ਟਰੰਪ ਦੇ ਭਾਰਤ ਦੌਰੇ ’ਤੇ ਕੇਂਦਰ ਸਰਕਾਰ ਨੇ ਖਰਚੇ ਸਨ ਲਗਭਗ 38 ਲੱਖ ਰੁਪਏ

63
Share

-ਆਰ.ਟੀ.ਆਈ. ਰਾਹੀਂ ਮੰਗਿਆ ਗਿਆ ਸੀ ਖਰਚੇ ਦਾ ਵੇਰਵਾ
ਨਵੀਂ ਦਿੱਲੀ, 20 ਅਗਸਤ (ਪੰਜਾਬ ਮੇਲ)- ਵਿਦੇਸ਼ ਮੰਤਰਾਲਾ ਨੇ ਕੇਂਦਰੀ ਸੂਚਨਾ ਕਮਿਸ਼ਨ ਨੂੰ ਦੱਸਿਆ ਕਿ ਕੇਂਦਰ ਨੇ 2020 ’ਚ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ 36 ਘੰਟੇ ਦੇ ਸਰਕਾਰੀ ਦੌਰੇ ਲਈ ਰਿਹਾਇਸ਼, ਭੋਜਨ ਅਤੇ ਹੋਰ ਪ੍ਰਬੰਧਾਂ ’ਤੇ ਲਗਭਗ 38 ਲੱਖ ਰੁਪਏ ਖਰਚ ਕੀਤੇ। ਟਰੰਪ 24-25 ਫਰਵਰੀ 2020 ਨੂੰ ਆਪਣੇ ਪਹਿਲੇ ਭਾਰਤ ਦੌਰੇ ’ਤੇ ਆਏ ਸਨ। ਉਨ੍ਹਾਂ ਨੇ ਆਪਣੀ ਪਤਨੀ ਮੇਲਾਨੀਆ, ਬੇਟੀ ਇਵਾਂਕਾ, ਜਵਾਈ ਜੇਰੇਡ ਕੁਸ਼ਨਰ ਅਤੇ ਕਈ ਉੱਚ ਅਧਿਕਾਰੀਆਂ ਨਾਲ ਅਹਿਮਦਾਬਾਦ, ਆਗਰਾ ਅਤੇ ਨਵੀਂ ਦਿੱਲੀ ਦਾ ਦੌਰਾ ਕੀਤਾ ਸੀ।
ਮਿਸ਼ਾਲ ਭਟੇਨਾ ਨੇ ਆਰ.ਟੀ.ਆਈ. ਅਰਜ਼ੀ ਦਾਇਰ ਕਰਕੇ ਵਿਦੇਸ਼ ਮੰਤਰਾਲੇ ਤੋਂ ਫਰਵਰੀ 2020 ’ਚ ਰਾਸ਼ਟਰਪਤੀ ਅਤੇ ਸੰਯੁਕਤ ਰਾਜ ਅਮਰੀਕਾ ਦੀ ਪਹਿਲੀ ਮਹਿਲਾ ਦੀ ਯਾਤਰਾ ਦੌਰਾਨ ਭਾਰਤ ਸਰਕਾਰ ਵੱਲੋਂ ਕੀਤੇ ਗਏ ਕੁੱਲ ਖਰਚੇ ਦਾ ਵੇਰਵਾ ਮੰਗਿਆ ਸੀ। ਵਿਦੇਸ਼ ਮੰਤਰਾਲੇ ਨੇ ਕਿਹਾ, ‘‘ਵਿਦੇਸ਼ਾਂ/ਸਰਕਾਰ ਦੇ ਮੁਖੀਆਂ ਦੇ ਸਰਕਾਰੀ ਦੌਰਿਆਂ ’ਤੇ ਮੇਜ਼ਬਾਨ ਦੇਸ਼ਾਂ ਵੱਲੋਂ ਖਰਚਾ ਇਕ ਵਧੀਆ ਸਥਾਪਿਤ ਪ੍ਰਥਾ ਹੈ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਵਾਨਿਤ ਮਾਪਦੰਡਾਂ ਦੇ ਅਨੁਸਾਰ ਹੈ।’’ ਉਸ ’ਚ ਕਿਹਾ ਗਿਆ, ‘‘ਇਸ ਸੰਦਰਭ ’ਚ, ਭਾਰਤ ਸਰਕਾਰ ਨੇ 24-25 ਫਰਵਰੀ ਨੂੰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਦੀ ਯਾਤਰਾ ਦੌਰਾਨ ਉਨ੍ਹਾਂ ਦੀ ਰਿਹਾਇਸ਼, ਭੋਜਨ ਅਤੇ ਹੋਰ ਵਿਵਸਥਾਵਾਂ ’ਤੇ ਅਨੁਮਾਨ ਅਨੁਸਾਰ ਕਰੀਬ 38,00,000 ਰੁਪਏ ਖ਼ਰਚ ਕੀਤੇ।’’

Share