ਟਰੰਪ ਦੇ ਸਾਬਕਾ ਸਲਾਹਕਾਰ ਰੋਜਰ ਸਟੋਨ ਤੇ ਉਸਦੀ ਪਤਨੀ ’ਤੇ ਟੈਕਸ ਮਾਮਲੇ ’ਚ ਮੁਕੱਦਮਾ ਦਾਇਰ

220
Share

ਫਰਿਜ਼ਨੋ, 19 ਅਪ੍ਰੈਲ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਫਲੋਰੀਡਾ ’ਚ ਫੈਡਰਲ ਵਕੀਲਾਂ ਨੇ ਡੋਨਾਲਡ ਟਰੰਪ ਦੇ ਸਾਬਕਾ ਮੁਹਿੰਮ ਸਲਾਹਕਾਰ ਰੋਜਰ ਸਟੋਨ ਵਿਰੁੱਧ ਸ਼ੁੱਕਰਵਾਰ ਨੂੰ ਇੱਕ ਸਿਵਲ ਮੁਕੱਦਮਾ ਦਾਇਰ ਕੀਤਾ ਹੈ, ਜਿਸ ਵਿਚ ਸਟੋਨ ਅਤੇ ਉਸ ਦੀ ਪਤਨੀ ਨਾਦਿਆ ’ਤੇ ਦੋਸ਼ ਲਾਇਆ ਹੈ ਕਿ ਉਹ ਸਰਕਾਰ ਨੂੰ ਆਮਦਨ ਟੈਕਸ, ਜ਼ੁਰਮਾਨੇ ਅਤੇ ਵਿਆਜ ਵਿਚ ਤਕਰੀਬਨ 20 ਲੱਖ ਡਾਲਰ ਅਦਾ ਕਰਨ ’ਚ ਅਸਫਲ ਰਹੇ ਹਨ। ਇਸ ਸੰਬੰਧੀ ਸਰਕਾਰੀ ਵਕੀਲ ਨੇ ਦੋਸ਼ ਲਾਇਆ ਕਿ ਸਟੋਨ ਅਤੇ ਉਸਦੀ ਪਤਨੀ ਦਾ ਸਾਲ 2007 ਤੋਂ 2011 ਦੇ ਸਾਲਾਂ ਦੌਰਾਨ ਆਮਦਨ ਕਰ, ਜ਼ੁਰਮਾਨੇ ਅਤੇ ਵਿਆਜ ਵਿਚ 1,590,361.89 ਡਾਲਰ ਦਾ ਬਕਾਇਆ ਹੈ ਅਤੇ ਸਟੋਨ ਉੱਤੇ 407,036.84 ਡਾਲਰ ਦਾ ਆਮਦਨ ਟੈਕਸ, ਜ਼ੁਰਮਾਨੇ ਅਤੇ 2018 ਟੈਕਸ ਸਾਲ ਲਈ ਵਿਆਜ ਬਾਕੀ ਹੈ। ਮੁਕੱਦਮਾ ਦਾਅਵਾ ਕਰਦਾ ਹੈ ਕਿ ਸਟੋਨ ਨੇ 2017 ਵਿਚ ਆਈ.ਆਰ.ਐੱਸ. ਨਾਲ ਇੱਕ ਕਿਸ਼ਤ ਸਮਝੌਤਾ ਕੀਤਾ ਸੀ, ਜਿਸ ਵਿਚ ਉਸਨੂੰ ਟੈਕਸ ਬਿੱਲਾਂ ਲਈ 19,485 ਡਾਲਰ ਪ੍ਰਤੀ ਮਹੀਨਾ ਅਦਾ ਕਰਨੇ ਪੈਂਦੇ ਸਨ। ਪਰ ਜਦੋਂ ਸਟੋਨ ਨੇ ਆਪਣੇ 2019 ਦੇ ਦੋਸ਼ੀ ਹੋਣ ਤੋਂ ਬਾਅਦ ਇੱਕ ਟਰੱਸਟ ਬਣਾਇਆ, ਤਾਂ ਸਟੋਨ ਨੇ ਟੈਕਸਾਂ ਦਾ ਕਰਜ਼ਾ ਚੁਕਾਉਣ ਵਾਲੇ ਫੰਡਾਂ ਦੀ ਵਰਤੋਂ ਕਰਦਿਆਂ ਇੱਕ ਘਰ ਖਰੀਦਿਆ। ਜਦਕਿ ਸਟੋਨ ਅਨੁਸਾਰ ਉਹ ਇਨ੍ਹਾਂ ਇਲਜ਼ਾਮਾਂ ਦਾ ਸਾਹਮਣਾ ਕਰਨਗੇ। ਨਵੰਬਰ, 2019 ’ਚ ਸਟੋਨ ਨੂੰ ਕਾਂਗਰਸ ਨਾਲ ਝੂਠ ਬੋਲਣ, ਗਵਾਹਾਂ ਨਾਲ ਛੇੜਛਾੜ ਕਰਨ ਅਤੇ ਸਾਬਕਾ ਵਿਸ਼ੇਸ਼ ਸਲਾਹਕਾਰ ਰਾਬਰਟ ਮਯੂਲਰ ਦੀ ਜਾਂਚ ਵਿਚ ਰੁਕਾਵਟ ਨਾਲ ਜੁੜੇ ਸੱਤ ਦੋਸ਼ਾਂ ਦਾ ਦੋਸ਼ੀ ਪਾਇਆ ਗਿਆ ਸੀ। ਉਸ ਨੂੰ ਸਿਰਫ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ, ਪਰ ਸਾਬਕਾ ਰਾਸ਼ਟਰਪਤੀ ਟਰੰਪ ਨੇ ਉਸਦੀ ਸਜ਼ਾ ਬਦਲਦੇ ਹੋਏ, ਸਟੋਨ ਨੂੰ ਪੂਰਨ ਮਾਫੀ ਦਿੱਤੀ।

Share