ਟਰੇਸੀ ਫੀਲਡ ਹਾਕੀ ਕਲੱਬ ਨੇ ਕਰਵਾਇਆ ਸ਼ਾਨਦਾਰ ਹਾਕੀ ਟੂਰਨਾਮੈਂਟ

223
Share

ਟਰੇਸੀ, 29 ਸਤੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਪੰਜਾਬੀ ਦੁਨੀਆਂ ’ਚ ਜਿੱਥੇ ਵੀ ਗਏ, ਉਨ੍ਹਾਂ ਉਥੇ ਹੀ ਮਿੰਨੀ ਪੰਜਾਬ ਵਸਾ ਲਿਆ। ਕੈਲੀਫੋਰਨੀਆ ਦੀ ਧਰਤੀ ’ਤੇ ਜਿੱਥੇ ਹਰ ਕੋਈ ਟੂਰਨਾਮੈਂਟ, ਮੇਲਾ, ਧਾਰਮਿਕ ਸਮਾਗਮ ਜਾਂ ਸੱਭਿਆਚਾਰਕ ਪ੍ਰੋਗਰਾਮ ਬੜੀ ਸ਼ਾਨੋ-ਸ਼ੌਕਤ ਨਾਲ ਕਰਵਾਇਆ ਜਾਂਦਾ ਹੈ, ਦੀ ਇਸੇ ਕੜੀ ਤਹਿਤ ਸਾਡੀ ਨਵੀਂ ਪਨੀਰੀ ਨੂੰ ਅਮਰੀਕਾ ਦੀ ਧਰਤੀ ’ਤੇ ਹਾਕੀ ਨਾਲ ਜੋੜਨ ਲਈ ਸਥਾਨਕ ਟਰੇਸੀ ਫੀਲਡ ਹਾਕੀ ਕਲੱਬ ਵੱਲੋਂ ਛੋਟੇ ਬੱਚਿਆਂ ਦਾ ਸ਼ਾਨਦਾਰ ਹਾਕੀ ਟੂਰਨਾਮੈਂਟ ਟਰੇਸੀ ਸਥਿਤ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਵਿਖੇ ਕਰਵਾਇਆ ਗਿਆ। ਇਸ ਟੂਰਨਾਮੈਂਟ ’ਚ 8 ਤੋਂ ਲੈ ਕੇ 14 ਸਾਲ ਤੱਕ ਦੇ ਬੱਚਿਆਂ ਨੇ ਹਾਕੀ ਦੇ ਖੂਬ ਜੌਹਰ ਵਿਖਾਏ। ਯੂ-14 ਵਰਗ ਵਿਚ ਬੇ-ਏਰੀਆ ਲਾਇਨਜ਼ ਜੇਤੂ ਰਹੇ, ਬੇ-ਏਰੀਆ ਲਾਈਟਨਿੰਗ ਦੂਸਰੇ ਸਥਾਨ ’ਤੇ ਰਹੇ ਅਤੇ ਟਰੇਸੀ ਫੀਲਡ ਹਾਕੀ ਕਲੱਬ ਤੀਸਰੇ ਨੰਬਰ ’ਤੇ ਰਹੇ। ਇਸ ਦੇ ਨਾਲ ਹੀ ਯੂ-10 ਵਰਗ ’ਚ ਬੇ-ਏਰੀਆ ਲਾਈਟਨਿੰਗ ਜੇਤੂ ਰਹੇ, ਫਰਿਜ਼ਨੋ ਕਲੱਬ ਦੂਸਰੇ ਨੰਬਰ ’ਤੇ ਰਹੀ ਅਤੇ ਸਾਨਫਰਾਂਸਿਸਕੋ ਹਾਕਸ ਨੂੰ ਤੀਸਰੇ ਸਥਾਨ ’ਤੇ ਸਬਰ ਕਰਨਾ ਪਿਆ।
ਯੂ-8 ਵਰਗ ਵਿਚ ਬੱਚੇ ਹਾਕੀ ਦੇ ਜਲਵੇ ਵਿਖਾਉਂਦੇ ਗਰਾਊਂਡ ਵਿਚ ਛਾਏ ਰਹੇ ਅਤੇ ਇਨ੍ਹਾਂ ਮੁਕਾਬਲਿਆਂ ਵਿਚ ਫਰਿਜ਼ਨੋ ਕਲੱਬ ਜੇਤੂ ਰਹੀ, ਬੇ-ਏਰੀਆ ਲਾਈਟਨਿੰਗ ਦੂਸਰੇ ਸਥਾਨ ’ਤੇ ਰਹੀ ਅਤੇ ਟਰੇਸੀ ਫੀਲਡ ਹਾਕੀ ਕਲੱਬ ਨੂੰ ਤੀਸਰਾ ਸਥਾਨ ਹਾਸਲ ਹੋਇਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉੱਘੇ ਹਾਕੀ ਖਿਡਾਰੀ ਤੇ ਮਸ਼ਹੂਰ ਗਾਇਕ ਰਾਜਪਾਲ ਸੰਧੂ ਨੇ ਦੱਸਿਆ ਕਿ ਸਾਡੀ ਟਰੇਸੀ ਫੀਲਡ ਹਾਕੀ ਕਲੱਬ ਗੁਰਦੁਆਰਾ ਨਾਨਕ ਪ੍ਰਕਾਸ਼ ਟਰੇਸੀ ਦੀ ਸਮੁੱਚੀ ਪ੍ਰਬੰਧਕ ਕਮੇਟੀ, ਖਾਸ ਕਰਕੇ ਬਾਬਾ ਧਰਮ ਸਿੰਘ ਦੀ ਬਹੁਤ ਧੰਨਵਾਦੀ ਹੈ, ਜਿਨ੍ਹਾਂ ਨੇ ਸਾਡੇ ਅੱਧੇ ਬੋਲ ’ਤੇ ਸਾਨੂੰ ਗਰਾਊਂਡ ਮੁਹੱਈਆ ਕਰਵਾਇਆ ਤੇ ਗੁਰੂ-ਘਰ ਵੱਲੋਂ ਦੋ ਦਿਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਉਨ੍ਹਾਂ ਦੱਸਿਆ ਕਿ ਅਸੀਂ ਅਮਰੀਕਨ ਨੈਸ਼ਨਲ ਹਾਕੀ ਮਾਹਿਰਾਂ ਨਾਲ ਰਲਕੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਇਸ ਤਰ੍ਹਾਂ ਦੇ ਟੂਰਨਾਮੈਂਟ ਕਰਵਾਉਂਦੇ ਰਹਾਂਗੇ, ਤਾਂ ਕਿ ਟਰੇਸੀ ਨੂੰ ਫੀਲਡ ਹਾਕੀ ਦੀ ਹੱਬ ਬਣਾਇਆ ਜਾ ਸਕੇ।
ਇਸ ਮੌਕੇ ਉਨ੍ਹਾਂ ਉਲੰਪੀਅਨ ਬਲਜੀਤ ਸਿੰਘ ਸੈਣੀ, ਜਸਵੀਰ ਸਿੰਘ ਜੱਸੀ (ਹੈੱਡ ਕੋਚ ਪੰਜਾਬ ਰਾਜ ਬਿਜਲੀ ਬੋਰਡ), ਚੋਟੀ ਦੇ ਹਾਕੀ ਖਿਡਾਰੀ ਹਰਿੰਦਰਾ ਸਿੰਘ (ਹੈੱਡ ਕੋਚ ਅਮਰੀਕਨ ਨੈਸ਼ਨਲ ਟੀਮ), ਡੀ.ਐੱਸ. ਮਾਂਗਟ (ਪਹਿਲੇ ਅੰਤਰਰਾਸ਼ਟਰੀ ਸਿੱਖ ਹਾਕੀ ਅੰਪਾਇਰ), ਸ. ਭੁਪਿੰਦਰ ਸਿੰਘ ਭੂੱਪੀ (ਨੈਸ਼ਨਲ ਹਾਕੀ ਕੋਚ ਪੰਜਾਬੀ ਯੂਨੀਵਰਸਿਟੀ ਪਟਿਆਲਾ) ਅਤੇ ਅਮਰਜੀਤ ਸਿੰਘ ਦੌਧਰ (ਖੇਡ ਲੇਖਕ) ਆਦਿ ਦਾ ਟੂਰਨਾਮੈਂਟ ’ਚ ਉਚੇਚੇ ਤੌਰ ’ਤੇ ਸ਼ਿਰਕਤ ਕਰਨ ਲਈ ਖਾਸ ਧੰਨਵਾਦ ਕੀਤਾ। ਉਨ੍ਹਾਂ ਸਮੂਹ ਟਰੇਸੀ ਨਿਵਾਸੀਆਂ, ਗੁਰਦੁਆਰਾ ਨਾਨਕ ਪ੍ਰਕਾਸ਼ ਦੀ ਕਮੇਟੀ, ਸਮੂਹ ਸਪਾਂਸਰਾਂ ਅਤੇ ਦਰਸ਼ਕਾਂ ਦਾ ਸਹਿਯੋਗ ਲਈ ਸ਼ੁਕਰੀਆ ਅਦਾ ਕੀਤਾ। ਉਨ੍ਹਾਂ ਮਾਪਿਆਂ ਨੂੰ ਖਾਸ ਤੌਰ ’ਤੇ ਬੇਨਤੀ ਕੀਤੀ ਕਿ ਬੱਚਿਆਂ ਨੂੰ ਹਾਕੀ ਵੱਲ ਪ੍ਰੇਰਿਤ ਕਰਨ ਲਈ ਬੱਚਿਆਂ ਦੀ ਰਜਿਸਟਰੇਸ਼ਨ ਕਰਵਾਉਣ ’ਤੇ ਟਰੇਸੀ ਫੀਲਡ ਹਾਕੀ ਕਲੱਬ ਦਾ ਸਾਥ ਦੇਣ।

Share