ਝਾਰਖੰਡ ਹਾਈ ਕੋਰਟ ਵੱਲੋਂ ਚਾਰਾ ਘੁਟਾਲਾ ਕੇਸ ‘ਚ ਲਾਲੂ ਪ੍ਰਸਾਦ ਯਾਦਵ ਨੂੰ ਜ਼ਮਾਨਤ

616

-ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਹਾਲੇ ਰਹਿਣਗੇ ਜੇਲ੍ਹ ‘ਚ!
ਰਾਂਚੀ, 10 ਅਕਤੂਬਰ (ਪੰਜਾਬ ਮੇਲ)- ਝਾਰਖੰਡ ਹਾਈ ਕੋਰਟ ਨੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਚਾਇਬਾਸਾ ਖ਼ਜ਼ਾਨੇ ਨਾਲ ਜੁੜੇ ਚਾਰਾ ਘੁਟਾਲਾ ਕੇਸ ‘ਚ ਜ਼ਮਾਨਤ ਦੇ ਦਿੱਤੀ ਹੈ। ਮਾਮਲਾ ਅਣਵੰਡੇ ਬਿਹਾਰ ਦੇ ਚਾਇਬਾਸਾ ਸਰਕਾਰੀ ਖ਼ਜ਼ਾਨੇ ਵਿਚੋਂ 33.67 ਕਰੋੜ ਰੁਪਏ ਕਢਵਾਉਣ ਦਾ ਹੈ। ਉਸ ਵੇਲੇ ਲਾਲੂ ਮੁੱਖ ਮੰਤਰੀ ਸਨ। ਹਾਲਾਂਕਿ ਰਾਸ਼ਟਰੀ ਜਨਤਾ ਦਲ ਮੁਖੀ ਨੂੰ ਹਾਲੇ ਜੇਲ੍ਹ ਵਿਚ ਹੀ ਰਹਿਣਾ ਪਵੇਗਾ ਕਿਉਂਕਿ ਦੁਮਕਾ ਖ਼ਜ਼ਾਨੇ ਦੇ ਇਕ ਹੋਰ ਕੇਸ ਵਿਚ ਉਹ ਸਜ਼ਾ ਭੁਗਤ ਰਹੇ ਹਨ। ਹਾਈ ਕੋਰਟ ਨੇ ਪ੍ਰਸਾਦ ਨੂੰ 50-50 ਹਜ਼ਾਰ ਰੁਪਏ ਦੇ ਦੋ ਨਿੱਜੀ ਮੁਚੱਲਕੇ ਭਰਨ ਲਈ ਕਿਹਾ ਹੈ। ਲਾਲੂ ‘ਤੇ ਦੋ ਲੱਖ ਰੁਪਏ ਦਾ ਜੁਰਮਾਨਾ ਵੀ ਪਾਇਆ ਗਿਆ ਹੈ ਜੋ ਕਿ ਵਿਸ਼ੇਸ਼ ਸੀਬੀਆਈ ਅਦਾਲਤ ਨੂੰ ਭਰਿਆ ਜਾਵੇਗਾ। ਹਾਈ ਕੋਰਟ ਨੇ ਲਾਲੂ ਦੀ ਮੈਡੀਕਲ ਰਿਪੋਰਟ ਮੰਗੀ ਹੈ। ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਬਾਰੇ ਵੀ ਜਾਣਕਾਰੀ ਮੰਗੀ ਗਈ ਹੈ ਜੋ ਰਾਂਚੀ ਦੇ ਹਸਪਤਾਲ ਵਿਚ ਇਲਾਜ ਦੌਰਾਨ ਲਾਲੂ ਪ੍ਰਸਾਦ ਨੂੰ ਮਿਲੇ ਸਨ। ਜ਼ਿਕਰਯੋਗ ਹੈ ਕਿ ਲਾਲੂ ਦਾ ਰਾਜੇਂਦਰਾ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਵਿਚ ਇਲਾਜ ਚੱਲ ਰਿਹਾ ਸੀ। ਇਸ ਤੋਂ ਪਹਿਲਾਂ ਲਾਲੂ ਨੂੰ ਦਿਓਘਰ ਕੇਸ ਵਿਚ ਵੀ ਜ਼ਮਾਨਤ ਮਿਲ ਚੁੱਕੀ ਹੈ।