ਟਰੰਪ ਖਿਲਾਫ ਦੂਜੀ ਵਾਰ ਮਹਾਦੋਸ਼ ਤਹਿਤ ਕਾਰਵਾਈ ਕੀਤੇ ਜਾਣ ਦੇ ਯਤਨਾਂ ਨੇ ਫੜੀ ਰਫਤਾਰ

507
Share

ਵਾਸ਼ਿੰਗਟਨ, 10 ਜਨਵਰੀ (ਪੰਜਾਬ ਮੇਲ)- ਡੈਮੋਕ੍ਰੇਟਿਕ ਪਾਰਟੀ ਵੱਲੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਖ਼ਿਲਾਫ਼ ਇਤਿਹਾਸਕ ਦੂਜੀ ਵਾਰ ਮਹਾਦੋਸ਼ ਤਹਿਤ ਕਾਰਵਾਈ ਕੀਤੇ ਜਾਣ ਦੇ ਯਤਨਾਂ ਨੇ ਰਫ਼ਤਾਰ ਫੜ ਲਈ ਹੈ। ਹਾਲਾਂਕਿ ਡੈਮੋਕ੍ਰੇਟਾਂ ਦੀਆਂ ਇਨ੍ਹਾਂ ਕੋਸ਼ਿਸ਼ਾਂ ਨੂੰ ਬੂਰ ਪੈਣ ਦੇ ਆਸਾਰ ਮੱਧਮ ਹਨ ਕਿਉਂਕਿ ਟਰੰਪ ਦਾ ਕਾਰਜਕਾਲ ਖ਼ਤਮ ਹੋਣ ਨੂੰ ਗਿਣਤੀ ਦੇ ਦਿਨ ਬਾਕੀ ਹਨ ਤੇ ਇਹ ਵੀ ਸਪੱਸ਼ਟ ਨਹੀਂ ਕਿ ਕਿੰਨੇ ਕੁ ਰਿਪਬਲਿਕਨ ਇਸ ਮੁਹਿੰਮ ਦੀ ਹਮਾਇਤ ਕਰਨਗੇ। ਚੇਤੇ ਰਹੇ ਕਿ ਟਰੰਪ ਦੀ ਹੱਲਾਸ਼ੇਰੀ ’ਤੇ ਉਨ੍ਹਾਂ ਦੇ ਹਮਾਇਤੀਆਂ ਨੇ ਬੀਤੇ ਬੁੱਧਵਾਰ ਨੂੰ ਯੂ.ਐੱਸ. ਕੈਪੀਟਲ (ਅਮਰੀਕੀ ਸੰਸਦ) ’ਤੇ ਹਮਲਾ ਕਰ ਦਿੱਤਾ ਸੀ, ਜਿਸ ਮਗਰੋਂ ਹੁਣ ਡੈਮੋਕ੍ਰੈਟਿਕ ਪਾਰਟੀ ਦੇ ਮੈਂਬਰਾਂ ਵੱਲੋਂ ਸੋਮਵਾਰ ਨੂੰ ਪ੍ਰਤੀਨਿਧ ਸਦਨ ਵਿਚ ਟਰੰਪ ਖ਼ਿਲਾਫ਼ ਮਹਾਦੋਸ਼ ਦੀ ਕਾਰਵਾਈ ਚਲਾਉਣ ਲਈ ਮਤਾ ਰੱਖਿਆ ਜਾਵੇਗਾ।

Share