ਟਰੰਪ ਜਲਦ ਆਉਣਗੇ ਵ੍ਹਾਈਟ ਹਾਊਸ ਤੋਂ ਬਾਹਰ!

866

ਵਾਸ਼ਿੰਗਟਨ, 6 ਮਈ (ਪੰਜਾਬ ਮੇਲ)- ਅਮਰੀਕਾ ‘ਚ ਕੋਰੋਨਾਵਾਇਰਸ ਮਹਾਮਾਰੀ ਨਾਲ ਨਜਿੱਠਣ ‘ਚ ਲੱਗੇ ਰਾਸ਼ਟਰਪਤੀ ਡੋਨਾਲਡ ਟਰੰਪ ਪਿਛਲੇ 2 ਮਹੀਨਿਆਂ ‘ਚ ਮੁਸ਼ਕਿਲ ਹੀ ਵ੍ਹਾਈਟ ਹਾਊਸ ਤੋਂ ਬਾਹਰ ਗਏ ਪਰ ਹੁਣ ਉਨ੍ਹਾਂ ਦੀਆਂ ਨਿਯਮਤ ਯਾਤਰਾਵਾਂ ਅਤੇ ਦੌਰੇ ਮੁੜ ਸ਼ੁਰੂ ਹੋਣ ਜਾ ਰਹੇ ਹਨ। ਟਰੰਪ ਐੱਨ-95 ਮਾਸਕ ਦਾ ਉਤਪਾਦਨ ਕਰਨ ਵਾਲੀ ਇਕ ਫੈਕਟਰੀ ਦਾ ਦੌਰਾ ਕਰਨ ਲਈ ਐਰੀਜ਼ੋਨਾ ਦੀ ਯਾਤਰਾ ਕਰਨ ਵਾਲੇ ਹਨ। ਰਾਸ਼ਟਰਪਤੀ ਮੁਤਾਬਕ, ਇਸ ਦੇ ਨਾਲ ਉਨ੍ਹਾਂ ਦੀਆਂ ਹੋਰ ਨਿਯਮਤ ਯਾਤਰਾ ਦੀ ਵਾਪਸੀ ਹੋਵੇਗੀ। ਉਨ੍ਹਾਂ ਦੇ ਨਾਲ ਵ੍ਹਾਈਟ ਹਾਊਸ, ਰੱਖਿਆ ਵਿਭਾਗ, ਖੁਫੀਆ ਸੇਵਾ ਅਤੇ ਹੋਰ ਵਿਭਾਗਾਂ ਦੇ ਕਰਮੀ ਵੀ ਹੋਣਗੇ ਜਿਹੜੇ ਸਲਾਹਕਾਰ ਮੰਡਲੀ ਦਾ ਹਿੱਸਾ ਹਨ।
ਟਰੰਪ ਨੇ ਆਖਿਆ ਕਿ ਇਸ ਯਾਤਰਾ ਤੋਂ ਇਲਾਵਾ ਉਹ ਜਲਦ ਹੀ ਓਹਾਇਓ, ਜੂਨ ‘ਚ ਨਿਊਯਾਰਕ ਅਤੇ ਜੁਲਾਈ ‘ਚ ਸਾਊਥ ਡਕੋਟਾ ਜਾਣਗੇ। ਟਰੰਪ ਨੇ ਆਪਣੀ ਯਾਤਰਾ ਦੇ ਬਾਰੇ ‘ਚ ਆਖਿਆ ਕਿ ਮੈਂ ਲੰਬੇ ਸਮੇਂ ਤੋਂ ਵ੍ਹਾਈਟ ਹਾਊਸ ਵਿਚ ਹੀ ਰਿਹਾ। ਮੈਨੂੰ ਜਿੰਨਾ ਚੰਗਾ ਲੱਗੇਗਾ, ਮੈਂ ਬਾਹਰ ਜਾਣਾ ਚਾਹਾਂਗਾ। ਦੱਸ ਦਈਏ ਕਿ ਕੋਰੋਨਾਵਾਇਰਸ ਦਾ ਕਹਿਰ ਪੂਰੀ ਦੁਨੀਆਂ ਵਿਚ ਫੈਲਿਆ ਹੋਇਆ ਹੈ ਪਰ ਇਸ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਅਮਰੀਕਾ ਵਿਚ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਉਥੇ 12 ਲੱਖ ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 72 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 2 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਠੀਕ ਹੋ ਚੁੱਕੇ ਹਨ।