ਜੱਗੀ ਜੌਹਲ ਦੀ ਭਾਰਤੀ ਜੇਲ੍ਹ ਤੋਂ ਰਿਹਾਈ ਤੇ ਯੂ.ਕੇ. ਵਾਪਸੀ ਲਈ ਸੰਸਦ ਮੈਂਬਰ ਕਰ ਰਹੇ ਲਾਮਬੰਦੀ

173
Share

ਲੰਡਨ, 3 ਮਾਰਚ (ਪੰਜਾਬ ਮੇਲ)- ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਉਰਫ਼ ਜੱਗੀ ਜੌਹਲ ਦੀ ਭਾਰਤੀ ਜੇਲ੍ਹ ਤੋਂ ਰਿਹਾਈ ਅਤੇ ਉਸ ਦੀ ਯੂ.ਕੇ. ਵਾਪਸੀ ਲਈ ਸਖ਼ਤ ਕਦਮ ਚੁੱਕਣ ਲਈ ਬੌਰਿਸ ਜੌਨਸਨ ਦੀ ਸਰਕਾਰ ’ਤੇ ਦਬਾਅ ਵਧ ਰਿਹਾ ਹੈ। ਜਗਤਾਰ ਸਿੰਘ ਦੀ ਰਿਹਾਈ ਲਈ ਯੂ.ਕੇ. ਦੇ ਐੱਮ.ਪੀ. ਮਾਰਟਿਨ ਡੌਕੇਟੀ ਹਿਊਜ਼ ਦੀ ਅਗਵਾਈ ’ਚ 140 ਸੰਸਦ ਮੈਂਬਰਾਂ ਦੇ ਦਸਤਖ਼ਤਾਂ ਵਾਲੀ ਚਿੱਠੀ ਵਿਦੇਸ਼ ਮੰਤਰੀ ਡੋਮੀਨਿਕ ਰਾਬ ਨੂੰ ਸੌਂਪੀ ਗਈ ਹੈ। ਵਿਦੇਸ਼ ਸਕੱਤਰ ਡੋਮੀਨਿਕ ਰਾਅਬ ਨੂੰ ਭੇਜੀ ਚਿੱਠੀ ’ਚ ਮਾਰਟਿਨ ਨੇ ਲਿਖਿਆ, ‘‘ਸਾਨੂੰ ਪਤਾ ਲੱਗਿਆ ਹੈ ਕਿ ਜੋ ਇਲਜ਼ਾਮ ਜਗਤਾਰ ਸਿੰਘ ਜੌਹਲ ’ਤੇ ਲਗਾਏ ਗਏ ਹਨ, ਉਸ ਨਾਲ ਉਸ ਨੂੰ ਮੌਤ ਦੀ ਸਜ਼ਾ ਵੀ ਦਿੱਤੀ ਜਾ ਸਕਦੀ ਹੈ।’’ ਉਨ੍ਹਾਂ ਕਿਹਾ, ‘‘ਜਦੋਂ ਇੱਕ ਬ੍ਰਿਟਿਸ਼ ਨਾਗਰਿਕ ਨੂੰ ਜ਼ਬਰਦਸਤੀ ਨਜ਼ਰਬੰਦ ਕੀਤਾ
ਜਾਂਦਾ ਹੈ, ਉਸ ’ਤੇ ਤਸ਼ੱਦਦ ਢਾਹੇ ਜਾਂਦੇ ਹਨ ਅਤੇ ਮੌਤ ਦੀ ਸਜ਼ਾ ਵੀ ਸੁਣਾਈ ਜਾ ਸਕਦੀ ਹੈ, ਅਜਿਹੀ ਸਥਿਤੀ ’ਚ ਬ੍ਰਿਟਿਸ਼ ਸਰਕਾਰ ਨੂੰ ਇਸ ਖ਼ਿਲਾਫ਼ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।’’ ਜਗਤਾਰ ਸਿੰਘ ਜੌਹਲ ਅਕਤੂਬਰ 2017 ’ਚ ਆਪਣੇ ਵਿਆਹ ਵਾਸਤੇ ਭਾਰਤ ਆਏ ਸਨ। ਪਰ 15 ਦਿਨਾਂ ਬਾਅਦ, ਜਦੋਂ ਜੌਹਲ ਪੰਜਾਬ ਵਿਚ ਆਪਣੀ ਪਤਨੀ ਨਾਲ ਖਰੀਦਦਾਰੀ ਕਰ ਰਹੇ ਸਨ, ਪੁਲਿਸ ਦੁਆਰਾ ਫ਼ੜ ਲਏ ਗਏ ਅਤੇ ਉਸ ਦੇ ਬਾਅਦ ਤੋਂ ਨਜ਼ਰਬੰਦ ਹਨ। ਉਨ੍ਹਾਂ ਦਾ ਭਰਾ ਗੁਰਪ੍ਰੀਤ ਜੋ ਸਕਾਟਲੈਂਡ ਵਾਸੀ ਹੈ, ਨੇ ਦੱਸਿਆ, ਜੌਹਲ ਇੱਕ ਸ਼ਾਂਤਮਈ ਕਾਰਕੁਨ ਸੀ ਅਤੇ ਮੰਨਦੇ ਹਨ ਕਿ ਉਨ੍ਹਾਂ ਨੂੰ ਭਾਰਤ ਵਿਚ ਸਿੱਖਾਂ ਖ਼ਿਲਾਫ਼ ਹੋਈ ਇਤਿਹਾਸਕ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਲਿਖਣ ਕਾਰਨ ਗ੍ਰਿਫ਼ਤਾਰ ਕੀਤਾ ਗਿਆ।
ਇਕ ਪੱਤਰਕਾਰ ਨੇ ਉਨ੍ਹਾਂ ਬਾਰੇ ਕੁਝ ਹਫ਼ਤੇ ਪਹਿਲਾਂ ਇੱਕ ਰਿਪੋਰਟ ਕੀਤੀ, ਜਿਸ ਵਿਚ ਜੱਗੀ ਜੌਹਲ ਨੇ ਇੱਕ ਕੋਰੇ ਕਾਗਜ਼ ’ਤੇ ਦਸਤਖ਼ਤ ਕਰਨ ਲਈ ਅਣਮਨੁੱਖੀ ਤਸੀਹੇ ਦਿੱਤੇ ਜਾਣ ਅਤੇ ਇੱਕ ਵੀਡੀਓ ਰਿਕਾਰਡ ਕਰਨ ਲਈ ਦਬਾਅ ਪਾਏ ਜਾਣ ਬਾਰੇ ਦੱਸਿਆ। ਸਕਾਟਲੈਂਡ ਦੇ ਰਹਿਣ ਵਾਲੇ ਜਗਤਾਰ ਸਿੰਘ ਜੌਹਲ ਅਪਰਾਧ ਸਾਬਤ ਹੋਏ ਬਿਨਾਂ ਹੀ ਤਿੰਨ ਸਾਲਾਂ ਤੋਂ ਭਾਰਤੀ ਜੇਲ੍ਹ ’ਚ ਬੰਦ ਹਨ। ਡੰਬਰਟਨ ਵਾਸੀ ਜਗਤਾਰ ਸਿੰਘ ਜੌਹਲ ਨੂੰ ਭਾਰਤ ਦੇ ਅੱਤਵਾਦ ਵਿਰੋਧੀ ਕਾਨੂੰਨਾਂ ਤਹਿਤ ਹਿਰਾਸਤ ਵਿਚ ਰੱਖਿਆ ਗਿਆ ਹੈ, ਉਨ੍ਹਾਂ ’ਤੇ ਸੱਜੇ ਪੱਖੀ ਹਿੰਦੂ ਆਗੂਆਂ ਦੇ ਕਤਲ ਦੀ ਸਾਜ਼ਿਸ਼ ਘੜਨ ਦਾ ਇਲਜ਼ਾਮ ਹੈ। ਅਦਾਲਤੀ ਦਸਤਾਵੇਜ਼ ਵਿਚ ਇਲਜ਼ਾਮ ਹੈ ਕਿ ਉਨ੍ਹਾਂ ਨੇ ਇਸ ਅਪਰਾਧ ਨੂੰ ਅੰਜਾਮ ਦੇਣ ਲਈ ਪੈਸਿਆਂ ਦੀ ਮਦਦ ਕੀਤੀ ਅਤੇ ਮੰਨਿਆ ਕਿ ਉਹ ‘ਦਹਿਸ਼ਤਗਰਦੀ ਗਿਹੋਰ’ ਦੇ ਮੈਂਬਰ ਸਨ। ਜੌਹਲ ਨੇ ਆਪਣੇ ਵਕੀਲ ਜ਼ਰੀਏ ਦੱਸਿਆ ਸੀ ਕਿ ਉਨ੍ਹਾਂ ਨੂੰ ‘ਝੂਠਾ ਫ਼ਸਾਇਆ ਜਾ ਰਿਹਾ ਹੈ।’


Share