ਟਰੈਕਟਰ ਮਾਰਚ ’ਚ ਗਏ ਮੋਗਾ ਜ਼ਿਲ੍ਹੇ ਦੇ 12 ਨੌਜਵਾਨ ਲਾਪਤਾ

470
ਮੋਗਾ, 30 ਜਨਵਰੀ (ਪੰਜਾਬ ਮੇਲ)- ਦਿੱਲੀ ਗਏ  ਮੋਗਾ ਜ਼ਿਲ੍ਹੇ ਦੇ ਪਿੰਡ ਤਤਾਰੀਏਵਾਲਾ ਦੇ 12 ਨੌਜਵਾਨ ਲਾਪਤਾ ਹਨ। ਇਹ ਸਾਰੇ ਨੌਜਵਾਨ 26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਵਿਚ ਹਿੱਸਾ ਲੈਣ ਗਏ ਹੋਏ ਸੀ। ਪਿੰਡ ਵਾਸੀਆਂ ਨੇ ਸ਼ੱਕ ਜਤਾਇਆ ਕਿ ਇਹ ਨੌਜਵਾਨ ਦਿੱਲੀ ਪੁਲਿਸ ਦੀ ਹਿਰਾਸਤ ਵਿਚ ਹੋ ਸਕਦੇ ਹਨ। ਲੇਕਿਨ ਪਰਿਵਾਰ ਦੇ ਲੋਕਾਂ ਨੂੰ ਨੌਜਵਾਨਾਂ ਬਾਰੇ ਕਿਸੇ ਨੇ ਕੋਈ ਸੂਚਨਾ ਨਹੀਂ ਦਿੱਤੀ। ਪਿੰਡ ਦੇ 16 ਨੌਜਵਾਨ ਟਰੈਕਟਰ ਪਰੇਡ ਵਿਚ ਸ਼ਾਮਲ ਹੋਣ ਦਿੱਲੀ ਪੁੱਜੇ ਸੀ। ਇਨ੍ਹਾਂ ਵਿਚੋਂ ਚਾਰ ਨੌਜਵਾਨ ਵਾਪਸ ਪਰਤ ਆਏ ਸੀ ਲੇਕਿਨ 12 ਨੌਜਵਾਨਾਂ ਦਾ ਪਤਾ ਨਹੀਂ ਲੱਗ ਰਿਹਾ ਕਿ ਉਹ ਕਿੱਥੇ ਹਨ।

ਪਿੰਡ ਨਿਵਾਸੀ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਕਰੀਬ 16 ਨੌਜਵਾਨ 26 ਜਨਵਰੀ ਨੂੰ ਦਿੱਲੀ ਦੇ ਟਿਕਰੀ ਬਾਰਡਰ ਦੇ ਲਈ ਰਵਾਨਾ ਹੋਏ ਸੀ। ਇਨ੍ਹਾਂ ਨੌਜਵਾਨਾਂ ਨੂੰ 26 ਜਨਵਰੀ ਨੂੰ ਟਰੈਕਟਰ ਪਰੇਡ ਵਿਚ ਹਿੱਸਾ ਲੈਣ ਦੇ ਲਈ ਕਿਸਾਨ  ਸੰਗਠਨਾਂ ਨੇ ਸੱਦਿਆ ਸੀ। ਚਾਰ ਨੌਜਵਾਨ ਦੂਜੇ ਦਿਨ ਹੀ ਵਾਪਸ ਪਰਤ ਆਏ ਸੀ ਬਾਕੀ ਦੇ 12 ਨੌਜਵਾਨਾਂ ਦਾ ਕੋਈ ਪਤਾ ਨਹੀਂ ਚਲ ਰਿਹਾ ਹੈ।
ਲਾਪਤਾ ਹੋਏ ਨੌਜਵਾਨਾਂ ਦੇ ਨਾਂ ਅਮ੍ਰਤਪਾਲ ਸਿੰਘ ਪੁੱਤਰ ਗੁਰਦੇਵ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਹਰਮੇਲ ਸਿੰਘ, ਦਲਜਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ, ਜਗਦੀਪ ਸਿੰਘ ਪੁੱਤਰ ਇਕਬਾਲ ਸਿੰਘ, ਜਗਦੀਸ਼ ਸਿੰਘ ਪੁੱਤਰ ਕਰਮ ਸਿੰਘ, ਨਵਦੀਪ ਸਿੰਘ ਪੁੱਤਰ ਜਸਵੰਤ ਸਿੰਘ, ਬਲਧੀਰ ਸਿੰਘ ਪੁੱਤਰ ਮੇਜਰ ਸਿੰਘ, ਭਾਗ ਸਿੰਘ ਪੁੱਤਰ ਕਰਤਾਰ ਸਿੰਘ, ਹਰਜਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ, ਰਣਜੀਤ ਸਿੰਘ ਪੁੱਤਰ ਲਾਹੋਰਾ ਸਿੰਘ, ਰਮਨਦੀਪ ਸਿੰਘ ਪੁੱਤਰ ਦਰਬਾਰਾ ਸਿੰਘ ਅਤੇ ਜਸਵੰਤ ਸਿੰਘ ਪੁੱਤਰ ਪ੍ਰੀਤਮ ਸਿੰਘ ਦੇ ਨਾਂ ਸ਼ਾਮਲ ਹਨ।
ਪਿੰਡ ਵਾਸੀਆਂ ਮੁਤਾਬਕ ਇਨ੍ਹਾਂ ਸਾਰੇ ਨੌਜਵਾਨਾਂ ਦਾ ਕਿਸੇ ਵੀ ਕਿਸਾਨ ਸੰਗਠਨ ਨਾਲ ਕੋਈ ਸਬੰਧ ਨਹੀਂ ਹੈ। ਪਰਵਾਰਕ ਮੈਂਬਰਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੱਚੇ ਜਿੱਥੇ ਵੀ ਹਨ ਜਲਦ ਘਰ ਆ ਜਾਣ।
ਇਸ ਸਬੰਧ ਵਿਚ ਥਾਣਾ ਮਹਿਣਾ ਦੇ ਇੰਚਾਰਜ ਕਮਲਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਇਸ ਸਬੰਧ ਵਿਚ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਦਿੱਲੀ ਪੁਲਿਸ ਨੇ  ਇਸ ਸਬੰਧ ਵਿਚ ਕੋਈ ਸੰਪਰਕ ਕੀਤਾ ਹੈ।