ਟਰੰਪ ਦੀ ਭਾਰਤ ਫੇਰੀ, ਮੋਦੀ ਨਾਲ ਜੱਫੀਆਂ ‘ਤੇ ਜ਼ੋਰ

790

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444 
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਭਾਰਤ ਫੇਰੀ ਮੌਕੇ ਭਾਰਤ ਸਰਕਾਰ ਵੱਲੋਂ ਬੜੀ ਗਰਮਜ਼ੋਸ਼ੀ ਅਤੇ ਵਿਸ਼ੇਸ਼ ਤਰੀਕੇ ਨਾਲ ਸਵਾਗਤ ਕੀਤਾ ਗਿਆ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਟਰੰਪ ਅਤੇ ਉਨ੍ਹਾਂ ਦੇ ਪਰਿਵਾਰ ਦੇ ਸਵਾਗਤ ਲਈ ਪੱਬਾਂ ਭਾਰ ਹੋਏ ਦਿਖਾਈ ਦਿੱਤੇ। ਪਹਿਲੇ ਦਿਨ ਗੁਜਰਾਤ ਦੀ ਵਪਾਰਕ ਰਾਜਧਾਨੀ ਸਮਝੇ ਜਾਂਦੇ ਅਹਿਮਦਾਬਾਦ ਵਿਖੇ ਟਰੰਪ ਦੇ ਸਵਾਗਤ ਲਈ 300 ਕਰੋੜ ਰੁਪਏ ਖਰਚ ਕੇ ਵਿਸ਼ਾਲ ਪ੍ਰਬੰਧ ਕੀਤੇ ਗਏ ਸਨ। ਸਵਾ ਲੱਖ ਦੇ ਕਰੀਬ ਲੋਕ ਇੱਥੋਂ ਦੇ ਮੋਂਟੇਰਾ ਸਟੇਡੀਅਮ ਵਿਚ ਅਮਰੀਕੀ ਰਾਸ਼ਟਰਪਤੀ ਨੂੰ ‘ਟਰੰਪ ਨਮਸਤੇ’ ਕਹਿਣ ਲਈ ਬਿਠਾਏ ਹੋਏ ਸਨ। ਟਰੰਪ ਅਤੇ ਉਨ੍ਹਾਂ ਦਾ ਪਰਿਵਾਰ ਅਹਿਮਦਾਬਾਦ ਵਿਖੇ ਸ਼ਾਨਦਾਰ ਸਵਾਗਤ ਤੋਂ ਬਾਅਦ ਆਗਰਾ ਵਿਖੇ ਸਥਾਪਤ ਤਾਜ ਮਹੱਲ ਵੇਖਣ ਗਏ ਤੇ ਫਿਰ ਅਗਲੇ ਦਿਨ ਨਵੀਂ ਦਿੱਲੀ ਵਿਖੇ ਹੋਈ ਇਕ ਮੀਟਿੰਗ ਵਿਚ 3 ਬਿਲੀਅਨ ਡਾਲਰ ਰੱਖਿਆ ਸਮਝੌਤੇ ਉਪਰ ਦਸਤਖਤ ਕੀਤੇ ਗਏ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰੰਪ ਦੇ ਦੌਰੇ ਨੂੰ ਅਮਰੀਕੀ-ਭਾਰਤੀ ਸੰਬੰਧਾਂ ਵਿਚ ਇਕ ਨਵਾਂ ਇਤਿਹਾਸ ਰਚਣ ਵਾਲਾ ਕਰਾਰ ਦਿੱਤਾ ਹੈ, ਜਦਕਿ ਟਰੰਪ ਨੇ ਕਿਹਾ ਕਿ ਅਮਰੀਕਾ ਭਾਰਤ ਨੂੰ ਸੱਚਾ ਦੋਸਤ ਮੰਨਦਾ ਹੈ। ਅਹਿਮਦਾਬਾਦ ਵਿਖੇ ਹੋਏ 3 ਘੰਟੇ ਦੇ ਸਮਾਗਮ ਵਿਚ ਦੋਵਾਂ ਨੇਤਾਵਾਂ ਨੇ ਭਾਸ਼ਨ ਦੌਰਾਨ ਇਕ ਦੂਜੇ ਦਾ ਉਚੇਚ ਨਾਲ ਵਾਰ-ਵਾਰ ਨਾਂ ਲਏ ਜਾਣ ਵੱਲ ਵਿਸ਼ੇਸ਼ ਧਿਆਨ ਦਿੱਤਾ। ਇੱਥੋਂ ਤੱਕ ਕਿ ਮੋਦੀ ਤੇ ਟਰੰਪ ਵੱਲੋਂ ਇਸ ਦੌਰਾਨ ਵਾਰ-ਵਾਰ ਗਲੇ ਮਿਲਣ ਅਤੇ ਜੱਫੀਆਂ ਪਾਉਣ ਦੀ ਖੂਬ ਚਰਚਾ ਰਹੀ। 
ਭਾਰਤ ਨੂੰ ਵਿਸ਼ੇਸ਼ ਕਰਕੇ ਨਰਿੰਦਰ ਮੋਦੀ ਨੂੰ ਇਸ ਦੌਰੇ ਤੋਂ ਵੱਡੀਆਂ ਆਸਾਂ ਸਨ। ਭਾਰਤੀ ਅਧਿਕਾਰੀ ਦੋਵਾਂ ਦੇਸ਼ਾਂ ਵਿਚਕਾਰ ਦੁਵੱਲੇ ਸੰਬੰਧਾਂ ਦਾ ਘੇਰਾ ਹੋਰ ਵਧਾਉਣ ਅਤੇ ਕਈ ਨਵੇਂ ਖੇਤਰਾਂ ਵਿਚ ਸਹਿਯੋਗ ਵਧਾਉਣ ਦੇ ਸਮਝੌਤੇ ਹੋਣ ਦੀਆਂ ਆਸਾਂ ਲਗਾਈ ਬੈਠੇ ਸਨ। ਪਰ ਵ੍ਹਾਈਟ ਹਾਊਸ ਨੇ ਟਰੰਪ ਦੇ ਭਾਰਤ ਦੌਰੇ ‘ਤੇ ਰਵਾਨਾ ਹੋਣ ਤੋਂ ਪਹਿਲਾਂ ਹੀ ਬਿਆਨ ਜਾਰੀ ਕਰ ਦਿੱਤਾ ਸੀ ਕਿ ਟਰੰਪ ਇਸ ਦੌਰੇ ਦੌਰਾਨ ਭਾਰਤ ਨੂੰ 3 ਬਿਲੀਅਨ ਡਾਲਰ (21 ਹਜ਼ਾਰ ਕਰੋੜ ਰੁਪਏ) ਦੇ ਹੈਲੀਕਾਪਟਰ ਵੇਚਣ ਦੇ ਸਮਝੌਤੇ ਉਪਰ ਹੀ ਦਸਤਖਤ ਕਰਨਗੇ। ਅਹਿਮਦਾਬਾਦ ਵਿਖੇ ਕੀਤੇ ਭਾਸ਼ਨ ਵਿਚ ਵੀ ਉਨ੍ਹਾਂ ਨੇ ਇਸੇ ਰੱਖਿਆ ਸਮਝੌਤੇ ਦੇ ਹੋਣ ਦੀ ਗੱਲ ਆਖੀ। ਦਿੱਲੀ ਵਿਖੇ ਹੋਏ ਸਮਝੌਤੇ ਮੁਤਾਬਕ ਭਾਰਤ ਅਮਰੀਕਾ ਕੋਲੋਂ 21 ਹਜ਼ਾਰ ਕਰੋੜ ਰੁਪਏ ਦੇ ਮੋਰੀਓ ਅਤੇ ਅਪਾਚੀ ਹੈਲੀਕਾਪਟਰ ਖਰੀਦੇਗਾ। ਇਸ ਤੋਂ ਸਪੱਸ਼ਟ ਹੈ ਕਿ ਭਾਰਤ ਨੂੰ ਇਸ ਸਮਝੌਤੇ ਵਿਚੋਂ ਕੁੱਝ ਨਹੀਂ ਮਿਲਣਾ। ਪਰ ਟਰੰਪ ਆਪਣੇ ਮਹਿੰਗੇ ਜਹਾਜ਼ ਭਾਰਤ ਨੂੰ ਵੇਚਣ ਵਿਚ ਕਾਮਯਾਬ ਹੋਇਆ ਹੈ। ਭਾਰਤੀ ਅਧਿਕਾਰੀਆਂ ਦੀ ਆਸ ਮੁਤਾਬਕ ਹੋਰ ਕਿਸੇ ਅਹਿਮ ਸਮਝੌਤੇ ਉਪਰ ਹਾਲ ਦੀ ਘੜੀ ਨਾ ਗੱਲਬਾਤ ਹੋਈ ਹੈ ਅਤੇ ਨਾ ਹੀ ਦਸਤਖਤ ਹੋਏ ਹਨ। 
ਟਰੰਪ ਵੱਲੋਂ ਪਾਕਿਸਤਾਨ ਅਤੇ ਧਾਰਮਿਕ ਵਿਸ਼ਵਾਸਾਂ ਦੀ ਆਜ਼ਾਦੀ ਬਾਰੇ ਕੀਤੀਆਂ ਟਿੱਪਣੀਆਂ ਤੋਂ ਵੀ ਭਾਰਤ ਸਰਕਾਰ ਬਹੁਤੀ ਖੁਸ਼ ਨਜ਼ਰ ਨਹੀਂ ਆਉਂਦੀ। ਟਰੰਪ ਨੇ ਅਹਿਮਦਾਬਾਦ ਦੇ ਸਮਾਗਮ ਵਿਚ ਇਹ ਗੱਲ ਆਖੀ ਕਿ ਪਾਕਿਸਤਾਨ ਅਤੇ ਭਾਰਤ ਮਿਲ ਕੇ ਅੱਤਵਾਦ ਖਿਲਾਫ ਲੜ ਰਿਹਾ ਹੈ। ਉਨ੍ਹਾਂ ਨੇ ਭਾਰਤੀ ਪੱਖ ਮੁਤਾਬਕ ਪਾਕਿਸਤਾਨ ਨੂੰ ਦੇਸ਼ ਅੰਦਰੋਂ ਅੱਤਵਾਦ ਖਤਮ ਕਰਨ ਦੀ ਨਸੀਹਤ ਦੇਣ ਦੀ ਥਾਂ, ਉਲਟਾ ਸਗੋਂ ਇਹ ਗੱਲ ਆਖੀ ਕਿ ਪਾਕਿਸਤਾਨ ਵੀ ਅਮਰੀਕਾ ਨਾਲ ਰਲ਼ ਕੇ ਅੱਤਵਾਦ ਖਿਲਾਫ ਸੰਘਰਸ਼ ਕਰ ਰਿਹਾ ਹੈ। ਟਰੰਪ ਦੇ ਇਸ ਬਿਆਨ ਨੂੰ ਲੈ ਕੇ ਬਹੁਤ ਸਾਰੇ ਭਾਰਤੀ ਅਧਿਕਾਰੀਆਂ ਦੇ ਕੰਨ ਵੀ ਖੜ੍ਹੇ ਹੋਏ। 
ਭਾਰਤ ਸਰਕਾਰ ਵੱਲੋਂ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਰੁਤਬਾ ਖਤਮ ਕਰਨ ਅਤੇ ਨਾਗਰਿਕਤਾ ਸੋਧ ਕਾਨੂੰਨ ਪਾਸ ਕਰਨ ਦਾ ਦੁਨੀਆਂ ਭਰ ਵਿਚ ਇਹ ਪ੍ਰਭਾਵ ਫੈਲਿਆ ਹੈ ਕਿ ਦੇਸ਼ ਅੰਦਰ ਧਾਰਮਿਕ ਆਜ਼ਾਦੀ ਨੂੰ ਸੱਟ ਵੱਜੀ ਹੈ ਅਤੇ ਦੇਸ਼ ਅੰਦਰ ਧਾਰਮਿਕ ਵਿਸ਼ਵਾਸਾਂ ਦੀ ਆਜ਼ਾਦੀ ਨੂੰ ਲੈ ਕੇ ਹਾਲਤ ਪਹਿਲਾਂ ਨਾਲੋਂ ਨਿੱਘਰੀ ਹੈ। ਅਮਰੀਕਾ ਨੇ ਵੀ ਇਸ ਮਾਮਲੇ ਵਿਚ ਪਹਿਲਾਂ ਧਾਰਮਿਕ ਵਿਸ਼ਵਾਸਾਂ ਦੀ ਕਦਰ ਕਰਨ ਦੇ ਬਿਆਨ ਦਿੱਤੇ ਹਨ। ਟਰੰਪ ਦੇ ਬਿਆਨ ਵਿਚ ਵਾਰ-ਵਾਰ ਧਾਰਮਿਕ ਵਿਸ਼ਵਾਸਾਂ ਅਤੇ ਮਨੁੱਖੀ ਅਧਿਕਾਰਾਂ ਦਾ ਜ਼ਿਕਰ ਕੀਤੇ ਜਾਣ ਨੂੰ ਵੀ ਵੱਖਰਾ ਸੰਕੇਤ ਸਮਝਿਆ ਜਾਂਦਾ ਹੈ। ਹਾਲਾਂਕਿ ਮੋਦੀ ਨੇ ਵੀ ਆਪਣੇ ਭਾਸ਼ਨ ਵਿਚ ਭਾਰਤ ਦੀ ਸੱਭਿਆਚਾਰਕ ਅਤੇ ਧਾਰਮਿਕ ਵੰਨ-ਸੁਵੰਨਤਾ ਦੀ ਗੱਲ ਕੀਤੀ। ਪਰ ਉਨ੍ਹਾਂ ਕਿਸੇ ਦਾ ਨਾਂ ਨਹੀਂ ਲਿਆ। ਪਰ ਟਰੰਪ ਨੇ ਭਾਰਤ ਦੀ ਵੰਨ-ਸੁਵੰਨਤਾ ਦੀ ਗੱਲ ਕਰਦਿਆਂ ਦੋ ਵਾਰ ਜ਼ਿਕਰ ਕੀਤਾ ਕਿ ਭਾਰਤ ਦੀ ਸੱਭਿਆਚਾਰਕ ਵਿਲੱਖਣਤਾ ਦੇ ਧੜਕਣ ਵਿਚ ਮੁਸਲਮਾਨਾਂ ਅਤੇ ਹੋਰ ਭਾਈਚਾਰਿਆਂ ਦੀ ਵੱਡੀ ਭੂਮਿਕਾ ਹੈ। ਟਰੰਪ ਨੇ ਦਿੱਲੀ ਦੀ ਜਾਮਾ ਮਸਜ਼ਿਦ ਅਤੇ ਸਿੱਖਾਂ ਦੇ ਸੰਸਾਰ ਪ੍ਰਸਿੱਧ ਧਾਰਮਿਕ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਨੂੰ ਭਾਰਤ ਦੀ ਬਹੁ-ਸੱਭਿਆਚਾਰਕ ਪਛਾਣ ਦੇ ਮੁੱਖ ਚਿੰਨ੍ਹ ਕਰਾਰ ਦਿੱਤਾ। ਟਰੰਪ ਦੀਆਂ ਇਹ ਗੱਲਾਂ ਮੋਦੀ ਅਤੇ ਉਨ੍ਹਾਂ ਦੇ ਭਗਤਾਂ ਨੂੰ ਹਜ਼ਮ ਆਉਣ ਵਾਲੀਆਂ ਨਹੀਂ ਹਨ। ਕਿਉਂਕਿ ਉਹ ਮੁਸਲਮਾਨ ਭਾਈਚਾਰੇ ਦੀ ਭਾਰਤ ਨੂੰ ਦੇਣ ਅਤੇ ਇਸ ਦੇਸ਼ ਵਿਚ ਮੁਸਲਿਮ ਧਾਰਮਿਕ ਅਸਥਾਨਾਂ ਦੀ ਪਛਾਣ ਨੂੰ ਸਹਿਣ ਕਰਨ ਤੋਂ ਇਨਕਾਰੀ ਹਨ। ਅਯੁੱਧਿਆ ਵਿਖੇ ਬਾਬਰੀ ਮਸਜ਼ਿਦ ਨੂੰ ਢਾਹ ਕੇ ਉਥੇ ਹੁਣ ਰਾਮ ਮੰਦਰ ਉਸਾਰੇ ਜਾਣ ਦੀ ਜ਼ਿੱਦ ਇਸ ਗੱਲ ਦਾ ਪ੍ਰਗਟਾਵਾ ਹੈ। 
ਇਸ ਪੱਖੋਂ ਦੇਖਿਆ ਜਾਵੇ, ਤਾਂ ਸਮਝਿਆ ਜਾ ਸਕਦਾ ਹੈ ਕਿ ਟਰੰਪ ਨੇ ਮੋਦੀ ਅਤੇ ਭਾਰਤ ਦੀ ਪ੍ਰਸ਼ੰਸਾ ਦੇ ਪੁਲ ਬੰਨ੍ਹਣ ‘ਚ ਤਾਂ ਕੋਈ ਕਸਰ ਨਹੀਂ ਛੱਡੀ। ਪਰ ਅਸੂਲੀ ਮੁੱਦਿਆਂ ਉਪਰ ਉਨ੍ਹਾਂ ਨੇ ਲੇਪਾ-ਪੋਚੀ ਕਰਨ ਦੀ ਬਜਾਏ ਆਪਣਾ ਪੱਖ ਬੜੀ ਸਪੱਸ਼ਟਤਾ ਨਾਲ ਰੱਖਿਆ। ਪਾਕਿਸਤਾਨ, ਧਾਰਮਿਕ ਵਿਸ਼ਵਾਸਾਂ ਅਤੇ ਭਾਰਤ ਨਾਲ ਵਪਾਰਕ ਸਮਝੌਤਿਆਂ ਬਾਰੇ ਉਨ੍ਹਾਂ ਦਾ ਰੁਖ਼ ਬੜਾ ਸਪੱਸ਼ਟ ਰਿਹਾ ਹੈ। ਭਾਰਤ ਨਾਲ ਜੋ ਰੱਖਿਆ ਸਮਝੌਤਾ ਹੋਇਆ ਹੈ, ਉਸ ਮੁਤਾਬਕ ਅਮਰੀਕਾ ਭਾਰਤ ਨੂੰ ਆਪਣੇ ਹੈਲੀਕਾਪਟਰ ਵੇਚੇਗਾ। ਭਾਰਤ ਨੂੰ ਆਪਣੀ ਸੁਰੱਖਿਆ ਦੀ ਮੌਜੂਦਗੀ ਤੋਂ ਇਲਾਵਾ ਵਪਾਰਕ ਪੱਧਰ ‘ਤੇ ਕੋਈ ਲਾਭ ਨਹੀਂ ਹੋਣ ਵਾਲਾ, ਸਗੋਂ ਉਲਟਾ ਅਮਰੀਕਾ ਇਸ ਰੱਖਿਆ ਸਮਝੌਤੇ ਵਿਚੋਂ ਵੱਡੀ ਕਮਾਈ ਕਰ ਗਿਆ ਹੈ। 
ਮੋਦੀ ਸਰਕਾਰ ਵੱਲੋਂ ਪਿਛਲੇ ਸਮੇਂ ਤੋਂ ਅਪਣਾਈਆਂ ਨੀਤੀਆਂ ਕਾਰਨ ਪੁਰਾਣੀਆਂ ਰਵਾਇਤਾਂ ਦੇ ਟੁੱਟਣ ਅਤੇ ਅਸਹਿਮਤੀ ਵਾਲੇ ਵਿਚਾਰਾਂ ਪ੍ਰਤੀ ਅਸਹਿਣਸ਼ੀਲਤਾ ਦਾ ਦੇਸ਼ ਅੰਦਰ ਫੈਲਿਆ ਮਾਹੌਲ ਟਰੰਪ ਦੇ ਦੌਰੇ ਦੌਰਾਨ ਵੀ ਦੇਖਣ ਨੂੰ ਮਿਲਿਆ। ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਟਰੰਪ ਦੇ ਸਵਾਗਤ ਕੀਤੇ ਜਾਣ ਵਾਲੇ ਸਮਾਰੋਹ ਵਿਚ ਪਹਿਲੀ ਵਾਰ ਰਵਾਇਤ ਮੁਤਾਬਕ ਲੋਕ ਸਭਾ ਵਿਚ ਕਾਂਗਰਸ ਦੀ ਗਰੁੱਪ ਆਗੂ ਅਤੇ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਸ਼ਾਮਲ ਹੋਣ ਦਾ ਸੱਦਾ ਨਹੀਂ ਦਿੱਤਾ ਗਿਆ। ਸਰਕਾਰ ਦੇ ਇਸ ਫੈਸਲੇ ਕਾਰਨ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਰਾਜ ਸਭਾ ਵਿਚ ਕਾਂਗਰਸ ਆਗੂ ਗੁਲਾਮ ਨਬੀ ਆਜ਼ਾਦ ਸਮੇਤ ਸਾਰੇ ਆਗੂਆਂ ਨੇ ਸਮਾਗਮ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ। ਭਾਰਤ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਵੇਗਾ ਕਿ ਕਿਸੇ ਵੱਡੇ ਮੁਲਕ ਦੇ ਮੁਖੀ ਦੇ ਦੌਰੇ ਸਮੇਂ ਰਾਜਪਾਲ ਵੱਲੋਂ ਦਿੱਤੀ ਦਾਅਵਤ ਵਿਚ ਵਿਰੋਧੀ ਧਿਰ ਸ਼ਾਮਲ ਨਾ ਹੋਈ ਹੋਵੇ। 
ਅਸਲ ਵਿਚ ਕਰੀਬ 6 ਮਹੀਨੇ ਪਹਿਲਾਂ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਸਮੇਂ ਹਿਊਸਟਨ ਵਿਚ ‘ਹਾਊਡੀ ਮੋਦੀ’ ਸਮਾਗਮ ਹੋਇਆ ਸੀ। ਤੇ ਹੁਣ ਅਹਿਮਦਾਬਾਦ ਵਿਚ ‘ਟਰੰਪ ਨਮਸਤੇ’ ਕਰਵਾਇਆ ਗਿਆ ਹੈ। ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਦੋ ਦੇਸ਼ਾਂ ਵਿਚਕਾਰ ਆਪਸੀ ਸੰਬੰਧ ਮਜ਼ਬੂਤ ਕਰਨ ਦੇ ਯਤਨ ਦੀ ਥਾਂ ‘ਹਾਊਡੀ ਮੋਦੀ’ ਅਤੇ ‘ਟਰੰਪ ਨਮਸਤੇ’ ਦੋਵਾਂ ਨੇਤਾਵਾਂ ਦੀ ਸਿਆਸੀ ਸਟੰਟਬਾਜ਼ੀ ਦਾ ਵਧੇਰੇ ਪ੍ਰਭਾਵ ਦਿੰਦਾ ਹੈ। ਅਮਰੀਕਾ ਵਿਚ ਨਵੰਬਰ ਮਹੀਨੇ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਹਨ। ਟਰੰਪ ਇਸ ਸਟੰਟਬਾਜ਼ੀ ਰਾਹੀਂ ਅਮਰੀਕੀ ਚੋਣਾਂ ਫਤਿਹ ਕਰਨ ਦੇ ਯਤਨ ਵਿਚ ਹੈ, ਜਦਕਿ ਟਰੰਪ ਦਾ ਸਟੰਟ ਰੱਚ ਕੇ ਮੋਦੀ ਹੁਣੇ ਜਿਹੇ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਹੋਈ ਹੂੰਝਾ ਫੇਰੂ ਹਾਰ ਦੀ ਨਮੋਸ਼ੀ ਧੌਣ ਦਾ ਯਤਨ ਕਰ ਰਹੇ ਹਨ। ਅਜਿਹੇ ਯਤਨਾਂ ਨੂੰ ਸਿਆਸੀ ਮੰਤਵ ਵਾਲੀਆਂ ਸਰਗਰਮੀਆਂ ਵਜੋਂ ਲਿਆ ਜਾ ਰਿਹਾ ਹੈ। ਨਾਗਰਿਕਤਾ ਸੋਧ ਕਾਨੂੰਨ ਖਿਲਾਫ ਭਾਰਤ ਭਰ ਵਿਚ ਵੱਡੀ ਪੱਧਰ ਉੱਤੇ ਰੋਸ ਪ੍ਰਦਰਸ਼ਨ ਹੋ ਰਹੇ ਹਨ। ਟਰੰਪ ਦੇ ਦੌਰੇ ਵਾਲੇ ਦਿਨ ਦਿੱਲੀ ਵਿਚ ਇਸ ਮਸਲੇ ਨੂੰ ਲੈ ਕੇ ਹੋਈ ਸਾੜ-ਫੂਕ ਅਤੇ ਹਿੰਸਕ ਵਾਰਦਾਤਾਂ ਵਿਚ ਅੱਧੀ ਦਰਜਨ ਤੋਂ ਵੱਧ ਲੋਕਾਂ ਦੇ ਮਾਰੇ ਜਾਣ ਨੂੰ ਵੀ ਬਹੁਤ ਸਾਰੇ ਲੋਕ ਇਸ ਮਸਲੇ ਨਾਲ ਜੋੜ ਕੇ ਵੇਖ ਰਹੇ ਹਨ। ਅਸੀਂ ਕਹਿ ਸਕਦੇ ਹਾਂ ਕਿ ਟਰੰਪ ਦਾ ਭਾਰਤ ਦਾ ਦੌਰਾ ਦੋਵਾਂ ਦੇਸ਼ਾਂ ਲਈ ਆਪਸੀ ਸਹਿਯੋਗ ਅਤੇ ਮਿੱਤਰਤਾ ਵਧਾਉਣ ਦੀ ਬਜਾਏ ਦੋਵਾਂ ਵੱਡੇ ਨੇਤਾਵਾਂ ਦੀਆਂ ਨਿੱਜੀ ਖਾਹਿਸ਼ਾਂ ਅਤੇ ਲਾਲਸਾਵਾਂ ਪੂਰੀਆਂ ਕਰਨ ਵੱਲ ਵਧੇਰੇ ਉਤੇਜਿਤ ਹੈ।