ਟਰੰਪ ਦੀ ਸਖ਼ਤੀ ਕਾਰਨ ਭਾਰਤੀ ਸਟੂਡੈਂਟਸ ਤੇ ਪੇਸ਼ੇਵਰਾਂ ਨੇ ਕੈਨੇਡਾ ਵੱਲ ਕੀਤਾ ਰੁਖ਼

648
Share

-ਅਮਰੀਕੀ ਨੀਤੀਆਂ ਦੇ ਚੱਲਦਿਆਂ ਕੈਨੇਡਾ ਪ੍ਰਤੀ ਵਧਿਆ ਪ੍ਰਤੀ ਰੁਝਾਨ
ਵਾਸ਼ਿੰਗਟਨ, 17 ਜੂਨ (ਪੰਜਾਬ ਮੇਲ)- ਅਮਰੀਕਾ ‘ਚ ਵੱਧਦੀ ਬੇਰੁਜ਼ਗਾਰੀ ਦੀ ਵਜ੍ਹਾ ਨਾਲ ਟਰੰਪ ਸਰਕਾਰ ਐੱਚ-1ਬੀ ਵੀਜ਼ਾ ਸਣੇ ਰੁਜ਼ਗਾਰ ਦੇਣ ਵਾਲੇ ਹੋਰ ਵੀਜ਼ਾ ਨੂੰ ਸਸਪੈਂਡ ਕਰਨ ਦੀ ਤਿਆਰੀ ਕਰ ਰਹੀ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਇਸ ਨਾਲ ਭਾਰਤੀ ਪੇਸ਼ੇਵਰਾਂ ਨੂੰ ਭਾਰੀ ਝਟਕਾ ਲੱਗ ਸਕਦਾ ਹੈ। ਕੋਰੋਨਾਵਾਇਰਸ ਕਾਰਣ ਬਣੇ ਹਾਲਾਤ ਦੇ ਚੱਲਦੇ ਅਮਰੀਕੀ ਲੋਕਾਂ ਲਈ ਰੁਜ਼ਗਾਰ ਬਚਾਉਣ ਸਬੰਧੀ ਟਰੰਪ ਸਰਕਾਰ ਅਜਿਹਾ ਕਦਮ ਚੁੱਕਣ ਜਾ ਰਹੀ ਹੈ ਪਰ ਇਸ ਤੋਂ ਪਹਿਲਾਂ ਵੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਖ਼ਤ ਰੁਖ ਕਾਰਣ ਹਜ਼ਾਰਾਂ ਭਾਰਤੀ ਸਟੂਡੈਂਟਸ ਨੇ ਅਮਰੀਕਾ ਦੀ ਬਜਾਏ ਕੈਨੇਡਾ ਵਿਚ ਜਾ ਕੇ ਪੜ੍ਹਾਈ ਕਰਨ ਅਤੇ ਵੱਸਣ ਦਾ ਮਨ ਬਣਾਇਆ ਹੈ। ਇਸ ਦਾ ਖੁਲਾਸਾ ਨੈਸ਼ਨਲ ਫਾਉਂਡੇਸ਼ਨ ਫਾਰ ਅਮਰੀਕਨ ਪਾਲਿਸੀ (ਐੱਨ.ਐੱਫ.ਏ.ਪੀ.) ਤੋਂ ਪ੍ਰਾਪਤ ਅੰਕੜਿਆਂ ਤੋਂ ਹੁੰਦਾ ਹੈ। ਅੰਕੜੇ ਦਰਸ਼ਾਉਂਦੇ ਹਨ ਕਿ 2016-17 ਤੋਂ 2018-19 ਵਿਚਾਲੇ 25 ਫੀਸਦੀ ਤੋਂ ਜ਼ਿਆਦਾ ਭਾਰਤੀ ਵਿਦਿਆਰਥੀ ਅਤੇ ਪੇਸ਼ੇਵਰਾਂ ਦਾ ਰੁਝਾਨ ਅਮਰੀਕਾ ਵੱਲ ਘੱਟ ਹੋਇਆ ਹੈ ਅਤੇ ਕੈਨੇਡਾ ਵੱਲ ਵਧਿਆ ਹੈ।
ਟਰੰਪ ਅਗਲੇ ਹਫਤੇ ਐੱਚ-1ਬੀ ਵੀਜ਼ਾ ਸਣੇ ਇੰਟਰਨੈਸ਼ਨਲ ਸਟੂਡੈਂਟਸ ਲਈ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਪ੍ਰੋਗਰਾਮ ਲਈ ਦਿੱਤੇ ਜਾਂਦੇ ਵੀਜ਼ਾ ਨੂੰ ਰੱਦ ਕਰ ਸਕਦੇ ਹਨ। ਇਹ ਕਦਮ ਵੱਡੇ ਪੱਧਰ ‘ਤੇ ਅਮਰੀਕਾ ਵਿਚ ਪੈਦਾ ਹੋਈ ਬੇਰੁਜ਼ਗਾਰੀ ਦੇ ਚੱਲਦੇ ਚੁੱਕਿਆ ਜਾ ਰਿਹਾ ਹੈ ਪਰ ਅਮਰੀਕਾ ਦੇ ਸਰਕਾਰੀ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਭਾਰਤੀ ਸਾਇੰਸ ਵਿਸ਼ੇ ਦੇ ਸਟੂਡੈਂਟਸ ਅਤੇ ਪੇਸ਼ੇਵਰਾਂ ਨੇ ਅਮਰੀਕੀ ਨੀਤੀਆਂ ਦੇ ਚੱਲਦੇ ਕੋਵਿਡ-19 ਤੋਂ ਪਹਿਲਾਂ ਹੀ ਕੈਨੇਡਾ ਦਾ ਰੁਖ ਕਰ ਲਿਆ ਹੈ।
ਕੈਨੇਡਾ ਬਿਊਰੋ ਆਫ ਇੰਟਰਨੈਸ਼ਨਲ ਐਜੂਕੇਸ਼ਨ ਦੀਆਂ ਰਿਪੋਰਟਾਂ ਮੁਤਾਬਕ ਕੈਨੇਡਾ ਦੀਆਂ ਯੂਨੀਵਰਸਿਟੀਆਂ ‘ਚ ਪੜ੍ਹਦੇ ਭਾਰਤੀ ਸਟੂਡੈਂਟਸ ਦੀ ਗਿਣਤੀ ‘ਚ ਤੇਜ਼ੀ ਨਾਲ ਵਾਧਾ ਹੋਇਆ ਹੈ, ਜਿੱਥੇ 2016 ਵਿਚ 76,075 ਵਿਦਿਆਰਥੀਆਂ ਨੇ ਕੈਨੇਡਾ ਦੀਆਂ ਯੂਨੀਵਰਸਿਟੀਆਂ ‘ਚ ਦਾਖਲਾ ਲਿਆ, ਉਥੇ 2018 ‘ਚ ਇਹ ਗਿਣਤੀ 127 ਫੀਸਦੀ ਵਾਧੇ ਦੇ ਨਾਲ 172,625 ਪਹੁੰਚ ਗਈ। ਮੌਜੂਦਾ ਸਮੇਂ ‘ਚ ਅਮਰੀਕਾ ਦੀ ਯੂਨੀਵਰਸਿਟੀ ‘ਚ ਸਿੱਖਿਆ ਗ੍ਰਹਿਣ ਕਰ ਰਹੇ ਕੌਮਾਂਤਰੀ ਵਿਦਿਆਰਥੀਆਂ ਵਿਚ 67 ਫੀਸਦੀ ਭਾਰਤੀ ਹਨ, ਜੋ ਕਿ ਐੱਸ.ਟੀ.ਈ.ਐੱਮ. (ਸਾਇੰਸ, ਟੈਕਨਾਲੋਜੀ, ਇੰਜੀਨੀਅਰਿੰਗ ਅਤੇ ਮੈਥ) ਵਿਚ ਅਧਿਐਨ ਕਰ ਰਹੇ ਹਨ।
ਐੱਨ.ਐੱਫ.ਏ.ਪੀ. ਦੇ ਇਮੀਗ੍ਰੇਸ਼ਨ, ਰਿਫਿਊਜ਼ਿਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਡਾਟਾ ਦਾ ਵਿਸ਼ਲੇਸ਼ਣ ਦੱਸਦਾ ਹੈ ਕਿ 2016 ਵਿਚ ਜਿਥੇ 39,340 ਭਾਰਤੀਆਂ ਨੂੰ ਕੈਨੇਡਾ ਦੀ ਪੀ.ਆਰ. (ਪਰਮਾਨੈਂਟ ਰੈਜ਼ੀਡੈਂਟਸ) ਮਿਲੀ ਸੀ, ਉਥੇ 2019 ਵਿਚ 85,585 ਭਾਰਤੀਆਂ ਨੂੰ ਪੀ.ਆਰ. ਮਿਲੀ। ਦੂਜੇ ਪਾਸੇ ਸਕਿੱਲਡ ਵੀਜ਼ਾ ਨੂੰ ਲੈ ਕੇ ਜਿੱਥੇ ਕੈਨੇਡਾ ‘ਚ 2 ਹਫਤੇ ਵਿਚ ਮਨਜ਼ੂਰੀ ਮਿਲ ਜਾਂਦੀ ਹੈ, ਉਥੇ ਅਮਰੀਕਾ ‘ਚ ਪੇਸ਼ੇਵਰਾਂ ਨੂੰ ਵੀਜ਼ਾ ਲੈਣ ਦੇ ਲਈ ਮਹੀਨਿਆਂ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ।


Share