ਟਰੰਪ ਦੇ ਮੁੜ ਚੁਣੇ ਜਾਣ ਦੀ ਭਾਰਤੀ ਅਮਰੀਕੀਆਂ ਵੱਲੋਂ ਹਮਾਇਤ

780
Share

ਵਾਸ਼ਿੰਗਟਨ, 12 ਮਾਰਚ (ਪੰਜਾਬ ਮੇਲ)- ਭਾਰਤੀ ਅਮਰੀਕੀਆਂ ਦੇ ਇਕ ਸਮੂਹ ਨੇ ਡੋਨਾਲਡ ਟਰੰਪ ਦੇ ਅਮਰੀਕੀ ਰਾਸ਼ਟਰਪਤੀ ਦੇ ਤੌਰ ‘ਤੇ ਮੁੜ ਚੁਣੇ ਜਾਣ ਦੀ ਹਮਾਇਤ ‘ਚ ਮੁਹਿੰਮ ਚਲਾਉਣ ਦਾ ਸੰਕਲਪ ਕੀਤਾ ਹੈ। ਅਮਰੀਕਾ ‘ਚ ਨਵੰਬਰ ‘ਚ ਰਾਸ਼ਟਰਪਤੀ ਦੀ ਚੋਣ ਹੋਣੀ ਹੈ।
ਭਾਰਤੀ ਪਰਵਾਸੀਆਂ ਨੂੰ ਲੁਭਾਉਣ ਲਈ ਫਲੋਰੀਡਾ ਦੇ ਮਾਰ-ਏ-ਲਾਗੋ ਰਿਜ਼ਾਰਟ ‘ਚ ਐਤਵਾਰ ਨੂੰ ਹੋਏ ਇਕ ਪ੍ਰੋਗਰਾਮ ‘ਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ-ਅਮਰੀਕੀ ਅਲ ਮੈਸਨ ਦੇ ਕੰਮ ਦੀ ਸ਼ਲਾਘਾ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਮੈਸਨ ਗਲੋਬਲ ਰੀਅਲ ਅਸਟੇਟ ਇਨਵੈਸਟਮੈਂਟ ਐਜੂਕੇਸ਼ਨਲ ਹਾਸਪੀਟਲਸ ਦੇ ਸਲਾਹਕਾਰ ਹਨ। ਸਮਾਗਮ ‘ਚ ਮੌਜੂਦ ਟਰੰਪ ਹਮਾਇਤੀਆਂ ਦੇ ਮੁਤਾਬਕ ਰਾਸ਼ਟਰਪਤੀ ਨੇ ਆਪਣਾ ਭਾਸ਼ਣ ਸ਼ੁਰੂ ਕਰਦੇ ਸਮੇਂ ਮੈਸਨ ਨਾਲ ਖੜ੍ਹੇ ਹੋਣ ਲਈ ਕਿਹਾ ਤੇ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕੀਤੀ। ਮਹਿਲਾ ਡਾਕਟਰਾਂ ਦੀ ਨੁਮਾਇੰਦਗੀ ਕਰਨ ਵਾਲੀ ਭਾਰਤੀ-ਅਮਰੀਕੀ ਲਕਸ਼ਮੀ ਨਾਇਰ ਨੇ ਕਿਹਾ ਕਿ ਮੈਸਨ ਵਿਕਟਰੀ ਇੰਡੀਅਨ ਅਮਰੀਕਨ ਫਾਈਨਾਂਸ ਕਮੇਟੀ ਦੇ ਸਹਿ ਪ੍ਰਧਾਨ ਵਜੋਂ ਟਰੰਪ ਦੇ ਰਾਸ਼ਟਰਪਤੀ ਦੇ ਤੌਰ ‘ਤੇ ਦੁਬਾਰਾ ਚੁਣੇ ਜਾਣ ਲਈ ਵਿਆਪਕ ਮੁਹਿੰਮ ਚਲਾ ਕੇ ਭਾਰਤੀ-ਅਮਰੀਕੀ ਫ਼ਿਰਕੇ ਨਾਲ ਸੰਪਰਕ ਕਰ ਰਹੇ ਹਨ।
ਟੈਕਸਾਸ ਦੇ ਇਕ ਕਾਰੋਬਾਰੀ ਹਰੀ ਨੰਬੂਦਰੀ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਰਾਸ਼ਟਰਪਤੀ ਨੇ ਆਪਣੇ ਭਾਸ਼ਣ ਤੋਂ ਪਹਿਲਾਂ ਮੈਸਨ ਨੂੰ ਖੜ੍ਹੇ ਹੋਣ ਲਈ ਕਿਹਾ ਤੇ 700 ਹੋਰ ਮਹਿਮਾਨਾਂ ਦੀ ਮੌਜੂਦਗੀ ‘ਚ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉਹ ਇਸ ਸਨਮਾਨ ਦੇ ਹੱਕਦਾਰ ਸਨ….ਮੈਂ ਚੋਣ ਹੋਣ ਤਕ ਦੇਸ਼ ਭਰ ਦੀ ਯਾਤਰਾ ਕਰ ਕੇ ਭਾਰਤੀ ਅਮਰੀਕੀਆਂ ਨੂੰ ਉਨ੍ਹਾਂ ਦੀ ਹਮਾਇਤ ਕਰਨ ਦੀ ਅਪੀਲ ਕਰਾਂਗਾ। ਭਾਰਤੀ ਅਮਰੀਕੀ ਕਾਰੋਬਾਰੀ ਮਾਧਵਨ ਪਦਮਕੁਮਾਰ ਨੇ ਸਮਾਗਮ ਤੋਂ ਬਾਅਦ ਕਿਹਾ ਕਿ ਰਾਸ਼ਟਰਪਤੀ ਦਾ ਮੈਸਨ ਦਾ ਨਾਂ ਲੈਣਾ ਮੁਹਿੰਮ ਲਈ ਉਨ੍ਹਾਂ ਦੇ ਸਮਰਪਣ ਤੇ ਵਚਨਬੱਧਤਾ ਦਾ ਸਬੂਤ ਹੈ। ਇਸ ਸਮਾਗਮ ‘ਚ ਕਰੀਬ 700 ਟਰੰਪ ਹਮਾਇਤੀ ਮੌਜੂਦ ਸਨ, ਜਿਨ੍ਹਾਂ ‘ਚੋਂ ਕਰੀਬ 30 ਤੋਂ ਜ਼ਿਆਦਾ ਭਾਰਤੀ-ਅਮਰੀਕੀ ਸਨ। ਸਾਬਕਾ ਟੈਨਿਸ ਖਿਡਾਰੀ ਵਿਜੇ ਅੰਮ੍ਰਿਤਰਾਜ ਨੇ ਵੀ ਸਮਾਗਮ ‘ਚ ਸ਼ਿਰਕਤ ਕੀਤੀ ਸੀ।


Share