ਟਰੂਡੋ ਸਰਕਾਰ ’ਚ 3 ਭਾਰਤੀ ਬਣਾਏ ਗਏ ਸੰਸਦੀ ਸਕੱਤਰ

421
Share

ਟੋਰਾਂਟੋ, 4 ਦਸੰਬਰ (ਪੰਜਾਬ ਮੇਲ)- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਸਰਕਾਰ ’ਚ ਤਿੰਨ ਹੋਰ ਭਾਰਤੀ ਮੂਲ ਦੇ ਲੋਕਾਂ ਨੂੰ ਅਹਿਮ ਅਹੁਦਿਆਂ ’ਤੇ ਨਿਯੁਕਤ ਕੀਤਾ ਹੈ। ਪ੍ਰਧਾਨ ਮੰਤਰੀ ਟਰੂਡੋ ਨੇ ਸੰਸਦੀ ਸਕੱਤਰਾਂ ਤੇ ਹੋਰ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ ਕੀਤਾ। ਇਸ ’ਚ ਮਨਿੰਦਰ ਸਿੱਧੂ ਨੂੰ ਵਿਦੇਸ਼ ਮਾਮਲਿਆਂ ਦੀ ਮੰਤਰੀ ਮੇਲਾਨੀ ਜੋਲੀ ਦਾ ਸੰਸਦੀ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਇਕ ਹੋਰ ਭਾਰਤੀ ਮੂਲ ਦੇ ਆਰਿਫ ਵਿਰਾਨੀ ਨੂੰ ਸੰਸਦੀ ਸਕੱਤਰ ਦਾ ਰੈਂਕ ਦਿੱਤਾ ਗਿਆ ਹੈ। ਵਿਰਾਨੀ ਟੋਰਾਂਟੋ ’ਚ ਪਾਰਕਡੇਲ-ਹਾਈ ਪਾਰਕ ਦੀ ਪ੍ਰਤੀਨਿਧਤਾ ਕਰਦੇ ਹਨ। ਉਨ੍ਹਾਂ ਨੂੰ ਇੰਟਰਨੈਸ਼ਨਲ ਟਰੇਡ, ਐਕਸਪੋਰਟ ਪ੍ਰਮੋਸ਼ਨ, ਛੋਟੇ ਕਾਰੋਬਾਰ ਤੇ ਆਰਥਿਕ ਵਿਕਾਸ ਮੰਤਰੀ ਮੈਰੀ ਐਨਜੀ ਦਾ ਸੰਸਦੀ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਉਹ ਇਸ ਤੋਂ ਪਹਿਲਾਂ ਨਿਆਂ ਮੰਤਰੀ ਦੇ ਸੰਸਦੀ ਸਕੱਤਰ ਤੇ ਪਿਛਲੀ ਸਰਕਾਰ ’ਚ ਅਟਾਰਨੀ ਜਨਰਲ ਦੇ ਤੌਰ ’ਤੇ ਕੰਮ ਕਰ ਚੁੱਕੇ ਹਨ। ਬ੍ਰੈਂਪਟਨ ਨਾਰਥ ਦੀ ਅਗਵਾਈ ਕਰਨ ਵਾਲੇ ਰੂਬੀ ਸਹੋਤਾ ਪ੍ਰਕਿਰਿਆ ਤੇ ਹਾਊਸ ਆਫ ਅਫੇਅਰਜ਼ ’ਤੇ ਹਾਊਸ ਆਫ ਕਾਮਨਜ਼ ਦੀ ਸਥਾਈ ਕਮੇਟੀ ਦੇ ਸਾਬਕਾ ਪ੍ਰਧਾਨ ਹਨ। ਸਹੋਤਾ ਹੁਣ ਡਿਪਟੀ ਗਵਰਨਮੈਂਟ ਵ੍ਹਿੱਖ ਦੇ ਤੌਰ ’ਤੇ ਕੰਮ ਕਰਨਗੇ। ਇਨ੍ਹਾਂ ਨਿਯੁਕਤੀਆਂ ਬਾਰੇ ਬੋਲਦਿਆਂ ਟਰੂਡੋ ਨੇ ਕਿਹਾ ਕਿ ਇਹ ਟੀਮ ਮੰਤਰੀਆਂ ਤੇ ਸੰਸਦ ਵਿਚਾਲੇ ਅਹਿਮ ਕੜੀ ਦਾ ਕੰਮ ਕਰੇਗੀ।

Share