ਟਰੰਪ ਦੀਆਂ ਮੁਸ਼ਕਲਾਂ ਵਿਚ ਹੋ ਰਿਹੈ ਲਗਾਤਾਰ ਵਾਧਾ

640
Share

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ : 916-320-9444
ਆਉਂਦੇ ਨਵੰਬਰ ਮਹੀਨੇ ਅਮਰੀਕਾ ਦੇ ਰਾਸ਼ਟਰਪਤੀ ਦੀ ਹੋਣ ਵਾਲੀ ਚੋਣ ਵਿਚ ਰਿਪਬਲਿਕਨ ਪਾਰਟੀ ਵੱਲੋਂ ਮੁੜ ਰਾਸ਼ਟਰਪਤੀ ਲਈ ਉਮੀਦਵਾਰ ਬਣੇ ਡੋਨਾਲਡ ਟਰੰਪ ਦੀਆਂ ਮੁਸ਼ਕਲਾਂ ਲਗਾਤਾਰ ਵੱਧ ਰਹੀਆਂ ਹਨ। ਡੋਨਾਲਡ ਟਰੰਪ ਨੇ ਆਪਣੇ ਕਾਰਜਕਾਲ ਦੇ ਪਹਿਲੇ ਤਿੰਨ ਸਾਲ ਇੰਮੀਗ੍ਰਾਂਟਸ ਵਿਰੁੱਧ ਸਖ਼ਤ ਫੈਸਲੇ ਲੈਣ ਵਿਚ ਲੰਘਾਏ। ਪੂਰੀ ਦੁਨੀਆਂ ਵਿਚ ਅਮਰੀਕੀ ਪ੍ਰਸ਼ਾਸਨ ਦੇ ਦਬਦਬੇ ਨੂੰ ਵਿਸਾਰਦਿਆਂ ਟਰੰਪ ਨੇ ਅਮਰੀਕਾ ਅੰਦਰ ਕੌਮੀ ਸਵੈਮਾਨ ਉਭਾਰਨ ਵੱਲ ਵਧੇਰੇ ਧਿਆਨ ਦਿੱਤਾ। ਇਸੇ ਨੀਤੀ ਤਹਿਤ ਸਭ ਤੋਂ ਪਹਿਲਾਂ ‘ਅਮਰੀਕਾ ਅਮਰੀਕੀਆਂ ਦਾ’ ਨਾਅਰਾ ਦਿੱਤਾ ਗਿਆ। ਰਾਜਭਾਗ ਸੰਭਾਲਦਿਆਂ ਹੀ ਟਰੰਪ ਨੇ ਅਮਰੀਕਾ ਅੰਦਰ ਗੈਰ ਕਾਨੂੰਨੀ ਪ੍ਰਵਾਸ ਨੂੰ ਰੋਕਣ ਲਈ ਮੈਕਸੀਕੋ ਦੀ ਸਰਹੱਦ ਉਪਰ ਉੱਚੀ ਕੰਧ ਉਸਾਰਨ ਦਾ ਫੈਸਲਾ ਕੀਤਾ। ਇਹ ਫੈਸਲਾ ਲਗਾਤਾਰ ਵਿਵਾਦ ‘ਚ ਉਲਝਿਆ ਰਿਹਾ ਅਤੇ ਅਮਰੀਕੀ ਕਾਂਗਰਸ ਵੱਲੋਂ ਕੰਧ ਉਸਾਰਨ ਲਈ ਫੰਡ ਜਾਰੀ ਨਾ ਕੀਤੇ ਜਾਣ ਕਾਰਨ ਟਰੰਪ ਪ੍ਰਸ਼ਾਸਨ ਕੰਧ ਉਸਾਰਨ ਵਿਚ ਬੁਰੀ ਤਰ੍ਹਾਂ ਅਸਫਲ ਰਿਹਾ ਹੈ। ਸ਼ੁਰੂ ਵਿਚ ਕਈ ਮੁਸਲਿਮ ਦੇਸ਼ਾਂ ਦੇ ਨਾਗਰਿਕਾਂ ਉਪਰ ਅਮਰੀਕਾ ‘ਚ ਦਾਖਲੇ ਉਪਰ ਪਾਬੰਦੀ ਲਗਾ ਦਿੱਤੀ ਗਈ। ਇਸ ਤੋਂ ਬਾਅਦ ਲਗਾਤਾਰ ਟਰੰਪ ਪ੍ਰਸ਼ਾਸਨ ਅਜਿਹੇ ਫੈਸਲੇ ਦੇ ਹੁਕਮ ਜਾਰੀ ਕਰਦਾ ਰਿਹਾ ਹੈ, ਜਿਸ ਨਾਲ ਇੰਮੀਗ੍ਰਾਂਟਸ ਦੇ ਹਿੱਤਾਂ ਨੂੰ ਢਾਅ ਲੱਗਦੀ ਰਹੀ ਹੈ। ਐੱਚ-1ਬੀ ਵੀਜ਼ਾ ਅਮਰੀਕਾ ਅੰਦਰ ਇਕ ਅਜਿਹਾ ਦਸਤਾਵੇਜ਼ ਹੈ, ਜਿਸ ਤਹਿਤ ਅਮਰੀਕਾ ਦੀਆਂ ਵੱਡੀ ਕਾਰੋਬਾਰੀ ਕੰਪਨੀਆਂ ਵਿਸ਼ੇਸ਼ ਨਿਪੁੰਨਤਾ ਵਾਲੇ ਲੋਕਾਂ ਨੂੰ ਇਸ ਵੀਜ਼ੇ ਰਾਹੀਂ ਮੰਗਵਾ ਕੇ ਨੌਕਰੀ ਦਿੰਦੀਆਂ ਹਨ। ਇਸ ਵੀਜ਼ੇ ਤਹਿਤ ਲੱਖਾਂ ਟੈਕਨੀਕਲ ਅਤੇ ਹੋਰ ਖੇਤਰਾਂ ਦੇ ਮਾਹਰ ਅਮਰੀਕਾ ਵਿਚ ਕੰਮ ਕਰ ਰਹੇ ਹਨ। ਵਿਸ਼ੇਸ਼ਕਰ ਚੀਨ ਅਤੇ ਭਾਰਤ ਤੋਂ ਗਏ ਮਾਹਰਾਂ ਦੀ ਸਭ ਤੋਂ ਵੱਧ ਗਿਣਤੀ ਹੈ। ਇਸ ਵੀਜ਼ੇ ਪ੍ਰਤੀ ਲਗਾਤਾਰ ਬਿਆਨਬਾਜ਼ੀ ਹੋਣ ਅਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਏ ਜਾਣ ਦੀ ਚਰਚਾ ਨੇ ਜਿੱਥੇ ਅਮਰੀਕਾ ਵਿਚ ਕੰਮ ਕਰਨ ਵਾਲੇ ਮਾਹਰ ਲੋਕਾਂ ਨੂੰ ਅਸਥਿਰਤਾ ਵਿਚ ਧੱਕਿਆ ਹੋਇਆ ਹੈ, ਉਥੇ ਬਹੁਤ ਸਾਰੀਆਂ ਅਮਰੀਕੀ ਕੰਪਨੀਆਂ ਵੀ ਟਰੰਪ ਪ੍ਰਸ਼ਾਸਨ ਦੇ ਅਜਿਹੇ ਵਤੀਰੇ ਤੋਂ ਨਾਖੁਸ਼ ਹੀ ਰਹਿੰਦੀਆਂ ਆਈਆਂ ਹਨ। ਪਹਿਲੇ ਤਿੰਨ ਸਾਲਾਂ ਦੌਰਾਨ ਟਰੰਪ ਦੇ ਲਏ ਬਹੁਤ ਸਾਰੇ ਫੈਸਲੇ ਤਾਂ ਅਮਰੀਕਾ ਦੀਆਂ ਅਦਾਲਤਾਂ ਨੇ ਹੀ ਪ੍ਰਵਾਨ ਨਹੀਂ ਕੀਤੇ, ਜਿਸ ਕਰਕੇ ਟਰੰਪ ਬਾਰੇ ਇਕ ਸੁਲਝੇ ਹੋਏ ਅਮਰੀਕਨ ਰਾਸ਼ਟਰਪਤੀ ਹੋਣ ਦਾ ਪ੍ਰਭਾਵ ਨਹੀਂ ਬਣ ਸਕਿਆ, ਸਗੋਂ ਟਰੰਪ ਦਾ ਇਕ ਅਖੱੜ ਸੁਭਾਅ ਵਾਲੇ ਜਲਦਬਾਜ਼ੀ ਵਿਚ ਫੈਸਲੇ ਲੈਣ ਵਾਲੇ ਆਗੂ ਵਜੋਂ ਨਕਸ਼ ਉਭਰਿਆ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਅਮਰੀਕਾ ਦੇ ਪਿਛਲੇ ਸਮੇਂ ਵਿਚ ਰਾਸ਼ਟਰਪਤੀ ਅਹੁਦੇ ਉਪਰ ਵਿਰਾਜਮਾਨ ਰਹੇ ਵੱਖ-ਵੱਖ ਰਾਸ਼ਟਰਪਤੀਆਂ ਦੇ ਮੁਕਾਬਲੇ ਵਿਚ ਟਰੰਪ ਦਾ ਕੱਦ ਬੇਹੱਦ ਛੋਟਾ ਤੇ ਵਿਵਾਦਗ੍ਰਸਤ ਰਿਹਾ ਹੈ। ਪਿਛਲੇ ਤਿੰਨਾਂ ਸਾਲਾਂ ਦੌਰਾਨ ਅਮਰੀਕੀ ਆਰਥਿਕਤਾ ਵਿਚ ਵੀ ਚੰਗਾ ਰੁਝਾਨ ਨਹੀਂ ਰਿਹਾ। ਪਰ ਟਰੰਪ ਦਾ ਚੌਥਾ ਆਖਰੀ ਵਰ੍ਹਾ ਬੇਹੱਦ ਚੁਣੌਤੀਆਂ ਭਰਿਆ ਹੈ। ਅਮਰੀਕਾ ਦੀ ਚੀਨ ਨਾਲ ਕੌਮਾਂਤਰੀ ਪੱਧਰ ਉੱਤੇ ਚੱਲ ਰਹੀ ਵਪਾਰਕ ਜੰਗ ਕਰੋਨਾ ਦੀ ਆਫਤ ਨੇ ਇਕ ਨਵੀਂ ਚਰਮ ਸੀਮਾ ਉਪਰ ਪਹੁੰਚਾ ਦਿੱਤੀ ਹੈ। ਕੋਰੋਨਾਵਾਇਰਸ ਕਾਰਨ ਟਰੰਪ ਨੂੰ ਵੱਡੀਆਂ ਸਮੱਸਿਆਵਾਂ ਅਤੇ ਉਲਝਣਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਟਰੰਪ ਨੇ ਕੋਰੋਨਾਵਾਇਰਸ ਦੀ ਆਫਤ ਨੂੰ ਕਦੇ ਵੀ ਬਹੁਤੀ ਗੰਭੀਰਤਾ ਨਾਲ ਨਹੀਂ ਲਿਆ, ਸਗੋਂ ਉਨ੍ਹਾਂ ਵੱਲੋਂ ਹਮੇਸ਼ਾ ਹਲਕੇ ਪੱਧਰ ਦੀ ਬਿਆਨਬਾਜ਼ੀ ਕਰਕੇ ਕੰਮ ਸਾਰਨ ਵਾਲਾ ਵਤੀਰਾ ਅਪਣਾਇਆ ਗਿਆ, ਜਿਸ ਦਾ ਨਤੀਜਾ ਇਹ ਹੈ ਕਿ ਦੁਨੀਆਂ ਭਰ ਵਿਚ ਸਭ ਤੋਂ ਬਿਹਤਰ ਸਿਹਤ ਸੇਵਾਵਾਂ ਲਈ ਮੰਨੇ ਜਾਣ ਵਾਲੇ ਦੇਸ਼ ਵਿਚ ਕਰੋਨਾ ਦੀ ਮਾਰ ਸਭ ਤੋਂ ਵੱਧ ਪਈ ਹੈ। ਅਮਰੀਕਾ ਅਜੇ ਵੀ ਕਰੋਨਾ ਪੀੜਤਾਂ ਅਤੇ ਮੌਤਾਂ ਵਿਚ ਦੁਨੀਆਂ ਭਰ ‘ਚ ਸਭ ਤੋਂ ਪਹਿਲੇ ਨੰਬਰ ‘ਤੇ ਚੱਲ ਰਿਹਾ ਹੈ। ਇਸ ਗੱਲ ਨੂੰ ਲੈ ਕੇ ਅਮਰੀਕਾ ਦੇ ਲੋਕਾਂ ਅੰਦਰ ਇਸ ਗੱਲ ਦੀ ਭਾਰੀ ਚਰਚਾ ਹੈ ਕਿ ਟਰੰਪ ਪ੍ਰਸ਼ਾਸਨ ਕਰੋਨਾ ਆਫਤ ਖਿਲਾਫ ਪ੍ਰਬੰਧ ਵਿਚ ਬੁਰੀ ਤਰ੍ਹਾਂ ਅਸਫਲ ਰਿਹਾ ਹੈ। ਟਰੰਪ ਦੇ ਵਿਸ਼ਵ ਸਿਹਤ ਸੰਸਥਾ (ਡਬਲਯੂ.ਐੱਚ.ਓ.) ਨਾਲ ਬੇਵਜ੍ਹਾ ਸਿੰਙ ਫਸਾਉਣ ਨੂੰ ਵੀ ਬਹੁਤੇ ਅਮਰੀਕੀ ਲੋਕ ਪਸੰਦ ਨਹੀਂ ਕਰਦੇ। ਲੰਬੇ ਸਮੇਂ ਤੋਂ ਡਬਲਯੂ.ਐੱਚ.ਓ. ਅਮਰੀਕੀ ਪ੍ਰਭਾਵ ਹੇਠ ਕੰਮ ਕਰਦੀ ਆਈ ਹੈ ਅਤੇ ਅਮਰੀਕਾ ਦੀਆਂ ਵੱਡੀਆਂ ਕਾਰਪੋਰੇਟ ਦਵਾਈ ਕੰਪਨੀਆਂ ਦੀ ਇਸ ਸੰਸਥਾ ਉਪਰ ਸਰਦਾਰੀ ਕਿਸੇ ਤੋਂ ਲੁਕੀ ਹੋਈ ਨਹੀਂ। ਪਰ ਚੀਨ ਵਿਚ ਵਾਇਰਸ ਦੇ ਪੈਦਾ ਹੋਣ ਦੇ ਮਸਲੇ ਨੂੰ ਲੈ ਕੇ ਬਿਖੇੜਾ ਇੰਨਾ ਖੜ੍ਹਾ ਕਰ ਲਿਆ ਗਿਆ ਕਿ ਸੰਸਾਰ ਦੀ ਇਹ ਵੱਕਾਰੀ ਸੰਸਥਾ ਇਸ ਵੇਲੇ ਅਮਰੀਕਾ ਦੇ ਪ੍ਰਭਾਵ ਤੋਂ ਪੂਰੀ ਤਰ੍ਹਾਂ ਮੁਕਤ ਹੋ ਗਈ ਹੈ।
ਕੋਵਿਡ-19 ਸੰਕਟ ਨੂੰ ਲੈ ਕੇ ਟਰੰਪ ਵੱਲੋਂ ਚੀਨ ਨੂੰ ਘੇਰਨ ਦੀਆਂ ਕੀਤੀਆਂ ਗਈਆਂ ਪੇਸ਼ਬੰਦੀਆਂ ਵੀ ਸੰਸਾਰ ਪੱਧਰ ਉੱਤੇ ਵੀ ਕੋਈ ਬਹੁਤਾ ਚੰਗਾ ਨਾਮਣਾ ਨਹੀਂ ਖੱਟ ਸਕੀਆਂ। ਸਭ ਕੁੱਝ ਦੇ ਬਾਵਜੂਦ ਚੀਨ ਅਜੇ ਵੀ ਦੁਨੀਆਂ ਦੀ ਫੈਕਟਰੀ ਵਜੋਂ ਵਿਚਰ ਰਿਹਾ ਹੈ ਅਤੇ ਉਥੇ ਬਣ ਰਹੇ ਉਤਪਾਦ ਪੂਰੀ ਦੁਨੀਆਂ ਵਿਚ ਜਾ ਰਹੇ ਹਨ। ਪਿਛਲੇ ਕਈ ਦਹਾਕਿਆਂ ਤੋਂ ਚੀਨੀ ਕੰਪਨੀਆਂ ਦਾ ਅਮਰੀਕੀ ਅਰਥਚਾਰੇ ਵਿਚ ਰਲੇਵਾਂ ਇੰਨਾ ਡੂੰਘਾ ਹੋ ਗਿਆ ਹੈ ਕਿ ਹੁਣ ਉਸ ਨੂੰ ਇਕ ਫੈਸਲੇ ਨਾਲ ਮੱਖਣ ‘ਚੋਂ ਵਾਲ ਵਾਂਗ ਕੱਢ ਸਕਣਾ, ਕਿਸੇ ਵੀ ਤਰ੍ਹਾਂ ਸੰਭਵ ਨਹੀਂ। ਚੀਨੀ ਮੂਲ ਦੇ ਬਹੁਤ ਸਾਰੇ ਅਮਰੀਕੀ ਨਾਗਰਿਕਾਂ ਨੇ ਅਮਰੀਕਾ ਵਿਚ ਵੱਡਾ ਪੂੰਜੀ ਨਿਵੇਸ਼ ਕੀਤਾ ਹੋਇਆ ਹੈ ਅਤੇ ਵੱਡੀਆਂ-ਵੱਡੀਆਂ ਕੰਪਨੀਆਂ ਖੋਲ੍ਹੀਆਂ ਹੋਈਆਂ ਹਨ। ਅਜਿਹੀਆਂ ਕੰਪਨੀਆਂ ਨੂੰ ਵਿਦੇਸ਼ੀ ਘੇਰੇ ਵਿਚ ਲਿਆਉਣ ਜੇ ਅਸੰਭਵ ਨਹੀਂ ਤਾਂ ਬੇਹੱਦ ਮੁਸ਼ਕਲ ਹੈ। ਦੁਨੀਆਂ ਦੀ ਵਪਾਰਕ ਰਾਜਧਾਨੀ ਵਜੋਂ ਜਾਣੇ ਜਾਂਦੇ ਨਿਊਯਾਰਕ ਦਾ ਕੇਂਦਰ ਮੈਨਹਟਨ ਇਸ ਵੇਲੇ ਚੀਨੀ ਕੰਪਨੀਆਂ, ਅਖ਼ਬਾਰਾਂ ਅਤੇ ਚੀਨੀ ਭਾਸ਼ਾ ਦਾ ਕੇਂਦਰ ਬਣਿਆ ਹੋਇਆ ਹੈ।
ਇਸੇ ਤਰ੍ਹਾਂ ਇਮੀਗ੍ਰਾਂਟਸ ਬਾਰੇ ਲਗਾਤਾਰ ਸਖ਼ਤ ਨੀਤੀਆਂ ਬਣਾਉਣ ਅਤੇ ਬਿਆਨਬਾਜ਼ੀ ਕਰਨ ਨਾਲ ਅਮਰੀਕੀ ਪ੍ਰਵਾਸੀਆਂ ਵਿਚ ਟਰੰਪ ਪ੍ਰਤੀ ਬੇਵਿਸ਼ਵਾਸੀ ਤੇ ਰੋਸ ਲਗਾਤਾਰ ਵੱਧਦਾ ਰਿਹਾ ਹੈ। ਕੋਰੋਨਾਵਾਇਰਸ ਦੇ ਸੰਕਟ ਮੌਕੇ ਅਫਰੀਕੀ ਮੂਲ ਦੇ ਅਮਰੀਕੀ ਨਾਗਰਿਕ ਜਾਰਜ ਫਲਾਇਡ ਦੇ ਪੁਲਿਸ ਹੱਥੋਂ ਹੋਏ ਕਤਲ ਨੇ ਪੂਰੀ ਸਿਆਹਫਾਮ ਵਸੋਂ ਨੂੰ ਟਰੰਪ ਖਿਲਾਫ ਖੜ੍ਹਾ ਕਰ ਦਿੱਤਾ ਹੈ। ਇੰਨਾ ਹੀ ਨਹੀਂ, ਇਸ ਮਸਲੇ ਨੂੰ ਲੈ ਕੇ ਗੋਰੀ ਵਸੋਂ ਦੇ ਕਾਫੀ ਹਿੱਸੇ ਨੇ ਵੀ ਰੋਸ ਜਤਾਇਆ ਹੈ। ਦੂਜੇ ਪਾਸੇ ਡੈਮੋਕ੍ਰੇਟ ਜੋਅ ਬਿਡਨ ਇਕ ਸਾਊ ਅਤੇ ਸੁਲਝੇ ਹੋਏ ਸਿਆਸਤਦਾਨ ਦੇ ਤੌਰ ‘ਤੇ ਉਭਰ ਰਹੇ ਹਨ। ਸਾਲ ਪਹਿਲਾਂ ਉਨ੍ਹਾਂ ਦੀ ਚੋਣ ਮੁਹਿੰਮ ਬੇਹੱਦ ਧੀਮੀ ਰਫਤਾਰ ਵਿਚ ਸੀ। ਪਰ ਟਰੰਪ ਦੀਆਂ ਮੁਸ਼ਕਲਾਂ ਤੇ ਨਾਕਾਮੀਆਂ ਨੇ ਉਨ੍ਹਾਂ ਦੀ ਮੁਹਿੰਮ ਵਿਚ ਨਵੀਂ ਜਾਨ ਫੂਕੀ ਹੈ। ਜੋਅ ਬਿਡਨ ਵੱਲੋਂ ਭਾਰਤੀ ਮੂਲ ਦੀ ਕਮਲਾ ਹੈਰਿਸ ਨੂੰ ਉੱਪ ਰਾਸ਼ਟਰਪਤੀ ਦਾ ਉਮੀਦਵਾਰ ਬਣਾਏ ਜਾਣ ਨਾਲ ਏਸ਼ੀਆਈ ਪ੍ਰਵਾਸੀਆਂ ਵਿਚ ਚੰਗਾ ਹੁੰਗਾਰਾ ਮਿਲ ਸਕਦਾ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਇਸ ਵੇਲੇ ਅਮਰੀਕਾ ਵਿਚ ਵਸਦੇ ਹਰ ਤਰ੍ਹਾਂ ਦੇ ਪ੍ਰਵਾਸੀ, ਏਸ਼ੀਆਈ, ਅਫਰੀਕੀ, ਮੈਕਸੀਕਨ, ਚੀਨੀ, ਲਾਤੀਨੀ ਅਮਰੀਕਾ ਸਮੇਤ ਸਾਰੇ ਹੀ ਟਰੰਪ ਦੀਆਂ ਨੀਤੀਆਂ ਤੋਂ ਬੇਹੱਦ ਨਾਖੁਸ਼ ਤੇ ਨਾਰਾਜ਼ ਹਨ। ਗੋਰੀ ਵਸੋਂ ਵੀ ਇਸ ਵਾਰ ‘ਅਮਰੀਕਾ ਅਮਰੀਕੀਆਂ ਦਾ’ ਦੇ ਨਾਅਰੇ ਤੋਂ ਕੋਈ ਬਹੁਤੇ ਖੁਸ਼ ਨਜ਼ਰ ਨਹੀਂ ਆ ਰਹੇ। ਪਿਛਲੇ ਮਹੀਨਿਆਂ ਦੇ ਦੌਰਾਨ ਹੋਈ ਰੇਟਿੰਗ ਵਿਚ ਵੀ ਟਰੰਪ ਦਾ ਪੱਲੜਾ ਲਗਾਤਾਰ ਹਲਕਾ ਹੋ ਰਿਹਾ ਹੈ। ਜੋਅ ਬਿਡਨ ਵੱਲੋਂ ਖੁੱਲ੍ਹੇ ਤੌਰ ‘ਤੇ ਭਾਰਤ ਨਾਲ ਸਾਂਝ ਤੇ ਸੰਬੰਧ ਮਜ਼ਬੂਤ ਕਰਨ ਅਤੇ ਐੱਚ-1ਬੀ ਵੀਜ਼ਾ ਹੋਰ ਮਜ਼ਬੂਤ ਕਰਨ ਦੇ ਕੀਤੇ ਐਲਾਨ ਨਾਲ ਏਸ਼ੀਆਈ ਦੇਸ਼ਾਂ ਵਿਚਲੇ ਅਮਰੀਕੀ ਨਾਗਰਿਕਾਂ ਦਾ ਝੁਕਾਅ ਉਨ੍ਹਾਂ ਵੱਲ ਹੋਰ ਵੱਧ ਸਕਦਾ ਹੈ।
ਅੰਦਰੂਨੀ ਤੌਰ ‘ਤੇ ਅਮਰੀਕੀ ਆਰਥਿਕਤਾ ਇਸ ਵੇਲੇ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੀ ਹੈ। ਹਾਲਾਂਕਿ ਟਰੰਪ ਨੇ ਕਦੇ ਵੀ ਅਜਿਹਾ ਪ੍ਰਭਾਵ ਦੇਣ ਦਾ ਯਤਨ ਨਹੀਂ ਕੀਤਾ ਕਿ ਅਮਰੀਕੀ ਆਰਥਿਕਤਾ ਕਿਸੇ ਸੰਕਟ ਵਿਚ ਹੈ। ਪਰ ਇਸ ਦੇ ਬਾਵਜੂਦ ਇਸ ਗੱਲ ਨੂੰ ਝੁਠਲਾਇਆ ਨਹੀਂ ਜਾ ਸਕਦਾ ਕਿ ਕਰੋਨਾ ਦੀ ਆਫਤ ਨੇ ਅਮਰੀਕਾ ਨੂੰ ਵੱਡੀ ਢਾਅ ਲਗਾਈ ਹੈ। ਬੇਰੁਜ਼ਗਾਰੀ ਵਿਚ ਵੱਡਾ ਵਾਧਾ ਹੋਇਆ ਹੈ, ਲੋਕਾਂ ਦੀ ਆਮਦਨ ਡਿੱਗੀ ਹੈ ਅਤੇ ਬਹੁਤ ਸਾਰੀਆਂ ਵਪਾਰਕ ਅਤੇ ਸਨਅਤੀ ਕੰਪਨੀਆਂ ਨੂੰ ਵੱਡੇ ਸੰਕਟ ਦਾ ਸਾਹਮਣਾ ਹੈ। ਕਰੋਨਾ ਮਹਾਂਮਾਰੀ ਵੀ ਅਜੇ ਕਾਬੂ ਹੇਠ ਨਹੀਂ ਆ ਰਹੀ। ਇਨ੍ਹਾਂ ਪੱਖਾਂ ਕਾਰਨ ਆਮ ਅਮਰੀਕੀ ਲੋਕਾਂ ਦਾ ਟਰੰਪ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੈ। ਇਕ ਹੋਰ ਬੜੀ ਅਹਿਮ ਗੱਲ ਇਹ ਹੈ ਕਿ ਟਰੰਪ ਦੀ ਪਹਿਲੀ ਚੋਣ ਵਿਚ ਰਿਪਬਲਿਕਨ ਪਾਰਟੀ ਦੇ ਸਾਰੇ ਆਗੂ ਇਕਜੁੱਟ ਹੋ ਕੇ ਉਨ੍ਹਾਂ ਦੀ ਹਮਾਇਤ ਵਿਚ ਕੁੱਦੇ ਹੋਏ ਸਨ ਅਤੇ ਬਹੁਤ ਸਾਰੇ ਡੈਮੋਕ੍ਰੇਟਸ ਵੀ ਉਨ੍ਹਾਂ ਦੇ ਹਮਲਾਵਰ ਰੁਖ਼ ਅੱਗੇ ਜੱਕੋਤੱਕੀ ਵਿਚ ਪੈ ਗਏ ਸਨ। ਪਰ ਇਸ ਵਾਰ ਹਾਲਾਤ ਕਾਫੀ ਵੱਖਰੇ ਹਨ। ਰਿਪਬਲਿਕਨ ਪਾਰਟੀ ਅੰਦਰ ਵੀ ਟੁੱਟ-ਭੱਜ ਅਤੇ ਵਿਰੋਧ ਹੈ ਪਰ ਡੈਮੋਕ੍ਰੇਟ ਇਸ ਵਾਰ ਪੂਰੀ ਸਲਾਮਤੀ ਨਾਲ ਜੋਅ ਬਿਡਨ ਦੇ ਹੱਕ ਵਿਚ ਖੜ੍ਹੇ ਹਨ ਅਤੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵੀ ਉਨ੍ਹਾਂ ਦੀ ਚੋਣ ਮੁਹਿੰਮ ਵਿਚ ਸਾਥ ਦੇ ਰਹੇ ਹਨ।
ਟਰੰਪ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਉਕਤ ਚੁਣੌਤੀਆਂ ਨਾਲ ਮੁਕਾਬਲਾ ਕਰਦਿਆਂ ਲੋਕਾਂ ਦਾ ਭਰੋਸਾ ਹਾਸਲ ਕਰਨ ‘ਚ ਹੈ। ਰਾਜਨੀਤਿਕ ਲੋਕ ਇਸ ਗੱਲ ਵਿਚ ਯਕੀਨ ਰੱਖਦੇ ਹਨ ਕਿ ਵੋਟ ਰਾਜਨੀਤੀ ਵਿਚ ਜਿੱਤ ਹਮੇਸ਼ਾ ਭਰੋਸੇ ਦੀ ਹੁੰਦੀ ਹੈ ਅਤੇ ਟਰੰਪ ਨੂੰ ਇਸ ਵੇਲੇ ਸਭ ਤੋਂ ਵੱਧ ਸੰਕਟ ਰਾਜਨੀਤਿਕ ਬੇਭਰੋਸਗੀ ਦਾ ਹੈ।


Share