ਟਰੰਪ ਦਾ ਮੈਕਸੀਕੋ ਦੀ ਸਰਹੱਦ ਉਪਰ ਕੰਧ ਉਸਾਰੀ ਪ੍ਰਾਜੈਕਟ ਬਾਇਡਨ ਨੇ ਕੀਤਾ ਰੱਦ

445
Share

ਸੈਕਰਾਮੈਂਟੋ 2 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਰਾਸ਼ਟਰਪਤੀ ਜੋਅ ਬਾਇਡਨ ਪ੍ਰਸ਼ਾਸਨ ਨੇ ਲੰਘੇ ਦਿਨ ਸਾਰੇ ਸਰਹੱਦੀ ਕੰਧ ਉਸਾਰੀ ਪ੍ਰਾਜੈਕਟ ਰੱਦ ਕਰ ਦਿੱਤੇ। ਬਾਇਡਨ ਨੇ ਇਕ ਆਦੇਸ਼ ਜਾਰੀ ਕਰਕੇ ਮੈਕਸੀਕੋ ਨਾਲ ਲੱਗਦੀ ਸਰਹੱਦ ਉਪਰ ਕੰਧ ਦੀ ਉਸਾਰੀ ਨੂੰ ਰੋਕ ਦਿੱਤਾ ਹੈ। ਇਹ ਆਦੇਸ਼ ਉਸ ਆਦੇਸ਼ ਦਾ ਹੀ ਹਿੱਸਾ ਹੈ ਜਿਸ ਉਪਰ ਰਾਸ਼ਟਰਪਤੀ ਨੇ ਜਨਵਰੀ ਵਿਚ ਸਹੀ ਪਾਈ ਸੀ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਰਹੱਦ ਉਪਰ ਕੰਧ ਉਸਾਰੀ ਨੂੰ ਆਪਣੀ ਸਰਹੱਦੀ ਨੀਤੀ ਦਾ ਪ੍ਰਮੁੱਖ ਹਿੱਸਾ ਬਣਾਇਆ ਸੀ ਤੇ ਉਸ ਨੇ ਅਮਰੀਕਾ-ਮੈਕਸੀਕੋ ਸਰਹੱਦ ਉਪਰ ਕੰਧ ਦੀ ਉਸਾਰੀ ਲਈ ਫੌਜ ਦੇ ਫੰਡ ਵਰਤਣ ਨੂੰ ਪ੍ਰਵਾਨਗੀ ਦਿੱਤੀ ਸੀ। ਕਾਂਗਰਸ ਦੇ ਦੋਨਾਂ ਸਦਨਾਂ ਵਿਚ ਕੰਧ ਉਸਾਰੀ ਪ੍ਰਾਜੈਕਟ ਦਾ ਜਬਰਦਸਤ ਵਿਰੋਧ ਹੋਇਆ ਸੀ ਪਰ ਤਤਕਾਲ ਰਾਸ਼ਟਰਪਤੀ ਟਰੰਪ ਆਪਣੇ ਇਸ ਪ੍ਰਮੁੱਖ ਪ੍ਰਾਜੈਕਟ ਨੂੰ ਸ਼ੁਰੂ ਕਰਵਾਉਣ ਵਿਚ ਸਫਲ ਰਿਹਾ ਸੀ। ਪੈਂਟਾਗਨ ਦੇ ਡਿਪਟੀ ਬੁਲਾਰੇ ਜਮਾਲ ਬਰਾਊਨ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਰਖਿਆ ਵਿਭਾਗ ਨੇ ਸਰਹੱਦੀ ਕੰਧ ਉਸਾਰੀ ਪ੍ਰਾਜੈਕਟਾਂ ਨੂੰ ਰੱਦ ਕਰਨ ਲਈ ਸਾਰੀ ਲੋੜੀਂਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨਾਂ ਕਿਹਾ ਕਿ ਅੱਜ ਦੀ ਕਾਰਵਾਈ ਤੋਂ ਇਹ ਗੱਲ ਸਪਸ਼ਟ ਹੋਈ ਹੈ ਕਿ ਬਾਇਡਨ ਪ੍ਰਸ਼ਾਸਨ ਰਾਸ਼ਟਰ ਦੀ ਸੁਰੱਖਿਆ ਤੇ ਫੌਜੀਆਂ ਅਤੇ ਉਨਾਂ ਦੇ ਪਰਿਵਾਰਾਂ ਦੇ ਸਮਰਥਨ ਪ੍ਰਤੀ ਵਚਨਬੱਧ ਹੈ। ਹੁਣ ਇਸ ਫੰਡ ਦੀ ਵਰਤੋਂ ਫੌਜ ਦੇ ਮੁਲਤਵੀ ਕੀਤੇ ਪ੍ਰਾਜੈਕਟਾਂ ਦੀ ਉਸਾਰੀ ਲਈ ਕੀਤੀ ਜਾਵੇਗੀ। ਰਖਿਆ ਵਿਭਾਗ ਨੇ ਕਿਹਾ ਹੈ ਕਿ ਉਹ ਮੁਲਤਵੀ ਕੀਤੇ ਪ੍ਰਾਜੈਕਟਾਂ ਉਪਰ ਨਜਰਸਾਨੀ ਕਰੇਗਾ ਤੇ ਉਨਾਂ ਵਿਚੋਂ ਤਰਜੀਹ ਵਾਲੇ ਪ੍ਰਾਜੈਕਟਾਂ ਦੀ ਚੋਣ ਕੀਤੀ ਜਾਵੇਗੀ।ਇਥੇ ਇਹ ਵੀ ਜਿਕਰਯੋਗ ਹੈ ਕਿ ਦੱਖਣੀ ਸਰਹੱਦ ਰਸਤੇ ਅਮਰੀਕਾ ਵਿਚ ਆਉਣ ਵਾਲੇ ਬੱਚਿਆਂ, ਪਰਿਵਾਰਾਂ ਤੇ ਹੋਰ ਲੋਕਾਂ ਦੀ ਵਧੀ ਗਿਣਤੀ ਦੇ ਮੱਦੇਨਜਰ ਬਾਇਡਨ ਪ੍ਰਸ਼ਾਸਨ ਇਮੀਗ੍ਰੇਸ਼ਨ ਵਿਭਾਗ ਦੇ ਦਬਾਅ ਹੇਠ ਸੀ।  ਹੋਮਲੈਂਡ ਸਕਿਉਰਟੀ ਵਿਭਾਗ ਨੇ ਕਿਹਾ ਹੈ ਕਿ ਉਹ ਟੈਕਸਸ ਦੀ ਰਿਓ ਗਰਾਂਡੇ ਵੈਲੀ  ਤੇ ਸੈਨ ਡਇਏਗੋ ਵਿਚ ਕੰਧ ਉਸਾਰੀ ਕਾਰਨ ਪੈਦਾ ਹੋਏ ਮੁੱਦਿਆਂ ਨੂੰ ਹੱਲ ਕਰੇਗਾ।


Share