਆ, ਸਗੋਂ ਲੰਬੇ ਸਮੇਂ ਤੋਂ ਹਮਾਇਤੀ ਚਲੇ ਆ ਰਹੇ ਬਹੁਤ ਸਾਰੇ ਯੂਰਪੀਅਨ ਮੁਲਕ ਆਲੋਚਨਾ ਕਰਨ ਦੇ ਰਾਹ ਪੈ ਗਏ ਹਨ। ਇਸ ਤਰ੍ਹਾਂ ਲੱਗਦਾ ਹੈ ਕਿ ਟਰੰਪ ਦੀ ਧੌਂਸਵਾਦੀ, ਪੱਖਪਾਤੀ ਅਤੇ ਪਾਬੰਦੀਆਂ ਦੇ ਸਿਰ ‘ਤੇ ਅੱਗੇ ਵੱਧਣ ਦੀ ਨੀਤੀ ਨੇ ਅਮਰੀਕਾ ਨੂੰ ਸਗੋਂ ਹੋਰ ਸੁੰਘੇੜ ਕੇ ਰੱਖ ਦਿੱਤਾ ਹੈ। ਅਰਬ ਦੇਸ਼ਾਂ ਵਿਚ ਵੀ ਅਮਰੀਕਾ ਦੀ ਹਾਲਤ ਪਹਿਲਾਂ ਵਾਲੀ ਨਹੀਂ ਰਹੀ।
ਇਨ੍ਹਾਂ ਸਾਰੇ ਸੰਕੇਤਾਂ ਨੂੰ ਰਾਸ਼ਟਰਪਤੀ ਚੋਣ ਵਿਚ ਲੋਕ ਬੜੀ ਗੰਭੀਰਤਾ ਨਾਲ ਲੈ ਰਹੇ ਹਨ। ਡੈਮੋਕ੍ਰੇਟਿਕ ਉਮੀਦਵਾਰ ਜੋਅ ਬਾਇਡਨ ਘੱਟ ਬੋਲਣ ਵਾਲੇ ਤੇ ਸੰਕੋਚ ਕਰਨ ਵਾਲੇ ਆਗੂ ਹਨ। ਲੋਕਾਂ ਵਿਚ ਇਹ ਪ੍ਰਭਾਵ ਬਣ ਰਿਹਾ ਹੈ ਕਿ ਟਰੰਪ ਬੜਬੋਲੇ ਤੇ ਬਿਨਾਂ ਸੋਚੇ ਸਮਝੇ ਗੱਲਾਂ ਕਰਨ ਵਾਲੇ ਆਗੂ ਹਨ। ਇਸ ਪੱਖੋਂ ਬਾਇਡਨ ਦੀ ਲੋਕਪ੍ਰਿਅਤਾ ਵਿਚ ਵਾਧਾ ਹੋ ਰਿਹਾ ਹੈ, ਜੋ ਚੋਣਾਂ ਵਿਚ ਉਨ੍ਹਾਂ ਦੇ ਟਰੰਪ ਤੋਂ ਅੱਗੇ ਹੋਣ ਦੇ ਆ ਰਹੇ ਸਰਵੇਖਣਾਂ ਵਿਚ ਵੀ ਦਿਖਾਈ ਦਿੰਦਾ ਹੈ।


Share