ਟਰੈਕਟਰ ਪਰੇਡ ਦੌਰਾਨ ਦਿੱਲੀ ਪੁਲਿਸ ਵੱਲੋਂ ਹਿਰਾਸਤ ’ਚ ਲਏ ਮੋਗਾ ਦੇ 12 ਨੌਜਵਾਨਾਂ ਦੀ ਨਹੀਂ ਲੱਗਾ ਅਜੇ ਪਤਾ

590
ਲਾਪਤਾ ਨੌਜਵਾਨ ਭਾਗ ਸਿੰਘ ਦਾ ਚਿੰਤਾ ’ਚ ਡੁੱਬਿਆ ਪਰਿਵਾਰ।
ਮੋਗਾ, 29 ਜਨਵਰੀ (ਪੰਜਾਬ ਮੇਲ)- ਟਰੈਕਟਰ ਪਰੇਡ ਹਿੰਸਾ ਵਾਲੇ ਦਿਨ ਦਿੱਲੀ ਪੁਲਿਸ ਵੱਲੋਂ ਹਿਰਾਸਤ ’ਚ ਲਏ ਇਥੋਂ ਨੇੜਲੇ ਪਿੰਡ ਤਤਾਰੀਏਵਾਲਾ ਦੇ 12 ਨੌਜਵਾਨਾਂ ਬਾਰੇ ਦਿੱਲੀ ਪੁਲਿਸ ਵੱਲੋਂ ਕੋਈ ਜਾਣਕਾਰੀ ਨਾ ਦੇਣ ਤੋਂ ਨੌਜਵਾਨਾਂ ਦੇ ਪਰਿਵਾਰ ਚਿੰਤਾ ਵਿਚ ਹਨ ਅਤੇ ਪਿੰਡ ਵਿਚ ਸਹਿਮ ਹੈ। ਇਥੇ ਅਕਾਲੀ ਆਗੂ ਮੁਖਤਿਆਰ ਸਿੰਘ, ਮਾਸਟਰ ਅਮਰਜੀਤ ਸਿੰਘ, ਗੁਰਨਾਹਰ ਸਿੰਘ ਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ 23 ਜਨਵਰੀ ਪਿੰਡ ਦੇ ਨੌਜਵਾਨ ਅੰਮਿ੍ਰਤਪਾਲ ਸਿੰਘ, ਗੁਰਪ੍ਰੀਤ ਸਿੰਘ, ਦਲਜਿੰਦਰ ਸਿੰਘ, ਜਗਦੀਪ ਸਿੰਘ, ਜਗਦੀਸ਼ ਸਿੰਘ, ਨਵਦੀਪ ਸਿੰਘ ਬਲਵੀਰ ਸਿੰਘ, ਭਾਗ ਸਿੰਘ, ਹਰਜਿੰਦਰ ਸਿੰਘ, ਰਣਜੀਤ ਸਿੰਘ, ਰਮਨਦੀਪ ਸਿੰਘ ਅਤੇ ਜਸਵੰਤ ਸਿੰਘ ਟਰੈਕਟਰ ਲੈ ਕੇ ਕਿਸਾਨ ਪਰੇਡ ਵਿਚ ਸ਼ਾਮਲ ਹੋਣ ਲਈ ਦਿੱਲੀ ਗਏ। ਨੌਜਵਾਨਾਂ ਦਾ ਕਿਸੇ ਦੇਸ਼ ਵਿਰੋਧੀ ਪਾਰਟੀ ਜਾਂ ਕਿਸੇ ਹੋਰ ਭੜਕਾਊ ਜਥੇਬੰਦੀ ਨਾਲ ਕੋਈ ਸਬੰਧ ਨਹੀਂ ਹੈ। ਨੌਜਵਾਨ ਕਿਸਾਨ ਜਥੇਬੰਦੀਆਂ ਦੇ ਸੱਦੇ ਅਨੁਸਾਰ ਹੀ ਦਿੱਲੀ ਗਏ ਸਨ।
ਉਨ੍ਹਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੋਂ ਦਖ਼ਲ ਦੀ ਮੰਗ ਕਰਦੇ ਕਿਹਾ ਕਿ ਨੌਜਵਾਨਾਂ ਬਾਰੇ ਦਿੱਲੀ ਪੁਲਿਸ ਵੱਲੋਂ ਨੌਜਵਾਨਾਂ ਦੀ ਗਿ੍ਰਫ਼ਤਾਰੀ ਬਾਰੇ ਕੁਝ ਵੀ ਨਹੀਂ ਦੱਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡ ’ਚ ਸਹਿਮ ਦਾ ਮਾਹੌਲ ਹੈ, ਪਰਿਵਾਰਕ ਮੈਂਬਰ ਚਿੰਤਾ ਵਿਚ ਡੁੱਬੇ ਹੋਏ ਹਨ। ਉਨ੍ਹਾਂ ਦਾਅਵਾ ਕੀਤਾ ਕਿ 26 ਜਨਵਰੀ ਨੂੰ ਹਿੰਸਾਂ ਦੀਆਂ ਘਟਨਾਵਾਂ ਬਾਅਦ ਨੌਜਵਾਨਾਂ ਨੇ ਫੋਨ ’ਤੇ ਆਪਣੇ ਪਰਿਵਾਰਾਂ ਨੂੰ ਦੱਸ ਦਿੱਤਾ ਸੀ ਕਿ ਉਨ੍ਹਾਂ ਨੂੰ ਟਰੈਕਟਰਾਂ ਸਮੇਤ ਦਿੱਲੀ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਨੌਜਵਾਨਾਂ ਦਾ ਦਿੱਲੀ ਵਿਖੇ ਹਿੰਸਾਂ ਜਾਂ ਲਾਲ ਕਿਲ੍ਹੇ ਦੀ ਘਟਨਾ ਨਾਲ ਕੋਈ ਸਰੋਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਆਮ ਕਿਸਾਨ ਪਰਿਵਾਰਾਂ ਦੇ ਹਨ। ਉਨ੍ਹਾਂ ਕਿਸਾਨ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਨੌਜਵਾਨਾਂ ਦੀ ਭਾਲ ਕਰ ਕੇ ਪਰਿਵਾਰ ਨੂੰ ਸੂਚਿਤ ਕਰਕੇ ਰਿਹਾਈ ਕਰਵਾਉਣ।
ਇਸ ਮੌਕੇ ਅਪਾਹਜ਼ ਗੁਰਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਭਾਗ ਸਿੰਘ ਦਿੱਲੀ ਕਿਸਾਨ ਪਰੇਡ ਵਿਚ ਗਿਆ ਸੀ। ਉਸ ਦਾ ਕੁਝ ਵੀ ਪਤਾ ਨਹੀਂ ਲੱਗ ਰਿਹਾ। ਉਹ ਅਪਾਹਜ ਹੈ ਤੇ ਉਸ ਦੇ ਨਿੱਕੇ ਬੱਚੇ ਹਨ। ਇਸ ਤਰ੍ਹਾਂ ਔਰਤ ਸੁਖਜਿੰਦਰ ਕੌਰ ਨੇ ਕਿਹਾ ਕਿ ਉਸ ਦਾ ਲੜਕਾ ਫ਼ੌਜ ਵਿਚ ਹੈ ਅਤੇ ਦੂਜਾ ਲੜਕਾ ਦਿੱਲੀ ਗਿਆ ਸੀ। ਉਸ ਦਾ ਕੁਝ ਪਤਾ ਨਹੀਂ ਚੱਲ ਰਿਹਾ। ਹੋਰ ਵੀ ਪਰਿਵਾਰਾਂ ਨੇ ਦਿੱਲੀ ਗਏ ਆਪਣੇ ਪੁੱਤਰਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਰਿਹਾਈ ਦੀ ਮੰਗ ਕੀਤੀ।