ਟਰੂਡੋ ਵੱਲੋਂ ਕੈਨੇਡਾ-ਅਮਰੀਕਾ ਸਰਹੱਦ ’ਤੇ ਭਾਰਤੀਆਂ ਦੀ ਮੌਤ ਦਾ ਮਾਮਲਾ ‘ਦਿਲ ਦਹਿਲਾਉਣ ਵਾਲੀ’ ਤ੍ਰਾਸਦੀ ਕਰਾਰ

202
Share

ਕਿਹਾ: ਕੈਨੇਡੀਅਨ ਸਰਕਾਰ ਅਮਰੀਕੀ ਸਰਹੱਦ ਪਾਰੋਂ ਲੋਕਾਂ ਦੀ ਤਸਕਰੀ ਨੂੰ ਰੋਕਣ ਲਈ ਕਰ ਰਹੀ ਹੈ ਹਰ ਸੰਭਵ ਕੋਸ਼ਿਸ਼
ਟੋਰਾਂਟੋ, 22 ਜਨਵਰੀ (ਪੰਜਾਬ ਮੇਲ)- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਮਨੁੱਖੀ ਤਸਕਰੀ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਅਤੇ ਅਮਰੀਕਾ ਨਾਲ ਬਹੁਤ ਹੀ ਨੇੜਿਓਂ ਕੰਮ ਕਰ ਰਹੀ ਹੈ। ਉਨ੍ਹਾਂ ਦਾ ਇਹ ਬਿਆਨ ਅਮਰੀਕਾ ਨਾਲ ਲੱਗਦੀ ਕੈਨੇਡੀਅਨ ਸਰਹੱਦ ’ਤੇ ਕੜਾਕੇ ਦੀ ਠੰਢ ਕਾਰਨ 1 ਬੱਚੇ ਸਮੇਤ 4 ਭਾਰਤੀਆਂ ਦੀ ਮੌਤ ਤੋਂ ਇਕ ਦਿਨ ਬਾਅਦ ਆਇਆ ਹੈ। ਮਰਨ ਵਾਲੇ ਸਾਰੇ ਇਕ ਹੀ ਪਰਿਵਾਰ ਦੇ ਸਨ।
ਇਸ ਘਟਨਾ ਨੂੰ ‘ਦਿਲ ਦਹਿਲਾਉਣ ਵਾਲੀ’ ਤ੍ਰਾਸਦੀ ਕਰਾਰ ਦਿੰਦੇ ਹੋਏ, ਟਰੂਡੋ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੈਨੇਡੀਅਨ ਸਰਕਾਰ ਅਮਰੀਕੀ ਸਰਹੱਦ ਪਾਰੋਂ ਲੋਕਾਂ ਦੀ ਤਸਕਰੀ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਟਰੂਡੋ ਨੇ ਇਕ ਨਿਊਜ਼ ਕਾਨਫਰੰਸ ’ਚ ਕਿਹਾ, ‘ਇਹ ਪੂਰੀ ਤਰ੍ਹਾਂ ਨਾਲ ਦਿਲ ਦਹਿਲਾ ਦੇਣ ਵਾਲੀ ਕਹਾਣੀ ਹੈ। ਕਿਸੇ ਪਰਿਵਾਰ ਨੂੰ ਇਸ ਤਰ੍ਹਾਂ ਮਰਦੇ ਦੇਖਣਾ ਬੇਹੱਦ ਤ੍ਰਾਸਦੀ ਹੈ।’ ਉਨ੍ਹਾਂ ਕਿਹਾ, ‘ਇਹੀ ਕਾਰਨ ਹੈ ਕਿ ਅਸੀਂ ਲੋਕਾਂ ਨੂੰ ਅਨਿਯਮਿਤ ਜਾਂ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਜਾਣਦੇ ਹਾਂ ਕਿ ਅਜਿਹਾ ਕਰਨ ਵਿਚ ਵੱਡੇ ਖ਼ਤਰੇ ਹਨ।’
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡਾ ਤਸਕਰੀ ਨੂੰ ਰੋਕਣ ਅਤੇ ਲੋਕਾਂ ਨੂੰ ‘ਅਸਵੀਕਾਰਨਯੋਗ ਜ਼ੋਖ਼ਮ ਲੈਣ’ ਤੋਂ ਰੋਕਣ ਲਈ ਅਮਰੀਕਾ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਕੈਨੇਡੀਅਨ ਅਧਿਕਾਰੀਆਂ ਅਨੁਸਾਰ, ਇਹ ਘਟਨਾ ਅਸਾਧਾਰਨ ਸੀ ਕਿਉਂਕਿ ਗੈਰ-ਕਾਨੂੰਨੀ ਪ੍ਰਵਾਸੀ ਆਮ ਤੌਰ ’ਤੇ ਅਮਰੀਕਾ ਤੋਂ ਕੈਨੇਡਾ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਹਨ, ਨਾ ਕਿ ਇੱਥੋਂ ਉੱਥੇ ਜਾਣ ਦੀ। ਅਮਰੀਕੀ ਰਾਸ਼ਟਰਪਤੀ ਦੇ ਰੂਪ ਵਿਚ ਡੋਨਾਲਡ ਟਰੰਪ ਦੀ ਚੋਣ ਤੋਂ ਬਾਅਦ 2016 ’ਚ ਕੈਨੇਡਾ ਵਿਚ ਪੈਦਲ ਸਰਹੱਦ ਪਾਰ ਕਰਨ ਦੇ ਮਾਮਲਿਆਂ ’ਚ ਵਾਧਾ ਹੋਇਆ ਹੈ। ਮੈਨੀਟੋਬਾ ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ (ਆਰ.ਸੀ.ਐੱਮ.ਪੀ.) ਨੇ ਕਿਹਾ ਕਿ 4 ਲੋਕਾਂ ਦੀਆਂ ਲਾਸ਼ਾਂ- ਦੋ ਬਾਲਗ, ਇਕ ਕਿਸ਼ੋਰ ਅਤੇ ਇਕ ਬੱਚਾ – ਦੱਖਣੀ ਮੱਧ ਮੈਨੀਟੋਬਾ ਵਿਚ ਐਮਰਸਨ ਖੇਤਰ ਦੇ ਨੇੜੇ ਅਮਰੀਕਾ/ਕੈਨੇਡਾ ਸਰਹੱਦ ਦੇ ਕੈਨੇਡੀਅਨ ਪਾਸਿਓਂ ਮਿਲੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਪਰਿਵਾਰ ਗੁਜਰਾਤੀ ਸੀ ਅਤੇ ਅੱਤ ਦੀ ਠੰਢ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

Share