ਟਰੂਡੋ ਕੈਬਨਿਟ ਤੋਂ ਬਾਹਰ ਹੋਣਗੇ ਓਨਟਾਰੀਓ ਸੰਸਦ ਮੈਂਬਰ ਨਵਦੀਪ ਸਿੰਘ ਬੈਂਸ

479
Share

ਨਿਊਯਾਰਕ/ਓਨਟਾਰੀਓ, 13 ਜਨਵਰੀ (ਰਾਜ ਗੋਗਨਾ/ਪੰਜਾਬ ਮੇਲ)- ਆਉਂਦੇ ਦਿਨਾਂ ’ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੀਤੇ ਜਾ ਰਹੇ ਮੰਤਰੀ ਮੰਡਲ ਬਦਲਾਅ ’ਚ ਓਨਟਾਰੀਓ ਤੋਂ ਸੰਸਦ ਮੈਂਬਰ ਅਤੇ ਮੰਤਰੀ ਨਵਦੀਪ ਬੈਂਸ ਕੈਬਨਿਟ ਤੋਂ ਬਾਹਰ ਹੋਣਗੇ। ਇਸ ਦੇ ਨਾਲ ਹੀ ਇਹ ਵੀ ਖ਼ਬਰ ਹੈ ਕਿ ਉਹ ਅਗਲੀ ਚੋਣ ਵੀ ਨਹੀਂ ਲੜਨਗੇ।
ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਫ੍ਰਾਂਸੋਆਇਸ-ਫਿਲਿਪ ਸ਼ੈਂਪੇਨ ਨਵਦੀਪ ਬੈਂਸ ਦੀ ਜਗ੍ਹਾ ਲੈਣਗੇ ਅਤੇ ਟਰਾਂਸਪੋਰਟ ਮੰਤਰੀ ਮਾਰਕ ਗਾਰਨੇਉ ਵਿਦੇਸ਼ ਮਾਮਲਿਆਂ ਦਾ ਅਹੁਦਾ ਸੰਭਾਲਣਗੇ ਅਤੇ ਉਮਰ ਐਲਘਬਰਾ ਨੂੰ ਟਰਾਂਸਪੋਰਟ ਦਾ ਕਾਰਜਭਾਰ ਸੰਭਾਲਣ ਲਈ ਮੰਤਰੀ ਮੰਡਲ ’ਚ ਤਰੱਕੀ ਦਿੱਤੀ ਜਾਏਗੀ। ਨਵਦੀਪ ਬੈਂਸ ਦੇ ਕੈਬਨਿਟ ਛੱਡਣ ਅਤੇ ਚੋਣ ਨਾ ਲੜਣ ਪਿੱਛੇ ਕੀ ਕਾਰਨ ਹਨ, ਹਾਲੇ ਤੱਕ ਸਪੱਸ਼ਟ ਨਹੀਂ ਹਨ, ਜਦੋਂ ਕਿ ਨਵਦੀਪ ਬੈਂਸ ਨੂੰ ਜਸਟਿਨ ਟਰੂਡੋ ਤੋਂ ਬਾਅਦ ਕੈਬਨਿਟ ’ਚ ਕਾਫੀ ਤਾਕਤਵਰ ਆਗੂ ਸਮਝਿਆ ਜਾਂਦਾ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਸਿੱਖ ਭਾਈਚਾਰੇ ’ਚ ਨਵਦੀਪ ਬੈਂਸ ਕਾਫੀ ਤਾਕਤਵਰ ਆਗੂ ਸਮਝੇ ਜਾਂਦੇ ਰਹੇ ਹਨ। ਉਨ੍ਹਾਂ ਦਾ ਇਸ ਤਰ੍ਹਾਂ ਕੈਬਨਿਟ ਤੋਂ ਬਾਹਰ ਹੋਣਾ ਤੇ ਚੋਣ ਨਾ ਲੜਨ ਦੀ ਗੱਲ ਬਹੁਤ ਸਾਰੇ ਸਵਾਲਾਂ ਵੱਲ ਇਸ਼ਾਰਾ ਕਰ ਰਹੀ ਹੈ। ਬੈਂਸ ਫਿਲਹਾਲ ਮਿਸੀਸਾਗਾ ਦੇ ਸ਼ਹਿਰ ਮਾਲਟਨ ਤੋਂ ਐੱਮ.ਪੀ. ਬਣੇ ਰਹਿਣਗੇ। ਉਹ 2015 ਤੋਂ ਮਾਲਟਨ ਤੋਂ ਐੱਮ.ਪੀ. ਹਨ। ਇਸ ਤੋਂ ਪਹਿਲਾਂ ਉਹ ਬਰੈਂਪਟਨ ਸਾਊਥ ਤੋਂ 2004 ਤੋਂ 2011 ਵਿਚਕਾਰ ਸੰਸਦ ਮੈਂਬਰ ਰਹਿ ਚੁੱਕੇ ਹਨ। ਟਰੂਡੋ ਦੀ ਸਰਕਾਰ ਵਿਚ ਨਵਦੀਪ ਬੈਂਸ ਨਵੀਨਤਾ, ਵਿਗਿਆਨ ਅਤੇ ਉਦਯੋਗ ਮੰਤਰੀ ਵਜੋਂ ਸੇਵਾ ਨਿਭਾਅ ਰਹੇ ਸਨ। ਨਵਦੀਪ ਸਿੰਘ ਬੈਂਸ ਰਾਜਨੀਤੀ ’ਚ ਉਤਰਨ ਤੋਂ ਪਹਿਲਾਂ ਰਾਈਰਸਨ ਯੂਨੀਵਰਸਿਟੀ ਦੇ ਟੈੱਡ ਰੋਜਰਸ ਸਕੂਲ ਵਿਚ ਇਕ ਵਿਜ਼ਟਿੰਗ ਪ੍ਰੋਫੈਸਰ ਸਨ ਅਤੇ ਫੋਰਡ ਮੋਟਰ ਕੰਪਨੀ ਵਿਚ ਵੀ ਕਈ ਸਾਲ ਲੇਖਾ ਤੇ ਵਿੱਤੀ ਵਿਸ਼ਲੇਸ਼ਣ ਦਾ ਕੰਮ ਕਰ ਚੁੱਕੇ ਹਨ।


Share